ਚੰਡੀਗੜ੍ਹ: ਹਾਈਪਰਟੈਨਸ਼ਨ ਯਾਨਿ ਕਿ ਹਾਈ ਬਲੱਡ ਪ੍ਰੈਸ਼ਰ ਵਿਸ਼ਵ ਪੱਧਰ 'ਤੇ ਤੇਜ਼ੀ ਨਾਲ ਵਧ ਰਹੀ ਗੰਭੀਰ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ। ਭਾਰਤ ਸਮੇਤ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਹਰ ਸਾਲ ਲੱਖਾਂ ਲੋਕ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਸ਼ਿਕਾਰ ਹੁੰਦੇ ਹਨ। ਭਾਰਤ ਵਿਚ ਲਗਭਗ 33% ਸ਼ਹਿਰੀ ਅਤੇ 25% ਪੇਂਡੂ ਆਬਾਦੀ ਹਾਈਪਰਟੈਨਸ਼ਨ ਤੋਂ ਪੀੜਤ ਹੈ। ਡਬਲਿਯੂ ਐਚ ਓ ਦੇ ਅੰਕੜਿਆਂ ਅਨੁਸਾਰ, 30 ਤੋਂ 79 ਸਾਲ ਦੀ ਉਮਰ ਦੇ 1.28 ਬਿਲੀਅਨ ਬਾਲਗ ਹਾਈਪਰਟੈਨਸ਼ਨ ਤੋਂ ਪੀੜਤ ਹਨ। ਲੈਂਸੇਟ ਮੁਤਾਬਕ 75 ਫੀਸਦੀ ਤੋਂ ਜ਼ਿਆਦਾ ਭਾਰਤੀਆਂ ਦਾ ਬਲੱਡ ਪ੍ਰੈਸ਼ਰ ਬੇਕਾਬੂ ਹੈ।
ਹਾਈਪਰਟੈਨਸ਼ਨ ਦੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਮਰੀਜ਼ : ਉਥੇ ਈ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਸਥਿਤੀ ਬਹੁਤ ਜ਼ਿਆਦਾ ਚਿੰਤਾਜਨਕ ਹੈ। ਪੰਜਾਬ ਵਿੱਚ ਹਾਈਪਰਟੈਨਸ਼ਨ ਦਾ ਪ੍ਰਸਾਰ 40.1% ਹੈ। ਪੰਜਾਬ ਵਿੱਚ ਲੋਕਾਂ ਦੀ ਸਕਰੀਨਿੰਗ ਵਿੱਚ ਪਾਇਆ ਗਿਆ ਕਿ 61.1 ਲੱਖ ਲੋਕ ਹਾਈਪਰਟੈਨਸ਼ਨ ਦੇ ਮਰੀਜ਼ ਹਨ, ਜੋ ਕਿ ਦੇਸ਼ ਦਾ ਸਭ ਤੋਂ ਵੱਡਾ ਅੰਕੜਾ ਹੈ। ਪੀਜੀਆਈ ਚੰਡੀਗੜ੍ਹ ਦੀ ਸਟੱਡੀ ਅਨੁਸਾਰ ਵੀ ਪੰਜਾਬ ਵਿਚ ਹਾਈਪਰਟੈਨਸ਼ਨ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ।
ਰਿਪੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਕਿ ਚੰਡੀਗੜ੍ਹ ਵਿਚ 63 ਪ੍ਰਤੀਸ਼ਤ ਮਰਦ ਅਤੇ 83 ਪ੍ਰਤੀਸ਼ਤ ਔਰਤਾਂ ਖਰਾਬ ਜੀਵਨਸ਼ੈਲੀ ਕਾਰਨ ਹਾਈ ਬਲੱਡ ਪ੍ਰੈਸ਼ਰ ਦੀ ਜਕੜ ਵਿਚ ਹਨ। ਚੰਡੀਗੜ੍ਹ ਦੇ ਨੌਜਵਾਨਾਂ ਵਿਚ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਬਹੁਤ ਜ਼ਿਆਦਾ ਹੈ ਪੀਜੀਆਈ ਦੀ ਰਿਪੋਰਟ ਕਹਿੰਦੀ ਹੈ ਕਿ ਚੰਡੀਗੜ੍ਹ ਵਿਚ ਹਰ 5 ਵਿਚੋਂ ਇਕ ਨੌਜਵਾਨ ਹਾਈਪਰਟੈਨਸ਼ਨ ਦਾ ਸ਼ਿਕਾਰ ਹੈ। ਇਹ ਵੀ ਤੱਥ ਸਾਹਮਣੇ ਆਇਆ ਕਿ ਹਫਤੇ 'ਚ 30 ਮਿੰਟ ਤੋਂ ਜ਼ਿਆਦਾ ਫੋਨ 'ਤੇ ਗੱਲ ਕਰਨ ਵਾਲੇ ਵਿਅਕਤੀਆਂ ਵਿਚ ਹਾਈ ਬਲੱਡ ਪ੍ਰੈਸ਼ਰ ਦੀ ਸੰਭਾਵਨਾ ਦੂਜਿਆਂ ਦੇ ਮੁਕਾਬਲੇ 12 ਫੀਸਦੀ ਜ਼ਿਆਦਾ ਹੁੰਦੀ ਹੈ।
ਲਗਾਤਾਰ ਵੱਧ ਰਹੇ ਹਾਈਪਰਟੈਨਸ਼ਨ ਦੇ ਕੇਸ: ਮਾਹਿਰਾਂ ਦੀ ਮੰਨੀਏ ਤਾਂ ਅਨਿਯਮਿਤ ਰੁਟੀਨ ਅਤੇ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਸਿਹਤ ਖਰਾਬ ਹੁੰਦੀ ਹੈ। ਗਲਤ ਖਾਣ-ਪੀਣ ਅਤੇ ਭੱਜ-ਦੌੜ ਦੀ ਰੁਟੀਨ ਕਾਰਨ ਵੀ ਇਸ ਦਾ ਸਿੱਧਾ ਅਸਰ ਬਲੱਡ ਪ੍ਰੈਸ਼ਰ 'ਤੇ ਪੈਂਦਾ ਹੈ, ਜਿਸ ਕਾਰਨ ਵਿਅਕਤੀ ਹਾਈ ਬਲੱਡ ਪ੍ਰੈਸ਼ਰ ਜਾਂ ਲੋਅ ਬਲੱਡ ਪ੍ਰੈਸ਼ਰ ਦਾ ਮਰੀਜ਼ ਬਣ ਜਾਂਦਾ ਹੈ। ਦੋਵਾਂ ਤਰ੍ਹਾਂ ਦੇ ਬਲੱਡ ਪ੍ਰੈਸ਼ਰ ਹੋਣ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਲਈ ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਵਿਸ਼ਵ ਹਾਈਪਰਟੈਨਸ਼ਨ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਇਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਪਿਛਲੇ ਇੱਕ ਦਹਾਕੇ ਵਿੱਚ ਹਾਈ ਬਲੱਡ ਪ੍ਰੈਸ਼ਰ (ਹਾਈਪਰਟੈਨਸ਼ਨ) ਦੀ ਸਮੱਸਿਆ ਤੇਜ਼ੀ ਨਾਲ ਵਧਦੀ ਹੋਈ ਦੇਖੀ ਗਈ ਹੈ। ਇਸ ਨੂੰ ਦਿਲ ਦੀਆਂ ਬਿਮਾਰੀਆਂ ਦਾ ਮੁੱਖ ਕਾਰਕ ਕਿਹਾ ਜਾਂਦਾ ਹੈ।
