ਫਰੀਦਕੋਟ: 16 ਸਾਲਾਂ 10ਵੀਂ ਜਮਾਤ ਦੀ ਵਿਦਿਆਰਥਣ ਖੁਸ਼ਸੀਰਤ ਕੌਰ ਸੰਧੂ ਛੋਟੀ ਉਮਰ ਵਿਚ ਹੀ ਵੱਡੀਆਂ ਪੁਲਾਂਘਾਂ ਪੁਟ ਕੇ ਆਪਣੇ ਮਾਪਿਆਂ ਦਾ ਰੌਸ਼ਨ ਕਰ ਰਹੀ ਹੈ। ਉਸ ਨੇ ਹੁਣ ਤੱਕ ਵੱਖ ਵੱਖ ਸ਼ੂਟਿੰਗ ਮੁਕਾਬਲਿਆਂ ਵਿਚ 50 ਦੇ ਕਰੀਬ ਤਗਮੇ ਜਿੱਤ ਕੇ ਆਪਣੀ ਚੰਗੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ ਹੈ। ਉਸ ਦੀ ਖੇਡ ਨੂੰ ਵੇਖਦੇ ਹੋਏ ਹਾਲ ਹੀ ਵਿਚ ਉਸ ਦੀ ਚੋਣ ਇੰਡੀਅਨ ਨੈਸ਼ਨਲ ਜੂਨੀਅਰ ਸਕੂਐਡ ਵਿਚ ਹੋਈ ਹੈ ਜਿਸ ਨਾਲ ਉਸ ਨੂੰ ਭਾਰਤੀ ਟੀਮ ਵਿਚ ਆਪਣੀ ਥਾਂ ਪੱਕੀ ਕਰਨ ਦਾ ਮੌਕਾ ਮਿਲੇਗਾ।
ਭਾਵੇਂ ਖੁਸ਼ਸੀਰਤ ਪੜ੍ਹਾਈ ਦੇ ਨਾਲ ਨਾਲ ਤੈਰਾਕ ਵੀ ਚੰਗੀ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉਹ ਇਕ ਦਿਨ ਚੰਗੀ ਸ਼ੂਟਰ ਵੀ ਬਣ ਜਾਵੇਗੀ। ਖੁਸ਼ਸੀਰਤ ਨੂੰ ਨਹੀਂ ਸੀ ਪਤਾ ਕਿ ਉਹ ਜਿਸ ਸ਼ੂਟਿੰਗ ਰੇਂਜ ਤੇ ਆਪਣੇ ਛੋਟੇ ਵੀਰ ਨੂੰ ਸ਼ੂਟਿੰਗ ਦੀ ਕੋਚਿੰਗ ਵਾਸਤੇ ਛੱਡਣ ਜਾ ਰਹੀ ਹੈ ਉਹੀ ਸ਼ੂਟਿੰਗ ਰੇਂਜ ਉਸ ਦਾ ਕਰਮਸਥਾਨ ਬਣ ਜਾਵੇਗੀ ਅਤੇ ਉਹ ਇਕ ਦਿਨ ਭਾਰਤੀ ਟੀਮ ਵਿਚ ਖੇਡ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੇਗੀ।
ਦਰਅਸਲ, ਫਰਵਰੀ 2020 ਵਿਚ ਕੇਰਲਾ ਦੇ ਤਿਰੂਵੰਤਪੁਰਮ ਵਿਖੇ ਭਾਰਤੀ ਟੀਮ ਲਈ ਹੋਏ ਟਰਾਇਲਾਂ ਵਿਚ ਉਸ ਦੀ ਚੋਣ ਇੰਡੀਅਨ ਨੈਸ਼ਨਲ ਜੂਨੀਅਰ ਸਕੂਐਡ ਵਿਚ 10 ਮੀਟਰ ਏਅਰਪਿਸਟਲ ਅਤੇ 25 ਮੀਟਰ ਸਪੋਰਟਸ ਪਿਸਟਲ ਲਈ ਹੋਈ ਹੈ। ਖੁਸ਼ਸੀਰਤ ਨੂੰ ਆਸ ਅਤੇ ਆਪਣੇ ਆਪ ਤੇ ਭਰੋਸਾ ਹੈ ਕਿ ਉਹ ਭਾਰਤੀ ਟੀਮ ਵਿਚ ਚੁਣੀ ਜਾਵੇਗੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਹੋਣ ਵਾਲੇ ਮੁਕਾਬਲਿਆ ਵਿਚ ਹਿੱਸਾ ਲੈ ਕੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰੇਗੀ।
ਆਪਣੀ ਬੱਚੀ ਦੀ ਇਸ ਪ੍ਰਾਪਤੀ ਤੇ ਮਾਪਿਾਂ ਨੂੰ ਵੀ ਪੂਰਾ ਮਾਣ ਹੈ। ਇਸ ਮੌਕੇ ਗੱਲਬਾਤ ਕਰਦਿਆਂ ਖੁਸ਼ਸੀਰਤ ਦੇ ਪਿਤਾ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਖੁਸ਼ਸੀਰਤ ਨੇ ਆਪਣੀ ਮਿਹਨਤ ਸਦਕਾ ਭਾਰਤੀ ਟੀਮ ਚ ਥਾਂ ਬਣਾਉਣ ਲਈ ਅੱਗੇ ਵੱਧ ਰਹੀ ਹੈ। ਉਹਨਾਂ ਕਿਹਾ ਕਿ ਖੁਸ਼ਸੀਰਤ ਹੁਣ ਤੱਕ ਸੂਬਾ ਪੱਧਰੀ ਅਤੇ ਨੈਸਨਲ ਪੱਧਰ ਦੇ ਕਈ ਮੁਕਾਬਲਿਆ ਵਿਚ ਹਿੱਸਾ ਲੈ ਕੇ ਲਗਭਗ 50 ਮੈਡਲ ਜਿੱਤੇ ਚੁੱਕੀ ਹੈ।