ਚੰਡੀਗੜ੍ਹ: ਸਾਡੇ ਸਮਾਜ ਵਿੱਚ ਦੋ ਟਾਇਮ ਨਹੀਂ, ਤਾਂ ਇਕ ਟਾਇਮ ਦੁੱਧ ਪੀਣ ਦੀ ਰਿਵਾਇਤ ਪ੍ਰਚੱਲਿਤ ਹੈ। ਦੁੱਧ ਨੂੰ ਤਾਕਤ ਅਤੇ ਕੈਲਸ਼ੀਅਮ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਪਰ, ਵਿਗਿਆਨਕ ਨਜ਼ਰੀਏ ਤੋਂ ਵੇਖੀਏ, ਤਾਂ ਦੁੱਧ ਪੀਣਾ ਖ਼ਤਰੇ ਤੋਂ ਖਾਲੀ ਨਹੀਂ। ਸਿੱਧਾ ਦੁੱਧ ਪੀਣ ਨਾਲ ਸਿਹਤ ਨੂੰ ਕਈ ਬਿਮਾਰੀਆਂ ਘੇਰਾ ਪਾ ਲੈਂਦੀਆਂ ਹਨ ਅਤੇ ਲੈਣੇ ਦੇ ਦੇਣੇ ਪੈ ਸਕਦੇ ਹਨ। ਪੁਰਾਣੇ ਸਮਿਆਂ ਤੋਂ ਚੱਲੀਆਂ ਆ ਰਹੀਆਂ ਰਿਵਾਇਤਾਂ ਨੂੰ ਖ਼ਤਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਹੁਣ ਨਾ ਪੁਰਾਣੇ ਸਮਿਆਂ ਵਰਗੀਆਂ ਖੁਰਾਕਾਂ ਰਹੀਆਂ ਅਤੇ ਨਾ ਹੀ ਸਿਹਤ।
ਮਿਲਾਵਟ ਕਰਕੇ ਕੀਤੀ ਜਾ ਰਹੀ ਦੁੱਧ ਦੀ ਪੂਰਤੀ: ਕੇਂਦਰੀ ਖੇਤੀਬਾੜੀ ਮੰਤਰਾਲੇ ਦੀ ਰਿਪੋਰਟ ਮੁਤਾਬਕ, ਹਰ ਸਾਲ 170 ਮਿਲੀਅਨ ਟਨ ਦੁੱਧ ਦਾ ਉਤਪਾਦਨ ਹੋ ਰਿਹਾ ਹੈ। ਇਹ ਅੰਕੜੇ ਵੇਖਣ ਅਤੇ ਸੁਣਨ ਵਿੱਚ ਤਾਂ ਚੰਗੇ ਲੱਗਦੇ ਹਨ, ਪਰ ਇਸ ਪਿੱਛੇ ਤੱਥ ਇਹ ਹਨ ਕਿ ਦੇਸ਼ ਵਿਚ ਦੁੱਧ ਦੀ ਖ਼ਪਤ 640 ਮਿਲੀਅਨ ਹੈ, ਜੋ ਕਿ ਉਤਪਾਦਨ ਤੋਂ 6 ਗੁਣਾ ਜ਼ਿਆਦਾ ਹੈ, ਤਾਂ ਫਿਰ ਦੁੱਧ ਦੀ ਮੰਗ ਪੂਰੀ ਕਿਵੇਂ ਕੀਤੀ ਜਾਂਦੀ ਹੈ ? ਜਿਸਦਾ ਜਵਾਬ ਹੈ ਮਿਲਾਵਟ, ਕੈਮੀਕਲ ਅਤੇ ਉਤਪਾਦਨ ਵਿੱਚ ਕੀਤੇ ਜਾਂਦੇ ਹੇਰ ਫੇਰ ਨਾਲ ਹੈ। ਇਹੀ ਓਹ ਤੱਥ ਹੈ, ਜੋ ਸਾਡੀ ਸਿਹਤ ਨਾਲ ਖਿਲਵਾੜ ਕਰਦਾ ਹੈ।