ਹਾਈ ਬਲੱਡ ਪ੍ਰੈਸ਼ਰ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦਾ ਸਭ ਤੋਂ ਵੱਧ ਜੋਖਮ ਹੁੰਦਾ ਹੈ। ਕਈ ਕਾਰਕ ਜਿਵੇਂ ਬੈਠੀ ਜੀਵਨਸ਼ੈਲੀ, ਮਾੜੀ ਖੁਰਾਕ, ਮੋਟਾਪਾ, ਸਿਗਰਟਨੋਸ਼ੀ ਅਤੇ ਤਣਾਅ ਹਾਈ ਬਲੱਡ ਪ੍ਰੈਸ਼ਰ ਦੇ ਜੋਖਮ ਨੂੰ ਵਧਾਉਂਦੇ ਹਨ। ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਕੀਤਾ ਜਾ ਸਕਦਾ, ਇਸ ਨੂੰ ਦਵਾਈਆਂ ਨਾਲ ਹੀ ਕਾਬੂ ਕੀਤਾ ਜਾ ਸਕਦਾ ਹੈ। ਸਾਲ 2017 ਦੇ ਨੈਸ਼ਨਲ ਫੈਮਿਲੀ ਹੈਲਥ ਸਰਵੇ ਮੁਤਾਬਕ ਹਰ ਅੱਠ 'ਚੋਂ ਇਕ ਭਾਰਤੀ ਹਾਈਪਰਟੈਨਸ਼ਨ ਦੀ ਸਮੱਸਿਆ ਤੋਂ ਪੀੜਤ ਹੈ। ਇਹ ਅਜਿਹੀ ਸਮੱਸਿਆ ਹੈ ਜੋ ਕਿਸੇ ਵਿਅਕਤੀ ਦੀ ਜਾਨ ਵੀ ਲੈ ਸਕਦੀ ਹੈ। ਇਸ ਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ।
ਹਾਈਪਰਟੈਨਸ਼ਨ ਕੀ ਹੁੰਦਾ ਹੈ ? : ਹਾਈ ਬੀਪੀ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਧਮਨੀਆਂ ਵਿੱਚ ਬਲੱਡ ਪ੍ਰੈਸ਼ਰ ਕਾਫ਼ੀ ਵੱਧ ਜਾਂਦਾ ਹੈ। ਇਸ ਕਾਰਨ ਖੂਨ ਦੀਆਂ ਨਾੜੀਆਂ ਵਿਚ ਖੂਨ ਦੇ ਪ੍ਰਵਾਹ ਨੂੰ ਬਣਾਈ ਰੱਖਣ ਲਈ ਦਿਲ ਨੂੰ ਆਮ ਨਾਲੋਂ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਜਿਸ ਕਾਰਨ ਬੀਪੀ ਅਕਸਰ ਹਾਈ ਰਿਕਾਰਡ ਕੀਤਾ ਜਾਂਦਾ ਹੈ। ਹਾਈ ਬੀਪੀ ਨੂੰ ਦਿਲ ਦੇ ਦੌਰੇ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ। ਹਾਈਪਰਟੈਨਸ਼ਨ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਕੋਈ ਖਾਸ ਲੱਛਣ ਨਹੀਂ ਹੁੰਦੇ ਹਨ। ਦੱਸ ਦੇਈਏ ਕਿ ਆਮ ਤੌਰ 'ਤੇ ਆਮ ਵਿਅਕਤੀ ਦਾ ਬਲੱਡ ਪ੍ਰੈਸ਼ਰ 120/80 ਹੁੰਦਾ ਹੈ। ਜੇਕਰ ਵਿਅਕਤੀ ਦਾ ਬੀਪੀ ਇਸ ਤੋਂ ਵੱਧ ਜਾਂਦਾ ਹੈ ਤਾਂ ਇਸ ਨੂੰ ਹਾਈ ਬੀਪੀ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ।
