ਚੰਡੀਗੜ੍ਹ: ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਭਲਵਾਨ ਕਰਤਾਰ ਸਿੰਘ ਨੇ ਏਸ਼ੀਅਨ ਖੇਡਾਂ ਵਿੱਚ ਸਹੀ ਭਲਵਾਨਾਂ ਦੀ ਚੋਣ ਕਰਨ ਲਈ ਕੌਮੀ ਪੱਧਰ ਦੀ ਰੈਸਲਿੰਗ ਚੈਂਪੀਅਨਸ਼ਿਪ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਨਸੀ ਸ਼ੋਸ਼ਣ ਦੇ ਮਾਮਲੇ ਕਾਰਨ ਭਲਵਾਨਾਂ ਦਾ ਮਨੋਬਲ ਵੀ ਡਿੱਗਾ ਹੈ ਅਤੇ ਭਾਰਤੀ ਕੁਸ਼ਤੀ ਨੂੰ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਭਾਰਤ ਵਿਚ ਕੌਮੀ ਪੱਧਰ ਦੀ ਕੁਸ਼ਤੀ ਚੈਂਪੀਅਨਸ਼ਿਪ ਕਰਵਾਈ ਜਾਵੇ, ਉਸ ਤੋਂ ਬਾਅਦ ਹੀ ਜ਼ਿਲ੍ਹਾ ਅਤੇ ਸੂਬਾ ਪੱਧਰ ਦੀਆਂ ਚੈਂਪੀਅਨਸ਼ਿਪ ਵੀ ਕਰਵਾਈਆਂ ਜਾ ਸਕਦੀਆਂ ਹਨ।
10 ਅਗਸਤ ਤੋਂ ਪਹਿਲਾਂ ਹੋਣੀਆਂ ਜ਼ਰੂਰੀ : ਕਰਤਾਰ ਸਿੰਘ ਨੇ ਖੇਡ ਮੰਤਰੀ ਅਤੇ ਖੇਡ ਵਿਭਾਗ ਤੋਂ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਰਾਸ਼ਟਰੀ ਖੇਡਾਂ ਕਰਵਾਈਆਂ ਜਾਣ ਤਾਂ ਜੋ 10 ਅਗਸਤ ਤੋਂ ਪਹਿਲਾਂ ਖਿਡਾਰੀਆਂ ਦੇ ਨਾਵਾਂ ਦੀ ਸੂਚੀ ਓਲੰਪਿਕ ਖੇਡਾਂ ਲਈ ਭੇਜੀ ਜਾ ਸਕੇ। ਇਸ ਨਾਲ ਚੁਣੇ ਗਏ ਪਹਿਲੇ ਚਾਰ ਖਿਡਾਰੀਆਂ ਦਾ ਟ੍ਰਾਇਲ ਵੀ ਵੇਲੇ ਸਿਰ ਹੋ ਸਕੇਗਾ। 10 ਅਗਸਤ ਤੋਂ ਪਹਿਲਾਂ ਏਸ਼ੀਅਨ ਖੇਡਾਂ ਵਾਸਤੇ ਨਾਮ ਭੇਜਣੇ ਜ਼ਰੂਰੀ ਹਨ ਜਿਸ ਕਰਕੇ ਕੌਮੀ ਖੇਡਾਂ 10 ਅਗਸਤ ਤੋਂ ਪਹਿਲਾਂ ਹੋਣੀਆਂ ਜ਼ਰੂਰੀ ਹਨ।
ਪੰਜਾਬ ਰੈਸਲਿੰਗ ਐਸੋਸੀਏਸ਼ਨ ਕੋਚ ਆਰਐਸ ਕੁੰਡੂ ਨੇ ਕਿਹਾ ਕਿ ਭਲਵਾਨਾਂ ਦੇ ਧਰਨੇ ਕਾਰਨ ਪਿਛਲੇ 6 ਮਹੀਨਿਆਂ ਤੋਂ ਕੁਸ਼ਤੀ ਨਾਲ ਜੁੜਿਆ ਕੋਈ ਵੀ ਮੁਕਾਬਲਾ ਨਹੀਂ ਹੋ ਰਿਹਾ। ਇਸ ਮਾਮਲੇ ਵਿੱਚ ਦੋਸ਼ੀ ਕੌਣ ਹੈ ਇਹ ਤੈਅ ਕਰਨਾ ਸਾਡਾ ਕੰਮ ਨਹੀਂ ਹੈ। ਭਲਵਾਨਾਂ ਦੇ ਧਰਨੇ ਕਾਰਨ ਕੁਸ਼ਤੀ ਨੂੰ ਨੁਕਸਾਨ ਹੋਇਆ ਹੈ। ਭਲਵਾਨਾਂ ਨੂੰ ਬਚਾਉਣਾ ਸਾਡੀ ਜਿੰਮੇਦਾਰੀ ਹੈ। ਕੁਸ਼ਤੀ ਐਸੋਸੀਏਸ਼ਨ ਦੀਆਂ ਚੋਣਾਂ ਲਈ 17 ਜੁਲਾਈ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਨੂੰ ਡਰ ਹੈ ਕਿ 17 ਜੁਲਾਈ ਨੂੰ ਵੀ ਚੋਣਾਂ ਨਹੀਂ ਹੋਣਗੀਆਂ। ਚੋਣਾਂ ਦੀ ਤਰੀਕ ਜਿੰਨੀ ਲੰਬੀ ਜਾਵੇਗੀ, ਉਨਾਂ ਹੀ ਨੁਕਸਾਨ ਹੋਵੇਗਾ।
ਕੁੰਡੂ ਦਾ ਕਹਿਣਾ ਹੈ ਕਿ 6000 ਬੱਚੇ ਟ੍ਰਾਇਲ ਦਿੰਦੇ ਤਾਂ ਉਹਨਾਂ ਨੂੰ ਨੈਸ਼ਨਲ ਮੈਰਿਟ ਸਰਟੀਫਿਕੇਟ ਮਿਲਦੇ, ਜਿਹਨਾਂ ਦੇ ਅਧਾਰ 'ਤੇ ਇਹਨਾਂ ਨੂੰ ਨੌਕਰੀ ਮਿਲਦੀ, ਪ੍ਰਮੋਸ਼ਨ ਮਿਲਦੀ ਅਤੇ ਇਨਾਮੀ ਰਾਸ਼ੀ ਮਿਲਦੀ। ਕੁਸ਼ਤੀਆਂ 'ਚ ਆਈਆਂ ਚੁਣੌਤੀਆਂ ਕਾਰਨ ਇਹ ਸਾਰੇ ਬੱਚੇ ਆਪਣੇ ਹੱਕਾਂ ਤੋਂ ਵਾਂਝੇ ਰਹਿ ਗਏ ਹਨ। ਅੱਗੇ ਤੋਂ ਅਜਿਹੇ ਬੱਚੇ ਵਾਂਝੇ ਨਾ ਰਹਿਣ ਇਸ ਲਈ ਉਹ ਰਣਨੀਤੀ ਬਣਾਉਣ ਜਾ ਰਹੇ ਹਨ।