ਚੰਡੀਗੜ੍ਹ: ਦੁਨੀਆ ਭਰ ‘ਚ ਵਿਸ਼ਵ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ ਅਤੇ ਟੀਕਾਕਰਨ ਦੀ ਅਹਿਮੀਅਤ ਸਮਝਾਈ ਜਾ ਰਹੀ ਹੈ। ਉਥੇ ਹੀ, ਪੰਜਾਬ ਦੀਆਂ ਧੀਆਂ ਅਜਿਹੇ ਟੀਕੇ ਤੋਂ ਵਾਂਝੀਆਂ ਹਨ, ਜੋ ਉਨ੍ਹਾਂ ਨੂੰ ਬੱਚੇਦਾਨੀ ਦੇ ਮੂੰਹ ਯਾਨਿ ਕਿ ਸਰਵੀਕਲ ਕੈਂਸਰ ਤੋਂ ਬਚਾ ਸਕਦਾ ਹੈ। ਉਸ ਟੀਕੇ ਦਾ ਨਾਂ ਹੈ ਐਚਪੀਵੀ। ਪੰਜਾਬ ਦੀਆਂ 13 ਪ੍ਰਤੀਸ਼ਤ ਔਰਤਾਂ ਸਰਵੀਕਲ ਕੈਂਸਰ ਤੋਂ ਪੀੜਤ ਹੁੰਦੀਆਂ ਹਨ। ਫਿਰ ਵੀ ਸਰਕਾਰੀ ਸਿਹਤ ਖੇਤਰ ਵਿਚ ਅਤੇ ਸਰਕਾਰੀ ਟੀਕਾਕਰਨ ਪ੍ਰਣਾਲੀ ਵਿਚ ਇਹ ਟੀਕਾ ਉਪਲਬਧ ਨਹੀਂ। ਦੂਜਾ ਇਹ ਵੀ ਹੈ ਕਿ ਇਸ ਟੀਕੇ ਦਾ ਪ੍ਰਚਾਰ ਅਤੇ ਪ੍ਰਸਾਰ ਘੱਟ ਹੋਣ ਕਾਰਨ ਜ਼ਿਆਦਾਤਰ ਲੋਕ ਇਸਤੋਂ ਜਾਗਰੂਕ ਹੀ ਨਹੀਂ।
ਮਾਹਿਰਾਂ ਦੀ ਮੰਨੀਏ ਤਾਂ ਇਕੱਲਾ ਪੰਜਾਬ ਦਾ ਸਿਹਤ ਖੇਤਰ ਹੀ ਵੈਕਸੀਨ ਤੋਂ ਵਾਂਝਾ ਨਹੀਂ ਬਲਕਿ ਦੇਸ਼ ਭਰ ਦੇ ਸੂਬਿਆ ਦੀਆਂ ਸਰਕਾਰਾਂ ਅਤੇ ਮੁਲਕ ਦੀ ਸਰਕਾਰ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਜਦਕਿ, ਪ੍ਰਾਈਵੇਟ ਹਸਪਤਾਲਾਂ ਵਿਚ ਮੋਟੇ ਪੈਸੇ ਦੇ ਕੇ ਇਹ ਟੀਕਾ ਅਸਾਨੀ ਨਾਲ ਲਗਵਾਇਆ ਜਾ ਸਕਦਾ ਹੈ। ਔਰਤਾਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਉਣ ਲਈ ਇਹ ਟੀਕਾ ਸੰਜੀਵਨੀ ਬੂਟੀ ਦਾ ਕੰਮ ਕਰਦਾ ਹੈ।