- ਜੱਦੀ ਘਰ 'ਚ ਮਨਾਇਆ ਗਿਆ ਸ਼ਹੀਦ ਸੁਖਦੇਵ ਦਾ ਜਨਮਦਿਨ, ਵਿਧਾਇਕਾਂ ਨੇ ਦਿੱਤੀ ਸ਼ਰਧਾਜ਼ਲੀ ਪਰ ਪਰਿਵਾਰ ਨੂੰ ਸਰਕਾਰ 'ਤੇ ਮਲਾਲ
- National Dengue Day 2023: ਜਾਣੋ ਰਾਸ਼ਟਰੀ ਡੇਂਗੂ ਦਿਵਸ ਦਾ ਇਤਿਹਾਸ ਅਤੇ ਇਸਦੇ ਲੱਛਣ
- ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਨੂੰ ਬਰਨਾਲਾ ਪੁਲਿਸ ਕੀਤਾ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਹਾਈਪਰਟੈਨਸ਼ਨ ਤੋਂ ਬਚਣ ਲਈ ਕੀ ਕਰੀਏ ? : ਮਾਹਿਰ ਡਾਕਟਰ ਹਰਦੀਪ ਕੁਮਾਰ ਖਰਬੰਦਾ ਦਾ ਕਹਿਣਾ ਹੈ ਕਿ ਹਾਈਪਰਟੈਨਸ਼ਨ ਤੋਂ ਬਚਣ ਲਈ ਰੋਜ਼ਾਨਾ ਕਸਰਤ ਕਰੋ, ਤੇਜ਼ ਚੱਲੋ, ਦੌੜੋ, ਸਾਈਕਲ ਚਲਾਓ ਜਾਂ ਤੈਰਾਕੀ ਕਰੋ, ਇਨ੍ਹਾਂ ਸਭ ਦਾ ਸੁਮੇਲ ਸਭ ਤੋਂ ਵਧੀਆ ਹੈ, ਨਮਕ ਦੀ ਵਰਤੋਂ ਘੱਟ ਤੋਂ ਘੱਟ ਕਰੋ, ਸਬਜ਼ੀਆਂ ਵਿੱਚ ਨਮਕ ਹੀ ਖਾਣ ਦੀ ਕੋਸ਼ਿਸ਼ ਕਰੋ, ਟੇਬਲ ਨਮਕ ਦੀ ਵਰਤੋਂ ਬੰਦ ਕਰੋ। ਉੱਚ ਗਲਾਈਸੈਮਿਕ ਇੰਡੈਕਸ ਵਾਲਾ ਭੋਜਨ ਘੱਟ ਖਾਓ, ਜਿਵੇਂ ਕਿ ਕਣਕ, ਚੌਲ, ਪਨੀਰ, ਦੁੱਧ, ਮਿੱਠਾ ਅਤੇ ਮਾਸਾਹਾਰੀ। ਸ਼ਰਾਬ ਅਤੇ ਸਿਗਰਟਨੋਸ਼ੀ ਤੋਂ ਪੂਰੀ ਤਰ੍ਹਾਂ ਬਚਕੇ ਰਹਿਣਾ ਚਾਹੀਦਾ ਹੈ। ਸਪਾਉਟ (ਕਾਲਾ ਚਨਾ, ਮੂੰਗੀ ਦਾ ਸਾਰਾ ਅਤੇ ਮੇਥੀ), ਫਲ, ਸਲਾਦ, ਬਾਜਰੇ, ਨਾਰੀਅਲ ਪਾਣੀ, ਸਬਜ਼ੀਆਂ ਦਾ ਸੂਪ ਲੋੜ ਅਨੁਸਾਰ ਸਮੇਂ ਸਮੇਂ 'ਤੇ ਲੈਂਦੇ ਰਹਿਣਾ ਚਾਹੀਦਾ ਹੈ। ਹਾਈਪਰਟੈਨਸ਼ਨ ਤੋਂ ਰਾਹਤ ਦਿਵਾਉਣ ਲਈ ਯੋਗਾ ਵੀ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਲਈ ਯੋਗ ਆਸਨ ਕਰਦੇ ਰਹਿਣਾ ਚਾਹੀਦਾ ਹੈ। ਮੋਬਾਈਲ ਫੋਨ ਅਤੇ ਸਕ੍ਰੀਨ ਦੀ ਵਰਤੋਂ ਜਿੰਨਾ ਹੋ ਸਕੇ ਘੱਟ ਕਰਨੀ ਚਾਹੀਦੀ ਹੈ।