ਚੰਡੀਗੜ੍ਹ ਡੈਸਕ : ਕੇਂਦਰ ਸਰਕਾਰ ਨੇ ਇੱਕਲੇ ਦੇਖਭਾਲ ਕਰਨ ਵਾਲੇ ਮਾਤਾ ਜਾਂ ਪਿਤਾ ਲਈ ਵੱਡਾ ਫੈਸਲਾ ਕੀਤਾ ਹੈ। ਕੇਂਦਰੀ ਅਮਲਾ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਸਰਕਾਰੀ ਕਰਮਚਾਰੀ ਮਹਿਲਾ ਜਾਂ ਇਕੱਲੇ ਮਰਦ 730 ਦਿਨਾਂ ਦੀ ਬਾਲ ਦੇਖਭਾਲ ਛੁੱਟੀ ਦੇ ਯੋਗ ਹੋਣਗੇ।ਕੇਂਦਰੀ ਮੰਤਰੀ ਨੇ ਕਿਹਾ ਕਿ ਸੰਘ ਦੇ ਮਾਮਲਿਆਂ ਸਬੰਧੀ ਸਿਵਲ ਸੇਵਾਵਾਂ ਅਤੇ ਹੋਰ ਅਹੁਦਿਆਂ 'ਤੇ ਨਿਯੁਕਤ ਮਹਿਲਾ ਸਰਕਾਰੀ ਕਰਮਚਾਰੀ ਅਤੇ ਇਕੱਲੇ ਪੁਰਸ਼ ਸਰਕਾਰੀ ਕਰਮਚਾਰੀ ਕੇਂਦਰੀ ਸਿਵਲ ਸੇਵਾਵਾਂ ਦੇ ਨਿਯਮ-1972 ਦੇ ਨਿਯਮ 43-ਸੀ ਤਹਿਤ ਬੱਚਿਆਂ ਦੇ ਦੇਖਭਾਲ ਲਈ ਛੁੱਟੀ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ 18 ਸਾਲ ਦੀ ਉਮਰ ਤੱਕ ਦੇ ਦੋ ਸਭ ਤੋਂ ਵੱਡੇ ਬੱਚਿਆਂ ਦੀ ਦੇਖਭਾਲ ਕਰਨ ਲਈ ਕਰਮਚਾਰੀ ਰਹਿੰਦਿਆਂ ਵੱਧ 730 ਦਿਨਾਂ ਲਈ ਛੁੱਟੀ ਲੈ ਸਕਦੇ ਹਨ। ਹਾਲਾਂਕਿ ਦਿਵਿਆਂਗ ਬੱਚੇ ਦੇ ਮਾਮਲੇ ਵਿੱਚ ਕੋਈ ਉਮਰ ਹੱਦ ਨਹੀਂ ਹੈ।
ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਦੀ ਸਰਕਾਰ ਵੀ ਆਪਣੇ ਕਰਮਚਾਰੀਆਂ ਨੂੰ 12 ਮਹੀਨਿਆਂ ਦੀ ਜਣੇਪਾ ਛੁੱਟੀ ਅਤੇ ਇੱਕ ਮਹੀਨੇ ਦੀ ਜਣੇਪਾ ਛੁੱਟੀ ਦੇ ਰਿਹਾ ਹੈ। ਇਹ ਫੈਸਲਾ ਵੀ ਇਸ ਤੋਂ ਬਾਅਦ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਸਰਕਾਰੀ ਕਰਮਚਾਰੀ ਆਪਣੇ ਨਿਆਣਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਸਕਦੇ ਹਨ। ਇਹ ਵੀ ਯਾਦ ਰਹੇ ਕਿ ਮੈਟਰਨਿਟੀ ਬੈਨੀਫਿਟ ਐਕਟ 1961 ਦੁਆਰਾ ਹੀ ਜਣੇਪਾ ਛੁੱਟੀ ਮਿਲਦੀ ਹੈ। ਇਸ ਨਾਲ ਔਰਤਾਂ ਨੂੰ ਛੇ ਮਹੀਨਿਆਂ ਲਈ ਪੇਡ ਮੈਟਰਨਿਟੀ ਲੀਵ ਮਿਲਦੀ ਹੈ। ਹਾਲਾਂਕਿ ਸਿੰਗਾਪੁਰ ਦੋ ਹਫ਼ਤਿਆਂ ਦੀ ਪੇਡ ਪੈਟਰਨਿਟੀ ਛੁੱਟੀ ਦਿੰਦਾ ਹੈ।
ਇਸੇ ਤਰ੍ਹਾਂ ਸਪੇਨ 16 ਹਫ਼ਤਿਆਂ ਦੀ ਅਤੇ ਸਵੀਡਨ ਵਿੱਚ ਮਰਦਾਂ ਨੂੰ ਉਨ੍ਹਾਂ ਦੀ ਪੇਰੈਂਟਲ ਲੀਵ ਵਿੱਚ ਤਿੰਨ ਮਹੀਨੇ ਰਾਖਵੇਂ ਕੀਤੇ ਗਏ ਹਨ। ਦੂਜੇ ਪਾਸੇ ਫਿਨਲੈਂਡ 164 ਦਿਨਾਂ, ਕੈਨੇਡਾ ਪੰਜ ਵਾਧੂ ਹਫ਼ਤਿਆਂ ਦੀ ਛੁੱਟੀ ਦਿੰਦਾ ਹੈ। ਹਾਲਾਂਕਿ ਯੂਕੇ 50 ਹਫ਼ਤਿਆਂ ਤੱਕ ਦੀ ਮਾਤਾ ਪਿਤਾ ਨੂੰ ਸਾਂਝੀ ਛੁੱਟੀ ਦਿੰਦਾ ਹੈ।