ਫਰੀਦਕੋਟ: ਆਪਣੀਆਂ ਮੰਗਾਂ ਨੂੰ ਲੈਕੇ ਪਿਛਲੇ 70 ਦਿਨਾਂ ਤੋਂ ਵਿਧਾਨਸਭਾ ਸਪੀਕਰ ਦੇ ਘਰ ਦੇ ਬਾਹਰ ਧਰਨੇ ’ਤੇ ਬੈਠੇ ਮੀਟਰ ਰੀਡਰਾਂ ਦੀਆਂ ਮੁਸ਼ਕਿਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਜੋ ਪਹਿਲਾਂ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਸਨ ਤੇ ਹੁਣ ਕੁਦਰਤ ਦਾ ਕਹਿਰ ਝੱਲਣ ਲਈ ਮਜ਼ਬੂਰ ਹੋਏ ਹਨ। ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਮੀਂਹ ਅਤੇ ਤੇਜ਼ ਝੱਖੜ ਕਾਰਨ ਧਰਨਾਕਾਰੀਆ ਦਾ ਟੈਂਟ ਪਾਣੀ ਅਤੇ ਚਿੱਕੜ ਨਾਲ ਭਰ ਗਿਆ। ਇੱਥੋਂ ਤੱਕ ਕੇ ਉਨ੍ਹਾਂ ਦੇ ਖਾਣ ਪੀਣ ਦਾ ਸਮਾਨ ਅਤੇ ਬਿਸਤਰੇ ਗੱਦੇ ਵਗੈਰਾ ਬੁਰੀ ਤਰਾਂ ਖਰਾਬ ਹੋ ਗਏ।
ਇਸ ਮੌਕੇ ਮੀਟਰ ਰੀਡਰ ਮੁਲਾਜ਼ਮ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਪਿਛਲੇ 70 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਵਿਧਾਨਸਭਾ ਸਪੀਕਰ ਕੁਲਤਾਰ ਸੰਧਵਾ ਦੀ ਰਿਹਾਇਸ਼ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ ਪਰ ਸਾਡੀ ਅੱਜ ਤਕ ਸਾਡੀ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਸੀਂ ਭੁੱਖ ਹੜਤਾਲ ਵੀ ਕੀਤੀ ਅਤੇ ਸਾਡੇ ਕਈ ਮੁਲਾਜ਼ਮਾਂ ਦੀ ਧਰਨੇ ਦੌਰਾਨ ਸਿਹਤ ਵੀ ਵਿਗੜੀ ਅਤੇ ਹੁਣ ਮੀਂਹ ਕਾਰਨ ਸਾਡੇ ਧਰਨੇ ਵਾਲੀ ਜਗ੍ਹਾ ’ਤੇ ਪਾਣੀ ਹੀ ਪਾਣੀ ਅਤੇ ਗਾਰਾ ਭਰ ਚੁੱਕਾ ਹੈ ਜਿਸ ਨਾਲ ਇੱਥੇ ਹੁਣ ਬੈਠਣਾ ਵੀ ਮੁਸ਼ਕਿਲ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਮੁੱਖਮੰਤਰੀ ਭਗਵੰਤ ਮਾਨ ਕਹਿੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਪਰ ਪਿਛਲੇ 70 ਦਿਨਾਂ ਤੋਂ ਸਾਡੀ ਕਦੀ ਸੁਣਵਾਈ ਨਹੀਂ ਹੋਈ ਜਦਕਿ ਚੋਣਾਂ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਪਰ ਹੁਣ ਕੋਈ ਬਾਂਹ ਨਹੀਂ ਫੜ ਰਿਹਾ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਠੇਕੇਦਾਰਾਂ ਦੇ ਚੱਕਰ ’ਚੋਂ ਕੱਢ ਕੇ ਮਹਿਕਮੇ ਅਧੀਨ ਬਿਲਿੰਗ ਕਰਵਾਈ ਜਾਵੇ ਕਿਉਂਕਿ ਠੇਕੇਦਾਰਾਂ ਵੱਲੋਂ ਗਰੀਬ ਮੁਲਾਜ਼ਮਾਂ ਦਾ ਆਰਥਿਕ ਸੋਸ਼ਣ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗ੍ਰਿਫ਼ਤਾਰ ਸੰਜੇ ਪੋਪਲੀ ਦਾ 4 ਦਿਨ ਦਾ ਮਿਲਿਆ ਰਿਮਾਂਡ