ਫਰੀਦਕੋਟ: ਫਰੀਦਕੋਟ ਜ਼ਿਲ੍ਹੇ ਦੇ ਕਸਬਾ ਬਰਗਾੜੀ ਦੀ ਭਾਰਤੀ ਸਟੇਟ ਬੈਂਕ ਦੀ ਮਹਿਲਾ ਕਰਮਚਾਰੀ ਵੱਲੋਂ ਬੈਂਕ ਦੇ ਗ੍ਰਾਹਕਾਂ ਨਾਲ ਵੱਡੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਬੈਂਕ ਦੀ ਮਹਿਲਾ ਕਲਰਕ ਖਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਬੈਂਕ ਦੀ ਮਹਿਲਾ ਕਰਮਚਾਰੀ ਨੂੰ ਨੌਕਰੀ ਤੋਂ ਮੁਅੱਤਲ ਵੀ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਥਾਣਾ ਬਾਜਾਖਾਨਾਂ ਅਧੀਨ ਪੈਂਦੀ ਚੌਕੀ ਬਰਗਾੜੀ ਦੇ ਇੰਚਾਰਜ ਐੱਸਆਈ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਨੂੰ ਭਾਰਤੀ ਸਟੇਟ ਬੈਂਕ ਬ੍ਰਾਂਚ ਬਰਗਾੜੀ ਦੀ ਮੈਨੇਜਰ ਅਦਿੱਤੀ ਸਿੰਗਲਾ ਵਲੋਂ ਇੱਕ ਲਿਖਤੀ ਸ਼ਕਾਇਤ ਦਿੱਤੀ ਸੀ ਕਿ ਬੈਂਕ 'ਚ ਤੈਨਾਤ ਐਸੋਸੀਏਟ ਕਲਰਕ ਵੱਲੋਂ ਬੈਂਕ ਦੇ ਕੁਝ ਗ੍ਰਾਹਕਾਂ ਦੇ ਖਾਤਿਆ 'ਚ ਡਬਲ ਐਂਟਰੀਆਂ ਕਰਕੇ ਲੱਖਾਂ ਰੁਪਏ ਦਾ ਗਬਨ ਕੀਤਾ ਹੈ ਅਤੇ ਬੈਂਕ ਦੀ ਸ਼ਾਖ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਜਿਸ ਦੀ ਜਾਂਚ ਐੱਸਪੀ ਇਨਵੈਸਟੀਗੇਸ਼ਨ ਵੱਲੋਂ ਕੀਤੀ ਗਈ ਅਤੇ ਤਫਤੀਸ਼ ਦੌਰਾਨ ਦੋਸ਼ ਸਾਬਤ ਹੋਣ 'ਤੇ ਬੈਂਕ ਦੀ ਮਹਿਲਾ ਕਲਰਕ ਖਿਲਾਫ਼ ਥਾਣਾ ਬਾਜਾਖਾਨਾਂ ਵਿਖੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਰਖਾਸਤ ਦੇਣ ਵਾਲੀ ਬੈਂਕ ਦੀ ਮੈਨੇਜਰ ਮੈਡਮ ਅਦਿੱਤੀ ਸਿੰਗਲਾ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੈਮਰੇ ਸਾਹਮਣੇ ਬੋਲਣ ਤੋਂ ਇਹ ਕਹਿ ਕਿ ਇਨਕਾਰ ਦਿੱਤਾ ਕਿ ਉਹ ਛੁੱਟੀ 'ਤੇ ਹਨ ਅਤੇ ਨਾਲ ਹੀ ਉਹ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਪ੍ਰਵਾਨਗੀ ਲਏ ਬਿਨਾਂ ਕੁਝ ਵੀ ਨਹੀ ਬੋਲ ਸਕਦੇ। ਉਨ੍ਹਾਂ ਫੋਨ 'ਤੇ ਸ਼ਪੱਸਟ ਕੀਤਾ ਕਿ ਇਹ ਜੋ ਬੈਂਕ ਮਹਿਲਾ ਕਰਮਚਾਰੀ ਵੱਲੋਂ ਗ੍ਰਾਹਕਾਂ ਨਾਲ ਕਥਿਤ ਧੋਖਾ ਧੜੀ ਕੀਤੀ ਗਈ ਹੈ, ਇਹ ਉਹਨਾ ਦੀ ਪੋਸਟਿੰਗ ਤੋਂ ਪਹਿਲਾਂ ਦੀ ਸੀ। ਉਸ ਵਲੋਂ ਸੀਨੀਅਰ ਅਧਿਕਾਰੀਆਂ ਦੀਆ ਹਦਾਇਤਾਂ ਅਨੁਸਾਰ ਇਸ ਦੀ ਜਾਂਚ ਲਈ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਦਰਖਾਸਤ ਦਿੱਤੀ ਸੀ।