ਚੰਡੀਗੜ੍ਹ: IAS ਏ. ਵੇਣੂ ਪ੍ਰਸਾਦ ਨੇ ਸੋਮਵਾਰ ਨੂੰ ਮੁੱਖ ਮੰਤਰੀ ਦੇ ਅਹੁਦੇਦਾਰ ਭਗਵੰਤ ਮਾਨ ਦੇ ਵਧੀਕ ਮੁੱਖ ਸਕੱਤਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਵੇਣੂ ਪ੍ਰਸਾਦ ਸਾਲ 1991 ਬੈਚ ਦੇ ਆਈ.ਏ.ਐਸ. ਅਫ਼ਸਰ ਹਨ। ਉਹ ਹੁਸਨ ਲਾਲ ਦੀ ਥਾਂ ਲੈਣਗੇ।
'ਆਪ' ਨੇ 117 ਮੈਂਬਰੀ ਪੰਜਾਬ ਵਿਧਾਨ ਸਭਾ ਚੋਣਾਂ 'ਚ ਰਿਕਾਰਡ 92 ਸੀਟਾਂ ਜਿੱਤੀਆਂ ਹਨ। ਨਤੀਜੇ ਐਲਾਨੇ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਰਾਜਪਾਲ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਸੂਬੇ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਹੁਣ ਭਗਵੰਤ ਮਾਨ 16 ਮਾਰਚ ਨੂੰ ਨਵਾਂਸ਼ਹਿਰ ਜ਼ਿਲ੍ਹੇ ਦੇ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਖਟਕੜਕਲਾਂ 'ਚ ਹੋ ਰਹੀਆਂ ਤਿਆਰੀਆਂ
ਮੁੱਖ ਮੰਤਰੀ ਪੰਜਾਬ ਦੇ ਵਧੀਕ ਮੁੱਖ ਸਕੱਤਰ ਏ.ਵੇਣੂ ਪ੍ਰਸਾਦ ਨੇ ਸ਼ਹੀਦ ਭਗਤ ਸਿੰਘ ਅਜਾਇਬ ਘਰ ਅਤੇ ਸਮਾਰਕ ਵਿਖੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ 16 ਮਾਰਚ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।
ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਇਸ ਸਮਾਗਮ ਵਿੱਚ ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਸਮੇਤ ਕਈ ਪਤਵੰਤਿਆਂ ਦੇ ਵੀ ਪਹੁੰਚਣ ਦੀ ਸੰਭਾਵਨਾ ਹੈ, ਇਸ ਲਈ ਹਰੇਕ ਅਧਿਕਾਰੀ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਇਸੇ ਤਰ੍ਹਾਂ ਵੇਣੂ ਪ੍ਰਸਾਦ ਨੇ ਕਿਹਾ ਕਿ ਇਸ ਸਮਾਗਮ ਵਿੱਚ ਸੂਬੇ ਭਰ ਤੋਂ ਲੱਖਾਂ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਲਈ ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਉਣ ਵਾਲੇ ਪਤਵੰਤਿਆਂ ਅਤੇ ਹੋਰ ਲੋਕਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾਣ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਦਾ ਸੈਸ਼ਨ 17 ਮਾਰਚ ਤੋਂ ਹੋਵੇਗਾ ਸ਼ੁਰੂ, ਸੀਐਮ ਸਮੇਤ ਸਾਰੇ ਵਿਧਾਇਕ ਚੁੱਕਣਗੇ ਸਹੁੰ