ਚੰਡੀਗੜ੍ਹ: ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲਗਭਗ 10 ਮਹੀਨੇ ਬੀਤ ਚੁੱਕੇ ਨੇ ਪਰ ਹੁਣ ਤੱਕ ਕਤਲ ਪਿੱਛੇ ਰਹੇ ਮਾਸਟਰਮਾਈਂਡ ਆਜ਼ਾਦ ਘੁੰਮ ਰਹੇ ਨੇ ਜਿਸ ਨੂੰ ਲੈਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਪੰਜਾਬ ਵਿਧਾਨ ਸਭਾ ਬਾਹਰ ਧਰਨਾ ਵੀ ਲਗਾਇਆ ਗਿਆ। ਦੱਸ ਦਈਏ ਅੱਜ ਪੰਜਾਬ ਵਿਧਾਨ ਸਭਾ ਵਿੱਚ ਮੂਸੇਵਾਲਾ ਦੀ ਮੌਤ ਨੂੰ ਲੈਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਗੰਭੀਰ ਸਵਾਲ ਚੁੱਕੇ। ਪ੍ਰਤਾਪ ਬਾਜਵਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਸਿਆਸੀ ਕਿੜ ਕੱਢਣ ਲਈ ਮੂਸੇਵਲਾਲਾ ਦੀ ਸਿਕਿਓਰਿਟੀ ਨਾ ਘਟਾਈ ਜਾਂਦੀ ਅਤੇ ਉਸ ਦੀ ਸਿਕਿਓਰਿਟੀ ਘਟਾਏ ਜਾਣ ਸਬੰਧੀ ਮੀਡੀਆ ਅੰਦਰ ਰੋਲਾ ਨਾ ਪਾਇਆ ਜਾਂਦਾ ਤਾਂ ਮੂਸੇਵਾਲਾ ਉੱਤੇ ਇੰਨਾ ਵੱਡਾ ਹਮਲਾ ਨਾ ਹੁੰਦਾ ਅਤੇ ਉਹ ਸਾਡੇ ਵਿਚਕਾਰ ਹੁੰਦਾ ਅਤੇ ਨਾ ਹੀ ਇਨਸਾਫ਼ ਲਈ ਉਸ ਦੇ ਮਾਪਿਆਂ ਨੂੰ ਧੱਕੇ ਖਾਣੇ ਪੈਂਦੇ। ਇਸ ਤੋਂ ਬਾਅਦ ਮੂਸੇਵਾਲਾ ਦੇ ਮਸਲੇ ਉੱਤੇ ਸਦਨ ਅੰਦਰ ਤਲਖੀ ਵਧ ਗਈ ਅਤੇ ਪ੍ਰਤਾਪ ਬਾਜਵਾ ਦੀ ਅਗਵਾਈ ਵਿੱਚ ਕਾਂਗਰਸ ਆਗੂ ਵਾਕ ਆਊਟ ਕਰ ਗਏ।
ਕੈਬਨਿਟ ਮੰਤਰੀ ਨੇ ਦਿੱਤੀ ਸਫ਼ਾਈ: ਸਿੱਧੂ ਮੂਸੇਵਾਲਾ ਦੀ ਮੌਤ ਦਾ ਮਸਲਾ ਵਿਧਾਨ ਸਭਾ ਅੰਦਰ ਉੱਠਣ ਮਗਰੋਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਸਿਕਿਓਰਿਟੀ ਹਟਾਈ ਇਹ ਇਲਜ਼ਾਮ ਬਿਲਕੁਲ ਗਲਤ ਹੈ ਕਿਉਂਕਿ ਮੂਸੇਵਾਲਾ ਕੋਲ ਦੋ ਕਮਾਂਡੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਮੂਸੇਵਾਲਾ ਕੋਲ ਕਮਾਂਡੋ ਦੇ ਨਾਲ-ਨਾਲ ਆਪਣੀ ਬੁਲਟ ਪਰੂਫ਼ ਗੱਡੀ ਵੀ ਸੀ ਪਰ ਉਸ ਦਿਨ ਗਲਤੀ ਨਾਲ ਮੂਸੇਵਾਲਾ ਨਾ ਕਮਾਂਡੋ ਅਤੇ ਬੁਲਟ ਪਰੂਫ ਗੱਡੀ ਨੂੰ ਘਰ ਛੱਡ ਦਿੱਤਾ ਜਿਸ ਕਰਕੇ ਭਾਣਾ ਵਾਪਰਿਆ। ਉਨ੍ਹਾਂ ਕਿਹਾ ਨਾਮੀ ਗਾਇਕ ਦੇ ਜਾਣ ਦਾ ਸਭ ਨੂੰ ਦੁੱਖ ਹੈ ਪਰ ਪੰਜਾਬ ਸਰਕਾਰ ਨੇ ਵੀ ਮੂਸੇਵਾਲਾ ਦੀ ਮੌਤ ਮਗਰੋਂ ਸਖ਼ਤ ਐਕਸ਼ਨ ਲੈਂਦਿਆ ਕਾਰਵਾਈ ਕੀਤੀ ਹੈ।
ਮੂਸੇਵਾਲਾ ਕਤਲ ਕੇਸ ਵਿੱਚ ਕਾਰਵਾਈ: ਅਮਨ ਅਰੋੜਾ ਨੇ ਕਿਹਾ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਕੇਸ ਅੰਦਰ ਕੁੱਲ੍ਹ 40 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਵਿੱਚੋਂ 29 ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ 2 ਸ਼ੂਟਰ ਪੁਲਿਸ ਮੁਕਾਬਲੇ ਵਿੱਚ ਮਾਰੇ ਜਾ ਚੁੱਕੇ ਨੇ। ਉਨ੍ਹਾਂ ਕਿਹਾ ਕਿ ਇਸ ਸਮੇਂ ਕੁੱਲ੍ਹ ਮਿਲਾ ਕੇ ਪੰਜਾਬ ਸਰਕਾਰ ਦੀ ਗ੍ਰਿਫ਼ਤ ਤੋਂ ਉਹੀ ਮੁਲਜ਼ਮ ਆਜ਼ਾਦ ਨੇ ਜੋ ਦੇਸ਼ ਛੱਡ ਕੇ ਬਾਹਰ ਰਹਿ ਰਹੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੂਸੇਵਾਲਾ ਕੇਸ ਦੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰਕੇ ਭਾਰਤ ਲਿਆਉਣ ਲਈ ਲਗਾਤਾਰ ਕੇਂਦਰ ਅਤੇ ਬਾਹਰਲੇ ਮੁਲਕਾਂ ਨਾਲ ਰਾਬਤਾ ਕਾਇਮ ਕੀਤੇ ਹੋਏ ਹੈ। ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇੱਕ ਸਾਲ ਦੀ ਸਰਕਾਰ ਦੌਰਾਨ ਹੀ ਗੈਂਗਸਟਰ ਪੈਦਾ ਨਹੀਂ ਹੋਏ। ਉਨ੍ਹਾਂ ਨੇ ਪਿਛਲੇ ਸਾਲਾਂ ਦੇ ਵੇਰਵੇ ਦਿੰਦਿਆਂ ਕਿਹਾ ਕਿ ਰਿਵਾਇਤੀ ਪਾਰਟੀਆਂ ਸਮੇਂ ਗੈਂਗਸਟਰਾਂ ਦੀ ਪੁਸ਼ਤਪਨਾਹੀ ਕੀਤੀ ਗਈ ਅਤੇ ਅੱਜ ਉਨ੍ਹਾਂ ਦੇ ਹੌਂਸਲੇ ਬੁਲੰਦ ਨੇ । ਅਰੋੜਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਬਾਕੀ ਮਸਲਿਆਂ ਦੇ ਨਾਲ-ਨਾਲ ਹੁਣ ਕਾਨੂੰਨ ਵਿਵਸਥਾ ਨੂੰ ਵੀ ਸਹੀ ਕਰਨ ਲਈ ਯਤਨ ਕਰ ਰਹੀ ਹੈ।