ਚੰਡੀਗੜ੍ਹ: ਪਹਿਲਵਾਨ ਬਬੀਤਾ ਫੋਗਾਟ ਨੇ ਹਰਿਆਣਾ ਦੇ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਵੱਲੋਂ ਅਸਤੀਫਾ ਬੜੌਦਾ ਉਪ ਚੋਣ ਤੇ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਦਿੱਤਾ ਗਿਆ ਹੈ। ਕਿਉਂਕਿ ਬਬੀਤਾ ਸਰਕਾਰੀ ਅਹੁਦਾ ਸੰਭਾਲਦਿਆਂ ਭਾਜਪਾ ਲਈ ਚੋਣ ਪ੍ਰਚਾਰ ਨਹੀਂ ਕਰ ਸਕਦੀ। ਇਸ ਕਾਰਨ ਉਨ੍ਹਾਂ ਨੇ ਰਾਜਨੀਤੀ ਤੇ ਭਾਜਪਾ ਲਈ ਪ੍ਰਚਾਰ ਵਿੱਚ ਸਰਗਰਮ ਹਿੱਸਾ ਲੈਣ ਲਈ ਅਸਤੀਫਾ ਦੇ ਦਿੱਤਾ ਹੈ।
ਦੱਸ ਦੇਈਏ ਕਿ ਪਹਿਲਵਾਨ ਬਬੀਤਾ ਫੋਗਾਟ ਅਤੇ ਕਬੱਡੀ ਖਿਡਾਰੀ ਕਵਿਤਾ ਦੇਵੀ ਨੂੰ ਇਸ ਸਾਲ 30 ਜੁਲਾਈ ਨੂੰ ਖੇਡ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। 2014 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਜੇਤੂ ਬਬੀਤਾ ਨੇ 2019 ਦੀਆਂ ਵਿਧਾਨ ਸਭਾ ਚੋਣਾਂ ਦਾਦਰੀ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਲੜੀਆਂ ਸਨ, ਪਰ ਉਹ ਹਾਰ ਗਈ ਸੀ।
ਕੌਣ ਹੈ ਬਬੀਤਾ ਫੋਗਾਟ?
ਬਬੀਤਾ ਫੋਗਾਟ ਦਾ ਜਨਮ 20 ਨਵੰਬਰ 1989 ਨੂੰ ਚਰਖੀ ਦਾਦਰੀ ਜ਼ਿਲ੍ਹੇ ਦੇ ਬਲਾਲੀ ਪਿੰਡ ਵਿੱਚ ਹੋਇਆ ਸੀ। ਉਹ ਅੰਤਰਰਾਸ਼ਟਰੀ ਮਹਿਲਾ ਪਹਿਲਵਾਨ ਹੈ। ਉਨ੍ਹਾਂ ਨੇ 2012 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ 51 ਕਿੱਲੋ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਇਸ ਤੋਂ ਇਲਾਵਾ, 2014 ਤੇ 2018 ਵਿੱਚ ਰਾਸ਼ਟਰ ਮੰਡਲ ਖੇਡਾਂ ਵਿੱਚ ਗੋਲਡ, 2010 ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਬਬੀਤਾ ਨੇ 2013 ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ ਸੀ। ਬਬੀਤਾ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਸਾਲ 2009 ਅਤੇ 2011 ਵਿੱਚ ਸੋਨੇ ਦੇ ਤਗਮੇ ਜਿੱਤੇ ਹਨ।
ਉਸ ਦੇ ਪਿਤਾ ਮਹਾਵੀਰ ਸਿੰਘ ਫੋਗਾਟ ਖ਼ੁਦ ਇੱਕ ਪਹਿਲਵਾਨ ਸਨ। ਬਬੀਤਾ ਦੀ ਵੱਡੀ ਭੈਣ ਗੀਤਾ ਫੋਗਾਟ ਤੇ ਛੋਟੀਆਂ ਭੈਣਾਂ ਰਿਤੂ ਫੋਗਾਟ ਅਤੇ ਸੰਗੀਤਾ ਫੋਗਾਟ ਵੀ ਭਾਰਤੀ ਕੁਸ਼ਤੀ ਵਿੱਚ ਸਰਗਰਮ ਹਨ। ਬਬੀਤਾ ਫੋਗਾਟ ਦ੍ਰੋਣਾਚਾਰੀਆ ਐਵਾਰਡੀ ਮਹਾਵੀਰ ਪਹਿਲਵਾਨ ਦੀ ਦੂਜੀ ਧੀ ਹੈ ਤੇ ਉਨ੍ਹਾਂ ਨੇ ਹਰਿਆਣਾ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਦਾਦਰੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਸੀ।
ਹਾਲਾਂਕਿ, ਬਬੀਤਾ ਚੋਣ ਹਾਰ ਗਈ ਅਤੇ ਵੋਟਾਂ ਦੇ ਹਿਸਾਬ ਨਾਲ ਤੀਜੇ ਨੰਬਰ 'ਤੇ ਰਹੀ। ਫੋਗਾਟ ਭੈਣਾਂ ਦੀ ਸਭ ਤੋਂ ਵੱਡੀ ਭੈਣ ਗੀਤਾ ਫੋਗਾਟ ਪਹਿਲਾਂ ਹੀ ਵਿਆਹ ਕਰਵਾ ਚੁੱਕੀ ਹੈ।