ਚੰਡੀਗੜ੍ਹ: ਪੰਜਾਬ ਸਰਕਾਰ ਨੇ ਡਾ. ਯੋਗ ਰਾਜ ਸ਼ਰਮਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਵਿਭਾਗ ਵੱਲੋਂ ਦਿਨ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਸ਼ਾਮ ਨੂੰ ਜਾਰੀ ਕੀਤੀ ਗਈ।
ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਨਿਯੁਕਤੀ 3 ਸਾਲ ਦੇ ਸਮੇਂ ਤੱਕ ਜਾਂ 66 ਸਾਲ ਦੀ ਉਮਰ ਤੱਕ ਹੋਵੇਗੀ। ਉਨ੍ਹਾਂ ਦੀ ਨਿਯੁਕਤੀ ਦੀਆਂ ਸ਼ਰਤਾਂ ਬਾਅਦ ਵਿੱਚ ਤੈਅ ਕੀਤੀਆਂ ਜਾਣਗੀਆਂ।
ਤੁਹਾਨੂੰ ਦੱਸ ਦਈਏ ਡਾ. ਯੋਗਰਾਜ ਸ਼ਰਮਾ ਪੰਜਾਬੀ ਭਾਸ਼ਾ ਦੇ ਉੱਘੇ ਵਿਦਵਾਨ ਹਨ। ਹੁਣ ਤੱਕ ਉਨ੍ਹਾਂ ਦੀਆਂ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਛੱਪ ਚੁੱਕੀਆਂ ਹਨ ਅਤੇ ਇਸ ਦੇ ਨਾਲ ਹੀ ਖੋਜ-ਪੱਤਰ ਵੀ ਪ੍ਰਕਾਸ਼ਿਤ ਹੋਏ ਹਨ।
ਭਾਈ ਵੀਰ ਸਿੰਘ ਅਤੇ ਰਵਿੰਦਰ ਰਵੀ ਬਾਰੇ ਉਨ੍ਹਾਂ ਦੇ ਕੰਮ ਦੀ ਵਿਸ਼ੇਸ਼ ਚਰਚਾ ਰਹੀ ਹੈ। ਉਨ੍ਹਾਂ ਨੇ ਡਰਾਮਾ, ਫਿਕਸ਼ਨ ਅਤੇ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੈ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਵਿਕਾਸ ਵਿਭਾਗ ਵਿੱਚ ਪ੍ਰੋਫੈਸਰ ਵੀ ਰਹੇ ਹਨ।
ਉਨ੍ਹਾਂ ਨੇ ਡੋਕਟਰੇਟ ਡਿਗਰੀ ਹਾਸਲ ਕਰਨ ਤੋਂ ਇਲਾਵਾ ਐਮ.ਏ. (ਆਨਰਜ਼) ਪੰਜਾਬੀ, ਐਮ.ਏ. ਹਿੰਦ ਅਤੇ ਐਮ.ਏ. ਪੱਤਰਕਾਰੀ ਅਤੇ ਜਨਸੰਚਾਰ ਵੀ ਕੀਤੀ ਹੈ। ਉਨ੍ਹਾਂ ਦਾ ਸਿੱਖਿਆ ਅਤੇ ਖੋਜ ਦਾ 25 ਸਾਲ ਤੋਂ ਵੱਧ ਤਜਰਬਾ ਹੈ। ਉਨ੍ਹਾਂ ਨੇ ਕਈ ਪ੍ਰੋਜੈਕਟਾਂ ’ਤੇ ਵੀ ਕੰਮ ਕੀਤਾ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਸੈਨੇਟ ਮੈਂਬਰ ਵੀ ਰਹੇ ਹਨ।