ਨਵੀਂ ਦਿੱਲੀ: ਪੰਜਾਬ ਸਰਕਾਰ ਨੇ ਪਾਕਿਸਤਾਨ ਨੂੰ ਜਾ ਰਹੇ ਪਾਣੀ ਨੂੰ ਰੋਕ ਕੇ ਸੂਬੇ ਦੀਆਂ ਸਿੰਚਾਈ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਮਕੌੜਾ ਪੱਤਣ ਉੱਤੇ ਨਵਾਂ ਡੈਮ ਉਸਾਰਨ ਲਈ ਕੇਂਦਰ ਸਰਕਾਰ ਤੋਂ 412 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਹੈ।
ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਜਲ ਸਰੋਤਾਂ ਬਾਰੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਦੱਸਿਆ ਕਿ ਰਾਵੀ ਅਤੇ ਉਝ ਦਰਿਆਵਾਂ ਦੇ ਸੰਗਮ ਵਾਲੇ ਸਥਾਨ ਉੱਤੇ ਬਣਾਏ ਜਾਣ ਵਾਲੇ ਇਸ ਡੈਮ ਨਾਲ ਪਾਕਿਸਤਾਨ ਨੂੰ ਜਾਣ ਵਾਲੇ ਤਕਰੀਬਨ 600 ਕਿਉਸਿਕ ਪਾਣੀ ਨੂੰ ਸਿੰਚਾਈ ਲਈ ਵਰਤਿਆ ਜਾ ਸਕੇ।
ਬਾਜਵਾ ਅਤੇ ਸਰਕਾਰੀਆ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਇਸ ਡੈਮ ਤੋਂ 7 ਕਿਲੋਮੀਟਰ ਲੰਬੀ ਨਵੀਂ ਨਹਿਰ ਕੱਢ ਕੇ ਇਹ ਪਾਣੀ ਕਲਾਨੌਰ-ਰਮਦਾਸ ਨਹਿਰੀ ਪ੍ਰਣਾਲੀ ਵਿੱਚ ਪਾਇਆ ਜਾਵੇਗਾ ਜਿਸ ਨਾਲ ਸਰਹੱਦੀ ਖੇਤਰ ਵਿੱਚ ਪੈਂਦੇ ਸਿੰਚਾਈ ਸਹੂਲਤ ਤੋਂ ਸੱਖਣੇ ਤਕਰੀਬਨ ਇਕ ਲੱਖ ਏਕੜ ਕਰਬੇ ਨੂੰ ਲਾਹਾ ਮਿਲੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਹੱਦੀ ਖੇਤਰ ਦੇ ਤਕਰੀਬਨ 100 ਪਿੰਡਾਂ ਅਤੇ 6 ਕਸਬਿਆਂ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਸਕੇਗਾ।
ਦੂਜੇ ਪਾਸੇ ਨਿਤਿਨ ਗਡਕਰੀ ਨੇ ਇਸ ਤਜਵੀਜ਼ ਨਾਲ ਸਿਧਾਂਤਕ ਸਹਿਮਤੀ ਪ੍ਰਗਟਾਉਂਦਿਆਂ ਇਸ ਸਕੀਮ ਦੀ ਵਿਸਥਾਰਤ ਪ੍ਰਾਜੈਕਟ ਰਿਪੋਰਟ ਬਣਾਕੇ ਭੇਜਣ ਲਈ ਕਿਹਾ ਤਾਂ ਜੋ ਇਸ ਕੌਮੀ ਹਿੱਤ ਵਾਲੇ ਪ੍ਰਾਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਇਸ ਦਾ ਸਾਰੇ ਪੱਖਾਂ ਤੋਂ ਤਕਨੀਕੀ ਨਿਰੀਖਣ ਕਰਵਾਇਆ ਜਾ ਸਕੇ।
![undefined](https://s3.amazonaws.com/saranyu-test/etv-bharath-assests/images/ad.png)