ਚੰਡੀਗੜ੍ਹ: ਵਿਆਹ ਤੋਂ ਪਹਿਲਾਂ ਕੁੰਡਲੀਆਂ ਮਿਲਾਉਣ ਦਾ ਚਲਨ ਆਮ ਹੈ ਅਤੇ ਜ਼ਰੂਰੀ ਵੀ ਮੰਨਿਆ ਜਾਂਦਾ ਹੈ। ਪਰ, ਜੇਕਰ ਅਸੀਂ ਤੁਹਾਨੂੰ ਕਹੀਏ ਕਿ ਵਿਆਹ ਤੋਂ ਪਹਿਲਾਂ ਕੁੰਡਲੀ ਮਿਲਾਉਣ ਨਾਲੋਂ ਜ਼ਿਆਦਾ ਜ਼ਰੂਰੀ ਮੁੰਡੇ-ਕੁੜੀ ਦੇ ਖੂਨ ਦੀ ਜਾਂਚ ਕਰਵਾਉਣੀ ਹੈ, ਤਾਂ ਇਸ ਨਾਲ ਰਤਾ ਕੁ ਹੈਰਾਨੀ ਤਾਂ ਜ਼ਰੂਰ ਹੋਵੇਗੀ, ਪਰ ਇਹ ਵਿਆਹ ਤੋਂ ਬਾਅਦ ਜੋੜੇ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਨੰਨ੍ਹੇ ਮਹਿਮਾਨ ਨੂੰ ਖ਼ਤਰਨਾਕ ਬਿਮਾਰੀ ਥੈਲੇਸੀਮੀਆ ਤੋਂ ਬਚਾ ਸਕਦਾ ਹੈ।
ਥੈਲੇਸੀਮੀਆ ਦੀ ਬਿਮਾਰੀ ਕੀ ਹੈ ਅਤੇ ਕਿਉਂ ਹੁੰਦੀ ਹੈ ?: ਬਹੁਤ ਘੱਟ ਲੋਕ ਇਸ ਤੋਂ ਜਾਣੂ ਹਨ। ਪੇਂਡੂ ਖੇਤਰਾਂ ਦੀ ਜੇ ਗੱਲ ਕਰੀਏ ਤਾਂ ਲੋਕਾਂ ਵਿਚ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਬਿਲਕੁਲ ਵੀ ਨਹੀਂ। ਸ਼ਹਿਰੀ ਖੇਤਰਾਂ ਵਿਚ ਵੀ ਬਹੁਤ ਜ਼ਿਆਦਾ ਲੋਕ ਇਸ ਬਾਰੇ ਨਹੀਂ ਜਾਣਦੇ। ਇਸ ਬਿਮਾਰੀ ਨੂੰ ਜਾਣ ਲੈਣਾ ਅਤੇ ਸਮਝ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਬੱਚੇ ਦੀ ਸਿਹਤ ਨਾਲ ਜੁੜੀ ਹੋਈ ਹੈ।
ਮਾਂ -ਬਾਪ ਤੋਂ ਕਿਵੇਂ ਮਿਲਦਾ ਹੈ ਥੈਲੇਸੀਮੀਆ: ਏਮਸ ਮੁਹਾਲੀ ਵਿਚ ਪੈਥੋਲਾਜੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਸ਼ੀ ਗਰਗ ਕਹਿੰਦੇ ਹਨ ਕਿ ਬੱਚੇ ਦੇ ਵਿਚ ਕੁਝ ਜੀਨਸ ਮਾਂ ਦੇ ਹੁੰਦੇ ਹਨ ਅਤੇ ਕੁਝ ਪਿਤਾ ਦੇ ਹੁੰਦੇ ਹਨ। ਮਾਤਾ ਪਿਤਾ ਵਿਚੋਂ ਜੇਕਰ ਕਿਸੇ ਇਕ ਨੂੰ ਮਾਈਨਰ ਥੈਲੇਸੀਮੀਆ ਹੈ, ਤਾਂ ਕੋਈ ਫਿਕਰ ਵਾਲੀ ਗੱਲ ਨਹੀਂ। ਪਰ, ਜੇਕਰ ਮਾਂ ਬਾਪ ਦੋਵੇਂ ਹੀ ਮਾਈਨਰ ਥੈਲੇਸੀਮੀਆ ਤੋਂ ਪੀੜਤ ਹਨ, ਤਾਂ ਹੋਣ ਵਾਲੇ ਬੱਚੇ ਨੂੰ ਮੇਜਰ ਥੈਲੇਸੀਮੀਆ ਹੋ ਸਕਦਾ ਹੈ ਅਤੇ ਫਿਰ ਉਹ ਬੱਚਾ ਆਮ ਜ਼ਿੰਦਗੀ ਜਿਊਣ ਦੇ ਸਮਰੱਥ ਨਹੀਂ ਰਹਿੰਦਾ। ਬਾਹਰੀ ਖੂਨ ਚੜਾਉਣ ਤੋਂ ਬਾਅਦ ਵੀ ਬੱਚੇ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਖੂਨ ਵਿਚ ਆਈਰਨ ਦੀ ਮਾਤਰਾ ਇਕ ਦਮ ਵੱਧ ਜਾਂਦੀ ਹੈ। ਇਸੇ ਲਈ ਡਾਕਟਰਾਂ ਵੱਲੋਂ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਵਿਆਹ ਤੋਂ ਪਹਿਲਾਂ ਲੜਕਾ ਅਤੇ ਲੜਕੀ ਦੀ ਖੂਨ ਦੀ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ, ਜੇਕਰ ਲੜਕਾ ਲੜਕੀ ਦੋਵੇਂ ਥੈਲੀਸੀਮੀਆ ਪੀੜਤ ਹਨ, ਤਾਂ ਵਿਆਹ ਨਹੀ ਕਰਵਾਉਣਾ ਚਾਹੀਦਾ।
ਹਰ 21 ਦਿਨ ਬਾਅਦ ਬੱਚੇ ਨੂੰ ਚੜ੍ਹਾਉਣਾ ਪਵੇਗਾ ਖੂਨ: ਜੇਕਰ ਵਿਆਹ ਤੋਂ ਪਹਿਲਾਂ ਮੁੰਡੇ ਅਤੇ ਕੁੜੀ ਦੇ ਖੂਨ ਦੀ ਜਾਂਚ ਨਾ ਕੀਤੀ ਜਾਵੇ, ਤਾਂ ਉਨ੍ਹਾਂ ਦਾ ਹੋਣ ਵਾਲਾ ਬੱਚਾ ਥੈਲੇਸੀਮੀਆ ਤੋਂ ਪੀੜਤ ਹੋ ਸਕਦਾ ਹੈ ਜਿਸ ਨੂੰ ਕਿ ਸਾਰੀ ਜ਼ਿੰਦਗੀ ਹਰੇਕ 21 ਦਿਨ ਬਾਅਦ ਖੂਨ ਚੜਾਉਣਾ ਪੈ ਸਕਦਾ ਹੈ। ਇਸ ਬਿਮਾਰੀ ਵਿੱਚ ਅਨੀਮੀਆ ਬਹੁਤ ਹੁੰਦਾ ਹੈ, ਇਸ ਲਈ ਬੱਚਿਆਂ ਨੂੰ ਬਾਹਰੀ ਖੂਨ ਦੇਣਾ ਪੈਂਦਾ ਹੈ। ਖੂਨ ਦੀ ਕਮੀ ਕਾਰਨ ਮਰੀਜ਼ ਦੇ ਸਰੀਰ ਵਿੱਚ ਹੀਮੋਗਲੋਬਿਨ ਨਹੀਂ ਬਣਦਾ। ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 8 ਮਈ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ।
- ਪੰਜਾਬ ਰਾਜ ਫ਼ੂਡ ਕਮਿਸ਼ਨ ਦੇ ਮੈਂਬਰ ਪ੍ਰੀਤੀ ਚਾਵਲਾ ਨੇ ਬਰਨਾਲਾ ਦੇ ਸਕੂਲਾਂ, ਆਂਗਣਵਾੜੀ ਕੇਂਦਰਾਂ ਦਾ ਕੀਤਾ ਦੌਰਾ
- Ludhiana Gas Leak: 11 ਲੋਕਾਂ ਦੀ ਮੌਤ ਦਾ ਰਹੱਸ ਅਜੇ ਵੀ ਅਣਸੁਲਝਿਆ, ਜਾਂਚ ਲਈ ਬਣੀਆਂ ਟੀਮਾਂ ਦੇ ਹੱਥ ਖਾਲੀ...
- Paramjit Panjwad Criminal Record: ਕਿੰਨੇ ਕੇਸਾਂ ਨੂੰ ਲੈ ਕੇ ਚਰਚਾ ਵਿੱਚ ਸੀ ਪਰਮਜੀਤ ਪੰਜਵੜ?
