ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 'ਆਪ' ਨੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਔਨਲਾਈਨ ਸੁਰੂ ਕੀਤੀ ਸੀ। ਜਿਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਮੰਗਲਵਾਰ ਨੂੰ ਵਿਧਾਨ ਸਭਾ ਦੀਆਂ ਕਾਰਵਾਈਆਂ ਸਬੰਧੀ ਕਿਤਾਬ "ਪੰਜਾਬ ਵਿਧਾਨ ਸਭਾ ਦੀਆਂ ਬੈਠਕਾਂ ਦੇ ਬੁਲੇਟਿਨ (1960-2021)" ਆਪਣੇ ਦਫ਼ਤਰ ਵਿਖੇ ਜਾਰੀ ਕੀਤੀ। ਕੁਲਤਾਰ ਸਿੰਘ ਸੰਧਵਾਂ ਨਾਲ ਇਸ ਮੌਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਸਕੱਤਰ ਸੁਰਿੰਦਰ ਪਾਲ ਮੌਜੂਦ ਸਨ।
ਤਿੰਨ ਭਾਗਾਂ ਵਿਚ ਪ੍ਰਕਾਸ਼ਿਤ ਕੀਤੀ ਗਈ ਕਿਤਾਬ:- ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਤਿੰਨ ਭਾਗਾਂ ਵਿੱਚ ਪ੍ਰਕਾਸ਼ਿਤ ਕਰਵਾਈ ਗਈ ਇਸ ਕਿਤਾਬ ਨੂੰ ਇਤਿਹਾਸਿਕ ਦਸਤਾਵੇਜ਼ ਕਰਾਰ ਦਿੰਦਿਆਂ ਸਪੀਕਰ ਸੰਧਵਾਂ ਨੇ ਕਿਤਾਬ ਛਪਵਾਉਣ ਵਾਲੀ ਰਿਪੋਰਟਰ ਸ਼ਾਖਾ ਨੂੰ ਇਸ ਕਾਰਜ ਲਈ ਵਧਾਈ ਦਿੱਤੀ। ਸਪੀਕਰ ਨੇ ਦੱਸਿਆ ਕਿ ਇਹ ਕਿਤਾਬ ਦੇਸ਼ ਦੀਆਂ ਸਮੂਹ ਰਾਜ ਵਿਧਾਨ ਸਭਾਵਾਂ ਅਤੇ ਪਾਰਲੀਮੈਂਟ ਦੇ ਇਤਿਹਾਸ ਵਿੱਚ ਅਜਿਹੀ ਪਹਿਲੀ ਕਿਤਾਬ ਹੈ ਜਿਸ ਵਿੱਚੋਂ ਸਾਲ 1960 ਤੋਂ ਲੈ ਕੇ ਹੁਣ ਤੱਕ ਦੀ ਕੋਈ ਵੀ ਸੂਚਨਾ ਸਾਰ-ਅੰਸ਼ ਦੇ ਰੂਪ ਵਿੱਚ ਸਹਿਜੇ ਹੀ ਪ੍ਰਾਪਤ ਕੀਤੀ ਜਾ ਸਕੇਗੀ।
ਸਾਰੇ ਬੁਲੇਟਿਨਸ ਨੂੰ ਇਕੱਤਰ ਕੀਤਾ:- ਉਨ੍ਹਾਂ ਦੱਸਿਆ ਕਿ ਇਸ ਕਿਤਾਬ ਵਿੱਚ ਸਾਲ 1960 ਤੋਂ 2021 ਦੇ ਸਾਰੇ ਬੁਲੇਟਿਨ ਨੂੰ ਇੱਕ ਥਾਂ ਇਕੱਤਰ ਕੀਤਾ ਗਿਆ ਹੈ ਅਤੇ ਪਾਠਕਾਂ ਦੀ ਜਾਣਕਾਰੀ ਲਈ ਪੰਜਾਬ ਦੇ ਹੁਣ ਤੱਕ ਦੇ ਰਾਜਪਾਲਾਂ, ਮੁੱਖ ਮੰਤਰੀਆਂ, ਸਪੀਕਰਾਂ, ਡਿਪਟੀ ਸਪੀਕਰਾਂ, ਵਿਧਾਨ ਸਭਾ ਸਕੱਤਰਾਂ ਦੇ ਨਾਂ ਤੇ ਉਨ੍ਹਾਂ ਦੇ ਕਾਰਜਕਾਲ ਦਾ ਸਮਾਂ, ਵਿਧਾਨ ਸਭਾ ਦੀ ਪਹਿਲੀ ਅਸੈਂਬਲੀ ਤੋਂ ਲੈ ਕੇ 16ਵੀਂ ਅਸੈਂਬਲੀ ਤੱਕ ਦੇ ਸਾਰੇ ਕਾਰਜਕਾਲ ਅਤੇ ਸਮੇਂ-ਸਮੇਂ 'ਤੇ ਰਹੇ ਰਾਸ਼ਟਰਪਤੀ ਰਾਜ ਦਾ ਸਮਾਂ ਵੀ ਦਰਸਾਇਆ ਗਿਆ ਹੈ।
ਵਿਧਾਨ ਸਭਾ ਦਾ ਸੰਗ੍ਰਹਿ:- ਦੱਸ ਦੇਈਏ ਕਿ ਵਿਧਾਨ ਸਭਾ ਵੱਲੋਂ ਇਸ ਤੋਂ ਪਹਿਲਾਂ ਤਿੰਨ ਕਿਤਾਬਾਂ "ਚੇਅਰ ਵੱਲੋਂ ਲਏ ਫ਼ੈਸਲੇ", "ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਮਤੇ" ਅਤੇ "ਪੰਜਾਬ ਵਿਧਾਨ ਸਭਾ ਦੇ ਮੈਂਬਰ ਸਾਹਿਬਾਨ ਦੇ ਵੇਰਵਿਆਂ ਦਾ ਸੰਗ੍ਰਹਿ" ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ।
ਪਹਿਲੀ ਵਾਰ ਵਿਧਾਨ ਸਭਾ ਦੇ ਸਪੀਕਰ ਬਣੇ ਕੁਲਤਾਰ ਸੰਧਵਾਂ :- ਕੁਲਤਾਰ ਸੰਧਵਾਂ ਕੋਟਕਪੁਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੂਜੀ ਵਾਰ ਵਿਧਾਇਕ ਬਣੇ ਅਤੇ ਸੂਬੇ ਦੀ ਸੱਤਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣੇ ਹਨ। ਆਮ ਆਦਮੀ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ਜਿੱਤ ਕੇ ਸੋਲ੍ਹਵੀਂ ਪੰਜਾਬ ਵਿਧਾਨ ਸਭਾ ਵਿੱਚ ਮਜ਼ਬੂਤ 79% ਬਹੁਮਤ ਹਾਸਲ ਕੀਤਾ। ਸੰਸਦ ਮੈਂਬਰ ਭਗਵੰਤ ਮਾਨ ਨੇ 16 ਮਾਰਚ 2022 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਪੰਜਾਬ ਦੇ ਸਿਆਸੀ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕਿਸੇ ਪਾਰਟੀ ਨੂੰ 92 ਸੀਟਾਂ ਮਿਲੀਆਂ ਹੋਣ।