ਫ਼ਰੀਦਕੋਟ: ਕੇਂਦਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪਿਛਲੇ ਲਗਭਗ 50 ਦਿਨਾਂ ਤੋਂ ਕਿਸਾਨ ਦਿੱਲੀ ਵਿੱਚ ਧਰਨਾ ਦੇ ਰਹੇ ਹਨ। ਕੜਾਕੇ ਦੀ ਠੰਢ ਦੇ ਬਾਵਜੂਦ ਵੀ ਦਿੱਲੀ ਧਰਨੇ ਵਿੱਚ ਕਿਸਾਨ ਡਟੇ ਹੋਏ ਹਨ। ਇਸ ਅੰਦੋਲਨ ਦੇ ਚਲਦੇ ਦਿੱਲੀ ਧਰਨੇ ਵਿੱਚ ਕਰੀਬ 70 ਕਿਸਾਨ ਆਪਣੀ ਜਾਨ ਗਵਾ ਚੁੱਕੇ ਹਨ ਪਰ ਕੇਂਦਰ ਸਰਕਾਰ ਆਪਣੇ ਅੜੀਅਲ ਰਵੱਈਏ ਦੇ ਚਲਦੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਾ ਕਰਨ ਦੀ ਜਿੱਦ 'ਤੇ ਅੜੀ ਹੋਈ ਹੈ।
ਅਜਿਹੇ 'ਚ ਫ਼ਰੀਦਕੋਟ ਦੇ ਗੁਰਦੁਆਰਾ ਖ਼ਾਲਸਾ ਦੀਵਾਨ ਵਿੱਚ ਦਿੱਲੀ ਧਰਨੇ ਵਿੱਚ ਜਾਨ ਗਵਾਉਣ ਵਾਲੇ ਉਨ੍ਹਾਂ ਕਿਸਾਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਵਾਈ ਗਈ। ਇਸ ਮੌਕੇ ਸ਼ਹਿਰ ਦੇ ਕਈ ਸਮਾਜਸੇਵੀ ਸ਼ਾਮਲ ਸਨ। ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਇਸ ਅਰਦਾਸ ਵਿੱਚ ਸ਼ਾਮਿਲ ਹੋਏ ਅਤੇ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕੀਤੀ।
ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਅੱਜ ਪੰਜਾਬ, ਪੰਜਾਬੀਅਤ ਅਤੇ ਆਪਣੇ ਵਜੂਦ ਦੀ ਲੜਾਈ ਲੜ ਰਹੇ ਕਿਸਾਨ ਦਿੱਲੀ ਧਰਨੇ ਵਿੱਚ ਕੜਾਕੇ ਦੀ ਠੰਢ 'ਚ ਬੈਠਾ ਹੈ ਅਤੇ ਕੇਂਦਰ ਵੱਲੋਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੀ ਮੰਗ ਕਰ ਰਿਹਾ ਹੈ। ਗੁਰੂ ਸਾਹਿਬ ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।