ਚੰਡੀਗੜ੍ਹ ਡੈਸਕ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਨੇ ਸੰਮਨ ਭੇਜਿਆ ਹੈ। ਯਾਦ ਰਹੇ ਕਿ ਚੰਨੀਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਜ ਤੋਂ ਇੱਕ ਮਹੀਨਾ ਪਹਿਲਾਂ ਵੀ ਵਿਜੀਲੈਂਸ ਨੇ ਚੰਨੀ ਤੋਂ ਪੁੱਛਗਿੱਛ ਕੀਤੀ ਸੀ। ਹਾਲਾਂਕਿ ਚੰਨੀ ਤੋਂ ਕੀਤੀ ਗਈ ਪੁੱਛ ਪੜਤਾਲ ਤੋਂ ਵਿਜੀਲੈਂਸ ਨੂੰ ਕਈ ਤਰ੍ਹਾਂ ਦੇ ਸ਼ੰਕੇ ਸਨ। ਇਸ ਤੋਂ ਇਲਾਵਾ ਚੰਨੀ ਨੂੰ ਜਾਇਦਾਦ ਅਤੇ ਬੈਂਕ ਖਾਤਿਆਂ ਵਿੱਚ ਪਏ ਪੈਸੇ ਦੀ ਜਾਣਕਾਰੀ ਦੇਣ ਲਈ ਵੀ ਕਿਹਾ ਗਿਆ ਸੀ।ਇਕ ਮਹੀਨਾ ਲੰਘਣ ਤੋਂ ਬਾਅਦ ਵੀ ਚਰਨਜੀਤ ਸਿੰਘ ਚੰਨੀ ਨੇ ਇਹ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਸੀ। ਹੁਣ ਇਸੇ ਕਾਰਨ ਚੰਨੀ ਨੂੰ ਮੁੜ ਸੰਮਨ ਭੇਜੇ ਗਏ ਹਨ।
ਦਰਅਸਲ 13 ਜੂਨ ਨੂੰ ਵੀ ਚਰਨਜੀਤ ਸਿੰਘ ਨੂੰ ਵਿਜੀਲੈਂਸ ਹੈੱਡਕੁਆਰਟਰ ਪ੍ਰੋਫਾਰਮਾ ਭਰ ਕੇ ਲਿਆਉਣ ਲਈ ਵੀ ਕਿਹਾ ਗਿਆ ਹੈ। ਪਹਿਲਾਂ ਜਦੋਂ ਪੇਸ਼ੀ ਉੱਤੇ ਚਰਨਜੀਤ ਸਿੰਘ ਚੰਨੀ ਆਏ ਸਨ ਤਾਂ ਉਨ੍ਹਾਂ ਕਿਹਾ ਸੀ ਕਿ ਮੈਨੂੰ ਗ੍ਰਿਫਤਾਰ ਕਰਨ ਦੇ ਹੁਕਮ ਹਨ ਤਾਂ ਗ੍ਰਿਫਤਾਰ ਕਰੋ ਪਰ ਤੰਗ ਨਾ ਕੀਤਾ ਜਾਵੇ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਸੀਐੱਮ ਚੰਨੀ ਵਿਚਾਲੇ ਵਿਵਾਦ ਲਗਾਤਾਰ ਗਰਮਾਇਆ ਹੋਇਆ ਸੀ। ਕ੍ਰਿਕਟਰ ਜਸਇੰਦਰ ਸਿੰਘ ਨੂੰ ਨੌਕਰੀ ਦੇਣ ਬਦਲੇ 2 ਕਰੋੜ ਰੁਪਏ ਦੀ ਮੰਗ ਕਰਨ ਦੇ ਇਲਜ਼ਾਮ ਮੌਜੂਦਾ ਮੁੱਖ ਮੰਤਰੀ ਨੇ ਸਾਬਕਾ ਸੀਐੱਮ ਚੰਨੀ ਉੱਤੇ ਲਾਏ ਸਨ। ਮਾਮਲੇ ਉੱਤੇ ਸਫ਼ਾਈ ਦਿੰਦਿਆਂ ਸਾਬਕਾ ਸੀਐੱਮ ਚੰਨੀ ਨੇ ਆਪਣੇ ਭਾਣਜੇ ਨੂੰ ਵੀ ਨਾਲ ਬਿਠਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਜੋ ਵੀ ਇਲਜ਼ਾਮ ਲਾਏ ਨੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਰਫ਼ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਇਹ ਸਾਰਾ ਡਰਾਮਾ ਰਚ ਰਹੇ ਹਨ।
ਨੌਕਰੀ ਦੇਣ ਬਦਲੇ ਬਦਨਾਮੀ ਦੀ ਸ਼ਰਤ: ਚਰਨਜੀਤ ਚੰਨੀ ਨੇ ਕਿਹਾ ਕਿ ਉਹ ਇਲਜ਼ਾਮ ਲਗਾਉਣ ਵਾਲੇ ਕ੍ਰਿਕਟਰ ਦੇ ਸੰਪਰਕ ਵਿੱਚ ਭਾਵੇਂ ਆਏ ਹੋਣ ਪਰ ਉਨ੍ਹਾਂ ਨੇ ਕਦੇ ਵੀ ਆਪਣੇ ਭਤੀਜੇ ਜਾਂ ਭਾਣਜੇ ਨੂੰ ਨੌਕਰੀ ਬਦਲੇ ਕਿਸੇ ਤੋਂ ਵੀ ਰਿਸ਼ਵਤ ਮੰਗਣ ਲਈ ਨਹੀਂ ਕਿਹਾ। ਨਾਲ ਹੀ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਇਲਜ਼ਾਮ ਲਗਾਉਣ ਵਾਲੇ ਕ੍ਰਿਕਟਰ ਨੂੰ ਨੌਕਰੀ ਦੇਣ ਦੀ ਸ਼ਰਤ ਉੱਤੇ ਇਹ ਸਾਰੀ ਕਾਰਵਾਈ ਕਰਨ ਲਈ ਕਿਹਾ ਹੋਵੇਗਾ। ਚੰਨੀ ਨੇ ਆਪਣੀਆਂ ਪਹਿਲੀਆਂ ਕਹੀਆਂ ਗੱਲਾਂ ਨੂੰ ਦੋਹਰਾਇਆ ਕਿ ਮੈਂ ਗੁਰੂ ਘਰ ਜਾ ਕੇ ਅਰਦਾਸ ਕੀਤੀ ਹੈ ਕਿ ਜੇਕਰ ਮੈਂ ਗਲਤ ਹਾਂ ਤਾਂ ਸਜ਼ਾ ਦਿੱਤੀ ਜਾਵੇ। ਚੰਨੀ ਨੇ ਕਿਹਾ ਸੀ ਕਿ ਮੈਂ ਹਜ਼ਾਰਾਂ ਨੌਕਰੀਆਂ ਦਿੱਤੀਆਂ। ਜੇਕਰ ਨੌਕਰੀਆਂ ਦੇਣ ਵਿੱਚ ਭ੍ਰਿਸ਼ਟਾਚਾਰ ਹੈ ਤਾਂ ਉਨ੍ਹਾਂ ਲੋਕਾਂ ਤੋਂ ਪੁੱਛੋ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ।