ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਚੱਲਦਿਆਂ ਲੌਕਡਾਊਨ ਚੱਲ ਰਿਹਾ ਹੈ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਆਉਣ ਵਾਲੇ ਸੈਸ਼ਨ ਨੂੰ ਲੈ ਕੇ ਗਾਈਡ ਲਾਇਨਜ਼ ਜਾਰੀ ਕੀਤੀ ਗਈਆਂ ਹਨ।
ਲੌਕਡਾਊਨ ਕਰਕੇ ਸਾਰੇ ਸਕੂਲ, ਕਾਲਜ ਯੂਨੀਵਰਸਿਟੀ ਬੰਦ ਪਏ ਹਨ, ਅਜਿਹੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਇਸੇ ਨੂੰ ਲੈ ਕੇ ਯੂਜੀਸੀ ਨੇ ਆਪਣਾ ਕੈਲੰਡਰ ਜਾਰੀ ਕੀਤਾ ਹੈ, ਜਿਸ ਵਿੱਚ ਯੂਜੀਸੀ ਨੇ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ 1 ਅਗਸਤ ਤੋਂ 2020-21 ਦਾ ਸੈਸ਼ਨ ਸ਼ੁਰੂ ਕਰਨ ਦੇ ਲਈ ਕਿਹਾ ਹੈ।
ਦੱਸਣਯੋਗ ਹੈ ਕਿ ਅਕੈਡਮਿਕ ਸੈਸ਼ਨ 2020-21 ਪੁਰਾਣੇ ਵਿਦਿਆਰਥੀਆਂ ਦੇ ਲਈ 1.8.2020 ਤੇ ਨਵੇਂ ਵਿਦਿਆਰਥੀਆਂ ਦੇ ਲਈ 1.9.2020 ਤੋਂ ਸ਼ੁਰੂ ਹੋਵੇਗਾ। ਯੂਜੀਸੀ ਵੱਲੋਂ ਜਾਰੀ ਕੈਲੰਡਰ ਵਿੱਚ ਕਿਹਾ ਗਿਆ ਹੈ ਕਿ ਦੂਜੇ ਤੇ ਤੀਜੇ ਸਾਲ ਦੇ ਵਿਦਿਆਰਥੀਆਂ ਦੇ ਲਈ 1 ਅਗਸਤ ਤੋਂ ਕਲਾਸਾਂ ਸ਼ੁਰੂ ਹੋਣਗੀਆਂ। ਜਦ ਕਿ ਪਹਿਲੇ ਸਮੈਸਟਰ ਦੇ ਲਈ ਨਵਾਂ ਬੈਚ 1 ਸਤੰਬਰ ਤੋਂ ਸ਼ੁਰੂ ਹੋਵੇਗਾ।ਇਸ ਤੋਂ ਇਲਾਵਾ 1 ਜਨਵਰੀ 2021 ਤੋਂ 25 ਜਨਵਰੀ 2021 ਤੱਕ ਪ੍ਰੀਖਿਆ ਹੋਵੇਗੀ।
ਦੂਜਾ ਸਮੈਸਟਰ 27 ਜਨਵਰੀ ਤੋਂ ਸ਼ੁਰੂ ਹੋ ਕੇ 25 ਮਈ ਤੱਕ ਹੋਵੇਗਾ। ਉੱਥੇ ਹੀ ਕੈਲੰਡਰ ਵਿੱਚ ਟੀਚਰਾਂ ਦੇ ਲਈ ਜਾਣਕਾਰੀ ਦਿੱਤੀ ਗਈ ਹੈ ਕਿ ਉਹ 25 ਫ਼ੀਸਦ ਸਿਲੇਬਸ ਆਨਲਾਈਨ ਕਲਾਸ ਵਿੱਚ ਪੂਰਾ ਕਰਵਾਉਣਗੇ ਤੇ 75 ਫ਼ੀਸਦ ਸਿਲੇਬਸ ਸਕੂਲ ਖੁੱਲ੍ਹਣ ਤੋਂ ਬਾਅਦ ਕਲਾਸ ਵਿੱਚ ਪੂਰਾ ਕਰਵਾਇਆ ਜਾਵੇ।
ਯੂਜੀਸੀ ਕੈਲੰਡਰ ਦੇ ਮੁਤਾਬਕ ਸਿਲੇਬਸ ਨੂੰ ਕੰਮ ਸਮੇਂ ਵਿੱਚ ਪੂਰਾ ਕਰਨ ਦੇ ਲਈ ਪ੍ਰੀਖਿਆ ਵਿੱਚ ਐੱਮ.ਸੀ.ਕਿਓ, ਓਪਨ ਬੁੱਕ ਟੈਸਟ ਤੇ ਅਸਾਈਨਮੈਂਟ ਦੇ ਅਨੁਸਾਰ ਵਿਦਿਆਰਥੀਆਂ ਦੇ ਨੰਬਰ ਲਗਾਏ ਜਾਣ। ਯੂਜੀਸੀ ਦੇ ਕੈਲੰਡਰ ਦੇ ਮੁਤਾਬਕ ਯੂਨੀਵਰਸਿਟੀਆਂ ਸਕਾਈਪ ਜਾਂ ਹੋਰ ਐਪ ਦੇ ਜ਼ਰੀਏ ਓਰਲ ਐਗਜ਼ਾਮ ਤੇ ਵਾਈਵਾ ਲੈ ਸਕਦੀਆਂ ਹਨ। ਇਸ ਤੋਂ ਇਲਾਵਾ ਯੂਜੀਸੀ ਵੱਲੋਂ ਇਕ ਕਮੇਟੀ ਬਣਾਈ ਗਈ ਹੈ ਜਿਹੜਾ ਕਿ ਪੇਪਰਾਂ ਤੋਂ ਲੈ ਕੇ ਦਾਖ਼ਲੇ ਤੱਕ ਕਈ ਜ਼ਰੂਰੀ ਸੁਝਾਅ ਦੇਵੇਗੀ।