ਫ਼ਰੀਦਕੋਟ: ਹਰਿੰਦਰਾ ਨਗਰ ਦੇ ਵਸਨੀਕ ਅਤੇ ਜ਼ਿਲ੍ਹੇ ਦੇ ਪਹਿਲੇ ਕੋਰੋਨਾ ਪੌਜ਼ੀਟਿਵ ਮਰੀਜ਼ ਦੇ ਘਰ ਅੱਜ ਦੂਹਰੀਆਂ ਖੁਸ਼ੀਆਂ ਆਈਆਂ ਹਨ। ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖ਼ਲ ਉਕਤ ਮਰੀਜ਼ ਦੇ ਇਲਾਜ ਮਗਰੋਂ ਲਏ ਗਏ ਪਹਿਲੇ ਸੈਂਪਲ ਜਾਂਚ ਲਈ ਅੰਮਿਤਸਰ ਵਿਖੇ ਭੇਜੇ ਗਏ ਸਨ ਅਤੇ ਬੀਤੀ ਸ਼ਾਮ ਉਨ੍ਹਾਂ ਦੀ ਰਿਪੋਰਟ ਵੀ ਨੈਗਟਿਵ ਪ੍ਰਾਪਤ ਹੋਈ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਸ਼ਿਕਾਰ ਹੋਏ ਇਸ ਮਰੀਜ਼ ਦੀ ਪਤਨੀ ਨੇ ਬੱਚੇ ਨੂੰ ਜਨਮ ਦਿੱਤਾ ਹੈ।
ਬੀਤੀ ਰਾਤ ਹੀ ਇੱਥੋਂ ਦੇ ਡਾਕਟਰਾਂ ਦੀ ਟੀਮ ਵੱਲੋਂ ਸਿਵਲ ਹਸਪਤਾਲ ਵਿਖੇ ਇਸ ਪਹਿਲੇ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪਤਨੀ ਜੋ ਕਿ ਗਰਭਵਤੀ ਸੀ ਅਤੇ ਉਸ ਦੀ ਕਰੋਨਾ ਰਿਪੋਰਟ ਵੀ ਨੈਗਟਿਵ ਆਈ ਸੀ ਦੀ ਡਿਲੀਵਰੀ ਪੂਰੀ ਸਫ਼ਲਤਾ ਨਾਲ ਕੀਤੀ ਗਈ ਅਤੇ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ। ਫ਼ਰੀਦਕੋਟ ਦੇ ਐਸ. ਐਮ .ਓ ਡਾ. ਚੰਦਰ ਸ਼ੇਖਰ ਨੇ ਦੱਸਿਆ ਕਿ ਜੱਚਾ ਤੇ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਮੈਡੀਕਲ ਸਟਾਫ ਵੱਲੋਂ ਉਨ੍ਹਾਂ ਨੂੰ ਆਪਣੀ ਨਿਗਰਾਨੀ ਅਤੇ ਦੇਖਰੇਖ ਅਧੀਨ ਰੱਖਿਆ ਗਿਆ ਹੈ।
ਸਿਵਲ ਸਰਜਨ ਡਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਮਰੀਜ਼ ਦੀ ਅਗਲੀ ਜਾਂਚ ਰਿਪੋਰਟ ਕੁਝ ਦਿਨ ਬਾਅਦ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਜ਼ਿਲ੍ਹੇ ਦੇ ਤਿੰਨੇ ਕਰੋਨਾ ਪੌਜ਼ੀਟਿਵ ਮਰੀਜ਼ ਪੂਰੀ ਤਰ੍ਹਾਂ ਠੀਕ ਠਾਕ ਅਤੇ ਤੰਦਰੁਸਤ ਹਨ ਤੇ ਉਨ੍ਹਾਂ ਦੇ ਇਲਾਜ ਦੌਰਾਨ ਹਾਲਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ।