ਫ਼ਰੀਦਕੋਟ: ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਵਿਆਹ ਸਮਾਗਮਾਂ ਤੇ ਹੋਰ ਪ੍ਰਕਾਰ ਦੇ ਪ੍ਰੋਗਰਾਮਾਂ ਵਿੱਚ ਇੱਕਠ ਕਰਨ 'ਤੇ ਪਬੰਦੀ ਲਗਾਈ ਹੋਈ ਹੈ। ਇਸ ਪਬੰਧੀ ਦੀ ਪ੍ਰਵਾਹ ਕੀਤੇ ਬਗੈਰ ਫ਼ਰੀਦਕੋਟ ਦੇ ਅਮਰ ਪੈਲੇਸ ਵਿੱਚ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਸੀ, ਉੱਥੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਇਸ ਸਮਾਗਮ ਵਿੱਚੋਂ ਲੋਕਾਂ ਨੂੰ ਬਾਹਰ ਕੱਡ ਦਿੱਤਾ। ਪੁਲਿਸ ਨੇ ਇਸ ਅਮਰ ਪੈਲੇਸ ਦੇ ਪ੍ਰਬੰਧਕਾਂ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਹੈ।
ਥਾਣਾ ਸ਼ਹਿਰੀ ਦੇ ਮੁੱਖੀ ਰਾਜੇਸ਼ ਕੁਮਾਰ ਨੇ ਸੂਚਨਾ ਦੇ ਅਧਾਰ 'ਤੇ ਪੈਲੇਸ 'ਤੇ ਛਾਪਾ ਮਾਰਿਆ ਤਾਂ ਉੱਥੇ ਵਿਆਹ ਸਮਾਗਮ ਚੱਲ ਰਿਹਾ ਸੀ। ਸਮਾਗਮ ਵਿੱਚ ਪਰਿਵਾਰ ਵਿਆਹ ਦੀਆਂ ਰਸਮਾਂ ਨੂੰ ਅਦਾ ਕਰ ਰਿਹਾ ਸੀ। ਪੁਲਿਸ ਨੁੇ ਮੌਕੇ 'ਤੇ ਪਹੁੰਚ ਕੇ ਵਿਆਹ ਸਮਾਗਮ ਵਿੱਚੋਂ ਵਾਧੂ ਲੋਕਾਂ ਨੂੰ ਬਾਹਰ ਜਾਣ ਲਈ ਆਖ ਦਿੱਤਾ। ਜਿਸ 'ਤੇ ਅਮਲ ਕਰਦੇ ਹੋਏ ਲੋਕ ਪੈਲੇਸ 'ਚੋਂ ਬਾਹਰ ਚਲੇ ਗਏ।
ਇਸੇ ਦੌਰਾਨ ਥਾਣੇਦਾਰ ਰਾਕੇਸ਼ ਕੁਮਾਰ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਦੇਣ ਦੀ ਵੀ ਗੱਲ ਕਰਦੇ ਹੋਏ ਦਿਖਾਈ ਦਿੱਤੇ। ਇਸ ਬਾਰੇ ਪੈਲੇਸ ਦੇ ਪ੍ਰਬੰਧਕ ਨੇ ਕਿਹਾ ਕਿ ਉਨ੍ਹਾਂ ਨੇ ਪਰਿਵਾਰ ਤੋਂ ਲਿਖਤੀ ਰੂਪ ਵਿੱਚ ਲਿਆ ਸੀ ਕਿ 20 ਤੋਂ ਵੱਧ ਵਿਅਕਤੀ ਇੱਕਠੇ ਨਹੀਂ ਹੋਣਗੇ। ਜਿਸ 'ਤੇ ਕੁਝ ਹੱਦ ਤੱਕ ਅਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਬਾਹਰ ਜਾਣ ਲਈ ਆਖ ਦਿੱਤਾ ਹੈ।
ਇਸ ਸਾਰੇ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸਾਰੇ ਹੀ ਅਦਾਰਿਆਂ ਨੂੰ ਮਨਾਹੀ ਦੇ ਹੁਕਮਾਂ ਬਾਰੇ ਜਾਣੂ ਕਰਵਾਇਆ ਗਿਆ ਹੈ। ਜੇਕਰ ਫਿਰ ਵੀ ਕੁਝ ਲੋਕ ਨਹੀਂ ਹੱਟ ਰਹੇ ਤਾਂ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰ ਪੈਲੇਸ ਦੇ ਪ੍ਰਬੰਧਕਾਂ 'ਤੇ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।