ਖੂਨ ਨਾਲ ਸਬੰਧਤ ਰੋਗ ਹੈ ਥੈਲੇਸੀਮੀਆ: ਥੈਲੇਸੀਮੀਆ ਇਕ ਅਜਿਹਾ ਰੋਗ ਹੈ, ਜੋ ਬੱਚੇ ਨੂੰ ਆਪਣੇ ਮਾਤਾ ਪਿਤਾ ਦੇ ਜੀਨਸ ਤੋਂ ਮਿਲਦਾ ਹੈ। ਇਹ ਇਕ ਜੈਨੇਟਿਕ ਬਿਮਾਰੀ ਹੈ, ਜੋ ਬੱਚੇ ਦੇ ਜਨਮ ਤੋਂ ਕੁਝ ਮਹੀਨਿਆਂ ਬਾਅਦ ਹੀ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੰਦੀ ਹੈ। ਇਸ ਬਿਮਾਰੀ ਤੋਂ ਪੀੜਤ ਬੱਚੇ ਦੇ ਖੂਨ ਵਿੱਚ ਲਾਲ ਰਕਤਾਣੂ ਬਹੁਤ ਤੇਜ਼ੀ ਨਾਲ ਘੱਟਦੇ ਹਨ ਅਤੇ ਕੁਦਰਤੀ ਤਰੀਕੇ ਨਾਲ ਲਾਲ ਰਕਤਾਣੂ ਬਣਨੇ ਬੰਦ ਹੋ ਜਾਂਦੇ ਹਨ। ਇਸ ਲਈ ਬੱਚੇ ਨੂੰ ਹਰ 21 ਦਿਨ ਬਾਅਦ ਬਾਹਰੀ ਖੂਨ ਚੜਾਉਣਾ ਪੈਂਦਾ ਹੈ। ਇਕ ਗੰਭੀਰ ਸਮੱਸਿਆ ਇਹ ਵੀ ਹੈ ਕਿ ਜੇਕਰ ਅਜਿਹੇ ਬੱਚੇ ਦਾ ਇਲਾਜ ਨਾ ਹੋ ਸਕੇ ਤਾਂ ਉਹ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ।
ਦੋ ਤਰ੍ਹਾਂ ਦਾ ਹੁੰਦਾ ਹੈ ਥੈਲੇਸੀਮੀਆ: ਥੈਲੇਸੀਮੀਆ 2 ਤਰ੍ਹਾਂ ਦਾ ਹੁੰਦਾ ਹੈ ਇਕ ਮਾਈਨਰ ਅਤੇ ਦੂਜਾ ਮੇਜਰ ਜਿਸ ਨੂੰ ਕਿ ਅਲਫਾ ਥੈਲੇਸੀਮੀਆ ਅਤੇ ਬੀਟਾ ਥੈਲੇਸੀਮੀਆ ਵੀ ਕਹਿੰਦੇ ਹਨ। ਜੋ ਬੱਚੇ ਮਾਈਨਰ ਥੈਲੇਸੀਮੀਆ ਤੋਂ ਪੀੜਤ ਹਨ, ਉਹ ਆਮ ਮਨੁੱਖ ਵਾਂਗ ਆਪਣੀ ਜ਼ਿੰਦਗੀ ਬਤੀਤ ਕਰ ਸਕਦੇ ਹਨ, ਜਦਕਿ ਮੇਜਰ ਥੈਲੇਸੀਮੀਆਂ ਬੱਚਿਆਂ ਨੂੰ ਸਮੇਂ ਸਮੇਂ 'ਤੇ ਬਾਹਰੀ ਖੂਨ ਚੜਾਉਣਾ ਪੈਂਦਾ ਹੈ।
ਪੰਜਾਬ ਵਿਚ ਥੈਲੇਸੀਮੀਆ ਪੀੜਤਾਂ ਦੀ ਸਥਿਤੀ : ਡਾ. ਰਾਸ਼ੀ ਗਰਗ ਦਾ ਕਹਿਣਾ ਹੈ ਕਿ ਥੈਲੇਸੀਮੀਆ ਕੁਝ ਕਮਿਊਨਿਟੀਸ ਵਿਚ ਵੀ ਪਾਇਆ ਜਾਂਦਾ ਹੈ। ਪੰਜਾਬ ਵਿਚ ਅਰੋੜਾ ਅਤੇ ਰਵਿਦਾਸੀਏ ਭਾਈਚਾਰੇ ਵਿੱਚ ਇਹ ਬਿਮਾਰੀ ਜ਼ਿਆਦਾ ਹੁੰਦੀ ਹੈ। ਪੰਜਾਬ ਦੇ ਵਿਚ ਲਗਭਗ 4 ਫ਼ੀਸਦੀ ਥੈਲੇਸੀਮੀਆ ਦੇ ਕੇਸ ਹਨ। ਸਿਵਲ ਹਸਪਤਾਲ ਮੁਹਾਲੀ ਵਿੱਚ ਥੈਲੇਸੀਮੀਆ ਦੇ 72 ਕੇਸ ਰਜਿਸਟਰਡ ਹਨ। ਉਥੇ ਹੀ, ਦੇਸ਼ ਭਰ ਵਿੱਚ ਹਰ ਸਾਲ 10 ਹਜ਼ਾਰ ਦੇ ਲਗਭਗ ਮੇਜਰ ਥੈਲੇਸੀਮੀਆ ਦੇ ਨਵੇਂ ਕੇਸ ਰਸਿਟਰਡ ਹੁੰਦੇ ਹਨ। ਇਸ ਦੇ ਇਲਾਜ ਬਾਰੇ ਦੱਸਦਿਆਂ ਡਾ. ਰਾਸ਼ੀ ਨੇ ਕਿਹਾ ਕਿ ਇਸ ਦੇ ਇਲਾਜ ਦਾ ਇਕ ਤਰੀਕਾ ਬੋਨ ਮੈਰੋ ਵੀ ਹੁੰਦਾ ਹੈ, ਪਰ ਉਹ ਬਹੁਤ ਹੀ ਮਹਿੰਗਾ ਹੁੰਦਾ ਹੈ ਅਤੇ ਇਹ ਇਲਾਜ ਕਰਵਾਉਣਾ ਹਰੇਕ ਦੇ ਵੱਸ ਦਾ ਨਹੀਂ ਹੁੰਦਾ।