ਚੰਡੀਗੜ੍ਹ: ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ ਬੁੱਧਵਾਰ ਨੂੰ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰਨ ਚੰਡੀਗੜ੍ਹ ਪਹੁੰਚੀ ਸੀ। ਉਨ੍ਹਾਂ ਨਾਲ ਇਹ ਮੀਟਿੰਗ ਦਾ ਵਾਅਦਾ 1 ਮਾਰਚ ਨੂੰ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਸੀ ਪਰ ਜਦੋ ਉਹ ਚੰਡੀਗੜ੍ਹ ਪਹੁੰਚੇ ਤਾਂ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਵੱਲੋਂ ਮੀਟਿੰਗ ਨਹੀ ਕੀਤੀ, ਸਗੋ ਇਸ ਦੇ ਉਲਟ ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਰਾਊਂਡਅਪ ਕਰਕੇ ਥਾਣਾ ਸੈਕਟਰ 3 ਭੇਜ ਦਿੱਤਾ ਗਿਆ।
ਇਸ ਬਾਰੇ ਗੱਲ ਕਰਦਿਆਂ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਇੱਕ ਮਾਰਚ ਨੂੰ ਜਦੋ ਆਪਣੀ ਮੰਗਾਂ ਸੰਬੰਧੀ ਬੇਰੁਜ਼ਗਾਰ ਯੂਨੀਅਨ ਦੇ ਵੱਲੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਘ ਸਿੰਗਲਾ ਦੇ ਘਰ ਦਾ ਘਿਰਾਓ ਕੀਤਾ ਗਿਆ ਤਾਂ ਉਨ੍ਹਾਂ ਨੂੰ 4 ਮਾਰਚ ਨੂੰ ਮੁੱਖ ਮੰਤਰੀ ਨਾਲ ਮਿਲਾਉਣ ਦਾ ਭਰੋਸਾ ਦਿੱਤਾ ਗਿਆ ਸੀ, ਜਿਸ ਦੇ ਤਹਿਤ ਬੁੱਧਵਾਰ ਨੂੰ ਉਹ ਚੰਡੀਗੜ੍ਹ ਪਹੁੰਚੇ ਸੀ ਪਰ ਇੱਥੇ ਆ ਕੇ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਨਾਲ ਮੀਟਿੰਗ ਨਹੀ ਕਾਰਵਾਈ ਗਈ, ਇਸ ਦੇ ਉਲਟ ਉਨ੍ਹਾ ਨੂੰ ਥਾਣੇ ਵਿੱਚ ਡੱਕ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਉਹ ਚੱਪਣੀਆਂ ਵੀ ਆਪਣੇ ਨਾਲ ਲੈ ਕੇ ਆਏ ਸੀ ਕਿਉਂਕਿ ਸਰਕਾਰ ਵਾਅਦਾ ਖ਼ਿਲਾਫ਼ੀ ਕਰਦੀ ਹੈ ਅਤੇ ਉਨ੍ਹਾਂ ਨੇ ਸਰਕਾਰ ਨੂੰ ਇਹ ਸੁਨੇਹਾ ਦੇਣਾ ਸੀ ਕਿ ਜੇ ਸਰਕਾਰ ਨੇ ਵਾਅਦੇ ਪੂਰੇ ਨਹੀਂ ਕਰਨੇ ਤਾਂ ਚੱਪਣੀਆਂ ਵਿੱਚ ਨੱਕ ਡੁਬੋ ਕੇ ਮਰ ਜਾਵੇ ਪਰ ਸੈਕਟਰ ਤਿੰਨ ਦੀ ਪੁਲਿਸ ਨੇ ਰਾਊਂਡਅਪ ਕਰਕੇ ਉਨ੍ਹਾਂ ਨੂੰ ਥਾਣੇ ਲਿਆਂਦਾ, ਜਦਕਿ ਉਹ ਵਿਧਾਨ ਸਭਾ ਬਾਹਰ ਸ਼ਾਂਤੀਪੂਰਵਕ ਮਾਰਚ ਕਰ ਰਹੇ ਸਨ।
ਇਹ ਵੀ ਪੜੋ:ਗੁਰਜੀਤ ਔਜਲਾ ਸਣੇ ਕਾਂਗਰਸ ਦੇ 7 ਸੰਸਦ ਮੈਂਬਰ ਮੁਅੱਤਲ
ਉਨ੍ਹਾਂ ਕਿਹਾ ਸਰਕਾਰ ਆਪਣੀ ਨਾਕਾਮੀ ਨੂੰ ਲੁਕਾਉਣ ਦੇ ਲਈ ਹੁਣ ਬੇਰੁਜ਼ਗਾਰ ਅਧਿਆਪਕਾਂ ਨੂੰ ਥਾਣੇ ਭੇਜਦਿਆਂ ਵੀ ਸੰਗ ਨਹੀਂ ਕਰਦੀ। ਢਿੱਲਵਾਂ ਨੇ ਕਿਹਾ ਕਿ ਜੇ ਸਰਕਾਰ ਆਪਣੀ ਵਾਅਦਾ ਖ਼ਿਲਾਫ਼ੀ ਕਰਨਾ ਬੰਦ ਨਹੀਂ ਕਰਦੀ ਤਾਂ ਉਹ ਜਲਦ ਹੀ ਤਿੱਖਾ ਸੰਘਰਸ਼ ਵਿੱਢਣ ਦੇ ਲਈ ਮਜ਼ਬੂਰ ਹੋਣਗੇ।