ਫਰੀਦਕੋਟ: ਕੋਰੋਨਾ ਵਾਇਰਸ ਜਿਥੇ ਪੂਰੇ ਭਾਰਤ 'ਚ ਪੈਰ ਪਸਾਰਦਾ ਜਾ ਰਿਹਾ ਹੈ, ਉਥੇ ਹੀ ਫ਼ਰੀਦਕੋਟੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦੇ ਚਲਦੇ ਬੀਤੇ ਕਰੀਬ 15 ਦਿਨਾਂ ਤੋਂ ਇਕਾਂਤਵਾਸ ਵਿੱਚ ਰੱਖੇ ਗਏ 167 ਮਜ਼ਦੂਰਾਂ ਨੂੰ ਸ਼ੁੱਕਰਵਾਰ ਰਾਤ ਆਪੋ ਆਪਣੇ ਘਰ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੇ ਮਰੀਜ਼ਾ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਕਾਂਤਵਾਸ ਤੋਂ ਛੁੱਟੀ ਦਿੱਤੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ, ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਰਾਜਸਥਾਨ ਤੋਂ ਕੰਮ ਕਰ ਕੇ ਪਰਤੇ 170 ਮਜ਼ਦੂਰਾਂ ਨੂੰ ਫ਼ਰੀਦਕੋਟ ਦੇ ਇੱਕ ਨਿੱਜੀ ਸਕੂਲ ਵਿੱਚ ਇਕਾਂਤਵਾਸ ਕੀਤਾ ਗਿਆ ਸੀ। ਇਨ੍ਹਾਂ 'ਚੋਂ 3 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ ਜਿੰਨ੍ਹਾਂ ਦਾ ਜੀਜੀਐੱਸ ਮੈਡੀਕਲ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਕੀ 167 ਮਰੀਜਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਸਨ ਜਿਨ੍ਹਾਂ ਨੂੰ 15 ਦਿਨਾਂ ਦੇ ਇਕਾਂਤਵਾਸ ਤੋਂ ਬਾਆਦ ਘਰ ਭੇਜਿਆ ਜਾ ਰਿਹਾ ਹੈ।