ਫ਼ਰੀਦਕੋਟ: ਜ਼ਿਲ੍ਹੇ ਦੇ ਕਸਬਾ ਜੈਤੋ ਦੇ ਨਜ਼ਦੀਕ ਪਿੰਡ ਡੇਲਿਆਂ ਵਾਲੀ ਦੇ ਕੋਲ ਤਿੰਨ ਕਾਰ ਸਵਾਰ ਲੁਟੇਰਿਆਂ ਨੇ ਪਿਸਟਲ ਦੀ ਨੋਕ 'ਤੇ ਗੈਸ ਸਟੇਸ਼ਨ 'ਤੇ ਕੰਮ ਕਰਦੇ ਕਰਿੰਦੇ ਤੋਂ ਕਰੀਬ 8000 ਰੁਪਏ ਖੋਹ ਲਏ ਅਤੇ ਜਾਂਦੇ ਹੋਏ ਉਨ੍ਹਾਂ ਦੇ ਵੱਲੋਂ ਹਵਾਈ ਫ਼ਾਇਰ ਵੀ ਕੀਤੇ ਗਏ। ਇਹ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਸਟੇਸ਼ਨ 'ਤੇ ਕੰਮ ਕਰਨ ਵਾਲੇ ਕਰਿੰਦੇ ਨੇ ਦੱਸਿਆ ਕਿ ਉਹ ਹੌਂਡਾ ਸਿਟੀ ਕਾਰ 'ਤੇ ਸਵਾਰ ਹੋ ਕੇ ਆਏ ਸੀ ਜਦੋਂ ਉਹ ਤੇਲ ਪਾਉਣ ਲੱਗਿਆ ਤਾਂ ਉਨ੍ਹਾਂ ਨੇ ਗੱਡੀ ਵਿੱਚੋਂ ਨਿਕਲ ਕੇ ਉਸ ਨੂੰ ਫੜ੍ਹ ਲਿਆ ਅਤੇ ਸਿਰ ਤੇ ਪਿਸਤੌਲ ਤਾਣ ਦਿੱਤੀ। ਇਸ ਤੋਂ ਬਾਅਦ ਉਹ ਜੇਬ ਵਿੱਚੋਂ 8000 ਰੁਪਇਆ ਖੋਹ ਕੇ ਫ਼ਰਾਰ ਹੋ ਗਏ ਅਤੇ ਜਾਂਦੇ-ਜਾਂਦੇ ਇੱਕ ਹਵਾਈ ਫ਼ਾਇਰ ਵੀ ਕਰ ਗਏ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਕਿਹਾ ਕਿ ਉਹ ਸੀਸੀਟੀਵੀ ਕੈਮਰੇ ਦੀ ਫ਼ੁਟੇਜ਼ ਖੰਘਾਲ ਰਹੇ ਹਨ। ਉਨ੍ਹਾਂ ਭਰੋਸਾ ਦਵਾਇਆ ਕਿ ਦੋਸ਼ੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।