ਫ਼ਰੀਦਕੋਟ: ਜੈਤੋ ਵਿੱਚ ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਨ੍ਹਾਂ ਨੂੰ ਪੁਲਿਸ ਦਾ ਵੀ ਕੋਈ ਖੋਫ ਨਹੀਂ ਹੈ। ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜੈਤੋ ਤੋਂ, ਜਿੱਥੇ ਜੈਤੋ-ਮੁਕਤਸਰ ਰੋਡ 'ਤੇ ਦਿਨ ਦਿਹਾੜੇ ਤਿੰਨ ਬਾਈਕ ਸਵਾਰ ਲੁਟੇਰਿਆਂ ਵੱਲੋਂ ਮੈਡੀਕਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਤੋਂ ਮੋਬਾਇਲ ਅਤੇ ਲੈਪਟਾਪ ਲੈਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਇਸ ਮੌਕੇ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਹ ਘਰ ਰੋਟੀ ਖਾਣ ਗਿਆ ਹੋਇਆ ਸੀ ਦੁਕਾਨ 'ਤੇ ਉਸ ਦਾ ਬੱਚਾ ਬੈਠ ਕੇ ਲੈਪਟਾਪ ਚਲਾ ਰਿਹਾ ਸੀ। ਅਚਾਨਕ ਦੋ ਨੌਜਵਾਨ ਪਾਣੀ ਪੀਣ ਦੇ ਬਹਾਨੇ ਆਏ ਤਾਂ ਤੀਜਾ ਨੌਜਵਾਨ ਵੀ ਅੰਦਰ ਵੜ ਗਿਆ ਤੇ ਲੱਕੜ ਦੇ ਸੋਟੇ ਦਿਖਾ ਕੇ ਗੱਲੇ ਵਿਚੋਂ ਕੁੱਝ ਪੈਸੇ, ਲੈਪਟਾਪ ਅਤੇ ਮੋਬਾਈਲ ਲੈਕੇ ਫ਼ਰਾਰ ਹੋ ਗਏ।
ਇਸ ਮੌਕੇ ਸ਼ਹਿਰ ਵਾਸੀਆਂ ਨੇ ਪੁਲਿਸ 'ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਆਏ ਦਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਚੋਰਾਂ ਅਤੇ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ। ਪਰ, ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਨੂੰ ਲੈਕੇ ਮੰਗਲਵਾਰ ਨੂੰ ਧਰਨਾ ਲਗਾ ਕੇ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਜਦੋਂ ਇਸ ਬਾਰੇ ਜਾਂਚ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕੋਲੋਂ ਇਕੋਂ ਹੀ ਰੱਟਿਆ ਹੋਇਆ ਜਵਾਬ ਮਿਲਿਆ ਕਿ ਤਫਤੀਸ਼ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਵੱਲੋਂ ਤਫਤੀਸ਼ ਕਰ ਕੇ ਲੁੱਟਿਆਂ ਨੂੰ ਕਦੋਂ ਕਾਬੂ ਕੀਤਾ ਜਾਵੇਗਾ। ਕਦੋਂ ਇਹ ਚੋਰ ਪੁਲਿਸ ਦੇ ਅੜਿਕੇ ਆਉਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ: ਗੈਂਗਸਟਰ ਦੀਪਕ ਟੀਨੂੰ ਮਾਮਲੇ ਵਿੱਚ ਗ੍ਰਿਫਤਾਰ CIA ਇੰਚਾਰਜ ਨੂੰ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