ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅੱਜ ਚੰਡੀਗੜ੍ਹ ਵਿਖੇ ਕੋਰ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ ਵਿੱਚ ਪੰਜਾਬ ਦੀ ਮੌਜੂਦਾ ਅਮਨ-ਕਾਨੂੰਨ ਦੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਸ਼੍ਰੋਮਣੀ ਅਕਾਲੀ ਦਲ ਦੀ ਆਉਣ ਵਾਲੀ ਰਣਨੀਤੀ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਨਾਲ ਸਬੰਧਤ ਹੋਰ ਮਾਮਲੇ ਵੀ ਵਿਚਾਰੇ ਜਾਣਗੇ।
ਕੈਬਿਨੇਟ ਮੰਤਰੀ ਵੱਲੋਂ ਮਾਫੀਆ ਕਹੇ ਜਾਣ 'ਤੇ ਭੜਕੇ ਸੁਖਬੀਰ ਬਾਦਲ: ਅਕਾਲੀ ਦਲ ਨੇਤਾ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਗੱਲ ਕਹੀ ਹੈ। ਬਾਦਲ ਅਨੁਸਾਰ ਉਨ੍ਹਾਂ ਨੂੰ ਮੰਤਰੀ ਭੁੱਲਰ ਨੇ ਟਰਾਂਸਪੋਰਟ 'ਮਾਫੀਆ' ਕਿਹਾ ਹੈ, ਜਦਕਿ ਇਸ ਮਾਮਲੇ 'ਚ ਮੰਤਰੀ ਭੁੱਲਰ ਨੇ ਕਿਹਾ ਹੈ ਕਿ ਉਨ੍ਹਾਂ ਅਜਿਹਾ ਕੁਝ ਨਹੀਂ ਕਿਹਾ।
ਇਨ੍ਹਾਂ ਹੋਰ ਮੁੱਦਿਆਂ 'ਤੇ ਵੀ ਹੋ ਸਕਦੀ ਹੈ ਚਰਚਾ: ਮਾਨ ਸਰਕਾਰ ਨੇ ਬਾਦਲ ਪਰਿਵਾਰ ਦੀਆਂ ਬੱਸਾਂ ਦੇ ਚੰਡੀਗੜ੍ਹ ਵਿੱਚ ਦਾਖ਼ਲੇ 'ਤੇ ਪਾਬੰਦੀ ਲਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਦੇ ਇਸ ਫੈਸਲੇ ਨੂੰ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਬੈਠਕ 'ਚ ਇਸ ਮਾਮਲੇ 'ਤੇ ਵੀ ਚਰਚਾ ਹੋ ਸਕਦੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਟੋਲ ਪਲਾਜ਼ਿਆਂ ਰਾਹੀਂ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਕੀਤੀ ਗਈ ਹੈ, ਇਸ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ।
ਸਰਕਾਰੀ ਬੱਸ ਮੁਲਾਜ਼ਮਾਂ ਵੱਲੋਂ ਫੈਸਲੇ ਦਾ ਸੁਆਗਤ : ਆਮ ਲੋਕਾਂ ਦੇ ਨਾਲ ਸਰਕਾਰੀ ਬੱਸਾਂ ਦੇ ਡਰਾਈਵਰਾਂ ਅਤੇ ਹੋਰ ਕਾਮਿਆਂ ਨੇ ਵੀ ਇਸ ਫੈਸਲੇ ਦਾ ਸੁਆਗਤ ਕੀਤਾ। ਸਰਕਾਰੀ ਬੱਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਚੰਗਾ ਹੈ। ਉਨ੍ਹਾਂ ਕਿਹਾ ਕਿ 2007 ਤੋਂ ਲੈ ਕੇ 2017 ਤੱਕ 10 ਸਾਲ ਜਦੋਂ ਬਾਦਲ ਸਰਕਾਰ ਸੂਬੇ ਵਿੱਚ ਕਾਬਜ਼ ਸੀ ਉਦੋਂ ਉਹਨਾਂ ਨੇ ਆਪਣੀ ਬੱਸਾਂ ਦੇ ਕਾਰੋਬਾਰ ਨੂੰ ਵਧਾਉਣ ਲਈ ਆਪਣੇ ਮੁਤਾਬਕ ਨੀਤੀਆਂ ਦੇ ਵਿੱਚ ਤਬਦੀਲੀ ਕੀਤੀ ਸੀ। ਪਰ, ਹੁਣ ਇਸ ਉਤੇ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਵੀ ਇਸ ਬੱਸ ਮਾਫੀਆ 'ਤੇ ਕਾਫੀ ਹੱਦ ਤੱਕ ਲਗਾਮ ਲਗਾਈ ਸੀ ਪਰ ਹੁਣ ਟਰਾਂਸਪੋਰਟ ਮੰਤਰੀ ਨੇ ਇਸ 'ਤੇ ਸਖ਼ਤ ਫੈਸਲਾ ਲਿਆ ਹੈ। ਜੋ ਇਹ ਪਾਬੰਦੀ ਲਾਉਣ ਦਾ ਫੈਸਲਾ ਸ਼ਲਾਘਾਯੋਗ ਹੈ ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰੀ ਬੱਸਾਂ ਵਿਚ ਵਾਧਾ ਹੋਵੇਗਾ ਲੋਕਾਂ ਨੂੰ ਵੀ ਘੱਟ ਰੇਟਾਂ 'ਤੇ ਸਫਰ ਕਰਨ ਦਾ ਫਾਇਦਾ ਮਿਲੇਗਾ।
ਇਹ ਵੀ ਪੜ੍ਹੋ: ਪੀਲੀਭੀਤ ਸਿੱਖ ਐਨਕਾਊਂਟਰ ਮਾਮਲੇ 'ਚ ਕੋਰਟ ਨੇ ਬਦਲਿਆ ਫੈਸਲਾ, ਉਮਰ ਕੈਦ ਦੀ ਸਜ਼ਾ ਘਟਾ ਕੀਤੀ 7 ਸਾਲ