ਪੰਜਾਬ ਵਿੱਚ ਸਿਰਫ਼ 40 ਫ਼ੀਸਦੀ ਦੁੱਧ ਹੀ ਸ਼ੁੱਧ: ਸਾਲ 2018 ਵਿੱਚ ਪਸ਼ੂ ਵੈਲਫੇਅਰ ਬੋਰਡ ਆਫ ਇੰਡੀਆ ਦੇ ਮੈਂਬਰ ਮੋਹਨ ਸਿੰਘ ਆਹਲੂਵਾਲੀਆ ਨੇ ਦੇਸ਼ ਵਿੱਚ ਵਿਕਣ ਵਾਲੇ ਕਰੀਬ 68 ਫੀਸਦੀ ਦੁੱਧ ਅਤੇ ਇਸ ਤੋਂ ਬਣੇ ਉਤਪਾਦਾਂ ਨੂੰ ਨਕਲੀ ਦੱਸਿਆ ਸੀ। ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਵਿੱਚ ਮਿਲਾਵਟ ਦੀ ਪੁਸ਼ਟੀ ਕਰਦਿਆਂ ਆਹਲੂਵਾਲੀਆ ਨੇ ਕਿਹਾ ਕਿ ਸਭ ਤੋਂ ਵੱਧ ਮਿਲਾਵਟ ਡਿਟਰਜੈਂਟ, ਕਾਸਟਿਕ ਸੋਡਾ, ਗਲੂਕੋਜ਼, ਚਿੱਟੇ ਰੰਗ ਅਤੇ ਰਿਫਾਇੰਡ ਤੇਲ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਦੁੱਧ ਦੀਆਂ ਨਦੀਆਂ ਵਹਾਉਣ ਵਾਲਾ ਪੰਜਾਬ ਵੀ ਇਸ ਤੋਂ ਵਾਂਝਾ ਨਹੀਂ, ਪੰਜਾਬ ਵਿੱਚ ਸਿਰਫ਼ 40 ਫ਼ੀਸਦੀ ਦੁੱਧ ਹੀ ਸ਼ੁੱਧ ਹੈ, ਬਾਕੀ 60 ਫ਼ੀਸਦੀ ਨਕਲੀ ਹੈ। ਪਰ, ਮਿਲਾਵਟ ਖੋਰੀ ਤੇ ਪਾਬੰਦੀ ਲਗਾਉਣ ਵੱਲ ਕਿਸੇ ਦਾ ਧਿਆਨ ਨਹੀਂ ਅਤੇ ਨਾ ਹੀ ਸਰਕਾਰਾਂ ਨੇ ਇਸ ਲਈ ਕੁਝ ਕੀਤਾ ਹੈ।
ਡੇਅਰੀ ਫਾਰਮਿੰਗ ਕਿੱਤੇ 'ਚ ਦੁੱਧ ਦੀ ਮਾਤਰਾ ਵਧਾਉਣ ਲਈ ਕੈਮੀਕਲ, ਪੈਸਟੀਸਾਈਡਜ਼ ਦਾ ਇਸਤੇਮਾਲ ਕੀਤਾ ਜਾਂਦਾ, ਮੱਝਾਂ ਗਾਵਾਂ ਨੂੰ ਗੈਰ ਕੁਦਰਤੀ ਤਰੀਕੇ ਨਾਲ ਗਰਭ ਧਾਰਨ ਕਰਵਾਇਆ ਜਾਂਦਾ ਹੈ, ਤਾਂ ਕਿ ਦੁੱਧ ਦੀ ਮਾਤਰਾ ਜਲਦੀ ਤੋਂ ਜਲਦੀ ਵੱਧ ਜਾਵੇ। ਦੁੱਧ ਦੀ ਪੈਦਾਵਾਰ ਵਧਾਉਣ ਲਈ ਮੱਝਾਂ ਗਾਵਾਂ ਨੂੰ ਸਖ਼ਤ ਕੈਮੀਕਲ ਵਾਲੇ ਟੀਕੇ ਲਗਾਏ ਜਾਂਦੇ ਹਨ, ਜੋ ਕਿ ਚੰਗਾ ਨਹੀਂ ਹੈ।
ਕੀ ਦੁੱਧ ਪੀਣਯੋਗ ਨਹੀਂ ?: ਵਿਗਿਆਨਿਕ ਨਜ਼ਰੀਏ ਨਾਲ ਵੇਖੀਏ, ਤਾਂ ਜਾਨਵਰਾਂ ਦਾ ਦੁੱਧ ਮਨੁੱਖਾਂ ਲਈ ਖ਼ਤਰਨਾਕ ਹੈ, ਕਿਉਂਕਿ ਜਾਨਵਰਾਂ ਵਿੱਚ ਬਹੁਤ ਸਾਰੇ ਵਿਕਾਸ ਹਾਰਮੋਨ ਅਤੇ ਬਹੁਤ ਸਾਰੇ ਖਣਿਜ ਹੁੰਦੇ ਹਨ, ਜਿਨ੍ਹਾਂ ਨੂੰ ਮਨੁੱਖੀ ਸਰੀਰ ਹਜ਼ਮ ਨਹੀਂ ਕਰ ਸਕਦਾ। ਗਾਂ ਜਾਂ ਮੱਝ ਨੇ ਆਪਣੇ ਕੱਟੇ ਜਾਂ ਵੱਛੇ ਲਈ ਦੁੱਧ ਦਿੱਤਾ ਹੈ ਜਿਸ ਦਾ ਜਨਮ ਸਮੇਂ ਭਾਰ 20 ਤੋਂ 25 ਕਿਲੋ ਦਾ ਹੁੰਦਾ ਹੈ ਅਤੇ ਸਾਲ ਬਾਅਦ 400 ਕਿਲੋ ਦਾ ਹੋ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਦੁੱਧ ਵਿਚ ਵਿਕਾਸ ਵਾਲੇ ਹਾਈ ਪ੍ਰੋਟੀਨ ਅਤੇ ਉੱਚ ਪੱਧਰ ਦੇ ਕੈਲਸ਼ੀਅਮ ਹੁੰਦੇ ਹਨ, ਜੋ ਕਿ ਇਨਸਾਨੀ ਸਰੀਰ ਲਈ ਪਚਾਉਣਾ ਅਤੇ ਸਹਾਰਨਾ ਔਖਾ ਹੋ ਜਾਂਦਾ ਹੈ।
ਦੁੱਧ ਨਾਲ ਹੁੰਦਾ ਗੋਡਿਆਂ ਤੇ ਜੋੜਾਂ ਵਿੱਚ ਦਰਦ: ਬਚਪਨ ਤੋਂ 50 ਸਾਲ ਦੀ ਉਮਰ ਤੱਕ ਦੁੱਧ ਪੀਣ ਵਾਲੇ ਅਕਸਰ ਗੋਡਿਆਂ ਦੇ ਦਰਦ ਤੋਂ ਪ੍ਰੇਸ਼ਾਨ ਹੁੰਦੇ ਹਨ, ਪਰ ਇਸ ਦੇ ਪਿੱਛੇ ਕਾਰਨ ਦਾ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਕਿ ਸਰੀਰ ਨੂੰ ਤਾਕਤਵਰ ਬਣਾਉਣ ਲਈ ਪੀਤਾ ਦੁੱਧ ਉਨ੍ਹਾਂ ਦੇ ਗੋਡਿਆਂ ਅਤੇ ਜੋੜਾਂ ਵਿਚ ਦਰਦਾਂ ਪੈਦਾ ਕਰ ਰਿਹਾ ਹੈ। ਇਕ ਇਨਸਾਨ ਹੀ ਹੈ, ਜੋ ਜਾਨਵਰਾਂ ਦਾ ਦੁੱਧ ਪੀਂਦਾ ਹੈ। ਹੋਰ ਕੋਈ ਵੀ ਜਾਨਵਰ ਕਿਸੇ ਦੂਜੇ ਜਾਨਵਰ ਦਾ ਦੁੱਧ ਨਹੀਂ ਪੀਂਦਾ। ਸੌਖੇ ਸ਼ਬਦਾਂ ਵਿਚ ਕਹੀਏ, ਤਾਂ ਹੌਲੀ ਹੌਲੀ ਦੁੱਧ ਪਾਚਨ ਸ਼ਕਤੀ 'ਤੇ ਭਾਰੂ ਪੈਂਦਾ ਹੈ ਅਤੇ ਕਈ ਬਿਮਾਰੀਆਂ ਦਾ ਜਾਲ ਸਾਡੇ ਦੁਆਲੇ ਬੁੰਨ ਦਿੰਦਾ ਹੈ।
ਬਿਮਾਰੀਆਂ ਨੂੰ ਸੱਦਾ ਦੇਣਾ ਹੈ ਦੁੱਧ ਪੀਣਾ: ਸਿੱਧਾ ਦੁੱਧ ਪੀਣਾ ਬਿਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ। ਸ਼ੂਗਰ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ, ਜੋ ਦੁੱਧ ਦੇ ਬੁਰੇ ਪ੍ਰਭਾਵਾਂ ਨਾਲ ਸਰੀਰ ਨੂੰ ਆ ਚਿੰਬੜਦੀ ਹੈ। ਵੱਡੀਆਂ- ਵੱਡੀਆਂ ਕੰਪਨੀਆਂ ਦਾ ਪੈਕਟਾਂ ਵਿੱਚ ਬੰਦ ਦੁੱਧ ਭਾਵੇਂ ਕਿੰਨੀ ਵੀ ਲੁਭਾਵਣੀ ਇਸ਼ਤਿਹਾਰਬਾਜ਼ੀ ਕਰਦਾ ਹੋਵੇ, ਪਰ ਉਸ ਪਿੱਛੇ ਉਨੀਂ ਹੀ ਵੱਡੀ ਬਿਮਾਰੀ ਲੁੱਕੀ ਹੁੰਦੀ ਹੈ। ਛੋਟੀ ਉਮਰ ਵਿਚ ਹੀ ਵਾਲਾਂ ਦਾ ਚਿੱਟਾ ਹੋਣਾ, ਅੱਖਾਂ ਦੀ ਨਿਗ੍ਹਾਂ ਦਾ ਕਮਜ਼ੋਰ ਹੋਣਾ, ਕੋਲੈਸਟਰੋਲ ਵੱਧਣਾ, ਥਾਈਰਾਈਡ ਹੋਣਾ ਅਤੇ ਅਕਸਰ ਪੇਟ ਦੀਆਂ ਸਮੱਸਿਆਵਾਂ ਅਜਿਹੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕਈ ਮਾਪੇ ਆਪਣੇ ਬੱਚਿਆਂ ਨੂੰ ਪਲੇਨ ਦੁੱਧ ਦੀ ਥਾਂ ਕੋਮਪਲੇਨ, ਹੋਰਲਿਕਸ, ਚੋਕਲੇਟ ਪਾਊਡਰ ਜਾਂ ਹੋਰ ਕਈ ਸਿਹਤ ਵਰਧਕ ਮਿਸ਼ਰਣ ਦੁੱਧ ਵਿਚ ਘੋਲ ਕੇ ਦਿੰਦੇ ਹਨ, ਅਜਿਹਾ ਕਰਨਾ ਵੀ ਖ਼ਤਰੇ ਤੋਂ ਖਾਲੀ ਨਹੀਂ।
ਦੁੱਧ ਪੀਣ ਤੋਂ ਪਹਿਲਾਂ ਧਿਆਨ ਰੱਖਿਆ ਜਾਵੇ: ਵਾਤਾਵਰਣਿਕ ਸਮਾਜ ਵਿਗਿਆਨੀ ਡਾ. ਵਿਨੋਦ ਚੌਧਰੀ ਮੁਤਾਬਕ ਦੁੱਧ ਦਾ ਸਿੱਧਾ ਸੇਵਨ ਕਰਨ ਨਾਲੋਂ ਬਿਹਤਰ ਹੈ ਕਿ ਦੁੱਧ ਵਿਚ ਬੈਕਟੀਰੀਆ ਵਧਾਏ ਜਾਣ। ਜਿਵੇਂ ਕਿ ਦੁੱਧ ਤੋਂ ਦਹੀ ਜਮਾਉਣਾ ਅਤੇ ਦਹੀਂ ਖਾਣਾ ਜ਼ਿਆਦਾ ਸਿਹਤਮੰਦ ਹੁੰਦਾ ਹੈ। ਇਸ ਦੀ ਬੈਕਟੀਰੀਅਲ ਪ੍ਰਕਿਰਿਆ ਸਿਹਤ ਲਈ ਚੰਗੀ ਹੁੰਦੀ ਹੈ। ਦੁੱਧ, ਦਹੀਂ, ਮੱਖਣ, ਲੱਸੀ ਅਤੇ ਪਨੀਰ ਦਾ ਸੇਵਨ ਕਰਨਾ ਸਿਹਤ ਲਈ ਚੰਗਾ ਹੁੰਦਾ ਹੈ। ਜਦਕਿ ਪਨੀਰ ਬਣਾਉਣ ਵੇਲੇ ਬਚਿਆ ਪਾਣੀ ਵੀ ਗੁਣਕਾਰੀ ਹੁੰਦਾ ਹੈ। ਪਲੇਨ ਦੁੱਧ ਪੀਣ ਦੀ ਥਾਂ ਦੁੱਧ ਦੇ ਇਨ੍ਹਾਂ ਰੂਪਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬੱਚਿਆਂ ਲਈ ਵੀ ਖਾਣ ਪੀਣ ਦੀਆਂ ਇਹ ਆਦਤਾਂ ਚੰਗੀਆਂ ਹੁੰਦੀਆਂ ਹਨ।