ਚੰਡੀਗੜ੍ਹ: ਸਮਾਰਟ ਵਿਲੇਜ ਕੰਪੇਨ ਦੇ ਅਧੀਨ ਹੋ ਰਹੇ ਵਿਕਾਸ ਕਾਰਜਾਂ 'ਤੇ ਲੋਕਾਂ ਦੀ ਰਾਏ ਜਾਣਨ ਲਈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਸਮਾਰਟ ਵਿਲੇਜ ਮੋਬਾਈਲ ਐਪਲੀਕੇਸਨ ਲਾਂਚ ਕੀਤਾ ਗਿਆ। ਇਸ ਐਪ 'ਚ ਇੱਕ ਸਿਟੀਜ਼ਨ ਇੰਟਰਫੇਸ ਹੈ ਜੋ ਕਿ ਕਿਸੇ ਵੀ ਨਾਗਰਿਕ ਨੂੰ ਰਾਜ ਭਰ ਵਿੱਚ ਮੁਹਿੰਮ ਅਧੀਨ ਪ੍ਰਾਜੈਕਟਾਂ ਦੀ ਸਥਿਤੀ ਦੀ ਜਾਂਚ ਕਰਨ ਦੀ ਸਹੂਲਤ ਦਿੰਦਾ ਹੈ।
ਪੇਂਡੂ ਵਿਕਾਸ ਮੰਤਰੀ ਨੇ ਦੱਸਿਆ ਕਿ ਐਪ ਵਿੱਚ ਕੰਮਾਂ ਅਤੇ ਅਨੁਮਾਨਾਂ ਦੀਆਂ ਤਸਵੀਰਾਂ ਅਤੇ ਕਈ ਪੱਧਰਾਂ 'ਤੇ ਡੈਸਬੋਰਡਸ ਹਨ। ਇਸ ਨਾਲ ਕੰਮਾਂ ਦੀ ਨਿਗਰਾਨੀ ਵਿੱਚ ਪ੍ਰਸਾਸ਼ਨ ਦੀ ਸਹਾਇਤਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਮਾਰਟ ਵਿਲੇਜ ਮੁਹਿੰਮ ਪੰਜਾਬ ਵਿੱਚ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਤੇ ਪੇਂਡੂ ਖੇਤਰਾਂ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਹੈ।
ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਪੇਂਡੂ ਵਿਕਾਸ ਵਿਭਾਗ ਦੀ ਵਿੱਤ ਕਮਿਸ਼ਨਰ ਸੀਮਾ ਜੈਨ ਨੇ ਦੱਸਿਆ ਕਿ ਸਮਾਰਟ ਵਿਲੇਜ ਮੁਹਿੰਮ ਅਧੀਨ ਕੁੱਲ 796 ਕਰੋੜ ਰੁਪਏ ਦੀ ਰਕਮ ਉਪੱਲਬਧ ਕਰਵਾਈ ਗਈ ਹੈ ਤੇ 18808 ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਮੁਹਿੰਮ ਵਿੱਚ ਤਲਾਬਾਂ ਦੇ ਨਵੀਨੀਕਰਣ, ਸਟ੍ਰੀਟ ਲਾਈਟਾਂ, ਪਾਰਕਾਂ, ਜਿਮਨੇਜੀਅਮ, ਕਮਿਊਨਟੀ ਹਾਲ, ਪੀਣ ਵਾਲੇ ਪਾਣੀ ਦੀ ਸਪਲਾਈ, ਮਾਡਲ ਆਂਗਨਵਾੜੀ ਕੇਂਦਰ, ਸਮਾਰਟ ਸਕੂਲ ਅਤੇ ਸਾਲਿਡ ਵੇਸਟ ਮੈਨੇਜਮੈਂਟ ਵਰਗੇ ਕੰਮ ਸ਼ਾਮਿਲ ਹਨ। ਜੋ ਪੰਜਾਬ ਦੇ ਪਿੰਡਾਂ ਨੂੰ ਸਮਰੱਥ ਬਣਾ ਕੇ ਸਵੈ-ਨਿਰਭਰ ਬਣਾਇਆ ਜਾ ਸਕੇ।