ਅਜੇ ਤੱਕ ਐਚਪੀਵੀ ਦੀ ਸ਼ੁਰੂਆਤ ਨਹੀਂ ਹੋਈ : ਪੰਜਾਬ ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਟੀਕਾਕਰਨ ਸ਼ੈਡਿਊਲ ਵਿਚ ਐਚਪੀਵੀ ਵੈਕਸੀਨ ਉਪਲਬਧ ਨਹੀਂ ਹੈ। ਹਾਲਾਂਕਿ ਬੀਤੇ ਸਾਲਾਂ ਵਿਚ ਪੰਜਾਬ ਦੇ ਦੋ ਜ਼ਿਲ੍ਹਿਆਂ ਵਿਚ ਇਸ ਦਾ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ। ਪਰ, ਕੁਝ ਕਾਰਨਾਂ ਕਰਕੇ ਉਹ ਠੱਪ ਹੋ ਗਿਆ। ਸਿਹਤ ਵਿਭਾਗ ਦਾ ਦਾਅਵਾ ਹੈ ਕਿ ਆਉਂਦੇ 6 ਤੋਂ 7 ਮਹੀਨਿਆਂ ਤੱਕ ਇਹ ਟੀਕਾ ਟੀਕਾਕਰਨ ਸ਼ੈਡਿਊਲ ਵਿਚ ਸ਼ਾਮਿਲ ਕਰ ਲਿਆ ਜਾਵੇਗਾ। ਪੰਜਾਬ ਦੇ ਮੌਜੂਦਾ ਟੀਕਾਕਰਨ ਸ਼ੈਡਿਊਲ ਵਿਚ ਬੀਸੀਜੀ, ਹੈਪੇਟਾਈਟਸ ਬੀ, ਓਪੀਵੀ, ਆਈਪੀਵੀ, ਪੈਂਟਾ, ਪੀਸੀਵੀ, ਰੋਟਾ, ਐਮਆਰ ਅਤੇ ਡੀਪੀਟੀ ਟੀਕੇ ਹੀ ਸ਼ਾਮਲ ਹਨ।
9 ਤੋਂ 12 ਦੀ ਉਮਰ ‘ਚ ਲੱਗਦਾ ਹੈ ਐਚਪੀਵੀ: ਐਚਪੀਵੀ ਦਾ ਟੀਕਾ 9 ਸਾਲ ਦੀ ਉਮਰ ਤੋਂ 12 ਸਾਲ ਦੀ ਉਮਰ ਤੱਕ ਦੀਆਂ ਲੜਕੀਆਂ ਨੂੰ ਲਗਾਇਆ ਜਾਂਦਾ ਹੈ। ਜੇਕਰ ਲੜਕੀਆਂ ਇਸਤੋਂ ਵਾਂਝੀਆਂ ਰਹਿ ਜਾਂਦੀਆਂ ਹਨ ਤਾਂ ਏਸੀਆਪੀ ਦੇ ਨਿਯਮਾਂ ਅਨੁਸਾਰ 26 ਸਾਲ ਦੀ ਉਮਰ ਤੱਕ ਇਹ ਟੀਕਾ ਲਗਵਾਇਆ ਜਾ ਸਕਦਾ ਹੈ। ਕਿਉਂਕਿ, ਸਰਵੀਕਲ ਕੈਂਸਰ ਸਿਰਫ਼ ਔਰਤਾਂ ਵਿਚ ਹੀ ਹੁੰਦਾ ਹੈ ਇਸੇ ਲਈ ਇਹ ਟੀਕਾ ਸਿਰਫ਼ ਲੜਕੀਆਂ ਨੂੰ ਹੀ ਲਗਾਇਆ ਜਾਂਦਾ ਹੈ।
ਇਹ ਵੀ ਪੜ੍ਹੋ : Extreme Heat: ਤੇਜ਼ ਗਰਮੀ ਤੋਂ ਖੁਦ ਨੂੰ ਬਚਾਉਣ ਲਈ ਇੱਥੇ ਦੇਖੋ ਕੁਝ ਤਰੀਕੇ
ਲੜਕੀਆਂ ਲਈ ਇਹ ਟੀਕਾ ਬਹੁਤ ਜ਼ਰੂਰੀ : ਟੀਕਾਕਰਨ ਅਤੇ ਬਾਲ ਰੋਗਾਂ ਦੇ ਮਾਹਿਰ ਡਾਕਟਰ ਵਿਕਰਮ ਸਿੰਘ ਬੇਦੀ ਮੁਤਾਬਿਕ ਲੜਕੀਆਂ ਅਤੇ ਔਰਤਾਂ ਦੀ ਜ਼ਿੰਦਗੀ ਬਚਾਉਣ ਲਈ ਇਹ ਟੀਕਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਬੱਚੇਦਾਨੀ ਦਾ ਕੈਂਸਰ ਜਾਨ ਲੇਵਾ ਹੁੰਦਾ ਹੈ ਅਤੇ ਐਚਪੀਵੀ ਬੱਚੇਦਾਨੀ ਦੇ ਦੁਆਲੇ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ। ਇਕ ਤਾਂ ਸਰਕਾਰੀ ਤੰਤਰ ਵਿਚ ਇਸ ਵੈਕਸੀਨ ਨੂੰ ਅਣਗੌਲਿਆਂ ਰੱਖਿਆ ਗਿਆ ਹੈ ਲੋਕਾਂ ਵਿਚ ਜਾਗਰੂਕਤਾ ਦੀ ਵੀ ਕਮੀ ਹੈ। ਪ੍ਰਾਈਵੇਟ ਹਸਪਤਾਲਾਂ ਵਿਚ ਵੀ ਬਹੁਤ ਘੱਟ ਲੋਕ ਇਹ ਟੀਕਾ ਲਗਵਾਉਂਦੇ ਹਨ।
ਸਰਕਾਰ ਕਿਉਂ ਨਹੀਂ ਮੁਹੱਈਆ ਕਰਵਾ ਰਹੀ ਇਹ ਵੈਕਸੀਨ : ਸਰਵੀਕਲ ਕੈਂਸਰ ਕਾਰਨ ਵਿਸ਼ਵ ਭਰ ਦੇ ਵਿਚ 8 ਮਿਲੀਅਨ ਔਰਤਾਂ ਦੀ ਮੌਤ ਹੁੰਦੀ ਹੈ। ਸਰਕਾਰੀ ਸਿਹਤ ਖੇਤਰ ਵਿਚ ਫਿਰ ਵੀ ਇਸ ਵੈਕਸੀਨ ਨੂੰ ਤਵੱਜੋਂ ਨਹੀਂ ਦਿੱਤੀ ਜਾ ਰਹੀ। ਡਾਕਟਰ ਬੇਦੀ ਕਹਿੰਦੇ ਹਨ ਕਿ ਸਿਹਤ ਖੇਤਰ ਵਿਚ ਵੀ ਜਾਗਰੂਕਤਾ ਦੀ ਘਾਟ ਹੈ ਅਤੇ ਫੰਡਾਂ ਦੀ ਕਮੀ ਹੈ ਜਿਸ ਕਰਕੇ ਸਰਕਾਰ ਇਸ ਨੂੰ ਆਪਣੇ ਦਾਇਰੇ ਵਿਚ ਨਹੀਂ ਲਿਆ ਰਹੀ।
ਕੇਂਦਰ ਵੱਲੋਂ ਐਚਪੀਵੀ 'ਤੇ ਬਣਾਈ ਜਾ ਰਹੀ ਰਣਨੀਤੀ: ਹਾਲਾਂਕਿ ਕੇਂਦਰੀ ਸਿਹਤ ਮੰਤਰਾਲੇ ਵਾਲੇ ਸਾਰੇ ਸੂਬਿਆਂ ਨਾਲ ਮਿਲਕੇ ਇਸ ਵੈਕਸੀਨ ਨੂੂੰ ਟੀਕਾਕਰਨ ਸ਼ੈਡਿਊਲ ਵਿਚ ਸ਼ਾਮਿਲ ਕਰਨ ਲਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਭਾਰਤ ਦੇ ਸੀਰਮ ਇੰਸਟੀਚਿਊਟ ਪੂਣੇ ਵੱਲੋਂ ਇਸਦਾ ਨਿਰਮਾਣ ਕਰਨ ਦਾ ਦਾਅਵਾ ਵੀ ਕੀਤਾ ਗਿਆ ਹੈ। ਸਾਲ 2023 ਦੇ ਅੰਤ ਤੱਕ ਇਸਦਾ ਉਤਪਾਦਨ ਵੀ ਸ਼ੁਰੂ ਹੋ ਜਾਵੇਗਾ। ਸਰਕਾਰ ਨੇ ਟੀਚਾ ਮਿੱਥਿਆ ਹੈ ਕਿ ਪਹਿਲੇ ਪੜਾਅ ਵਿਚ ਕਰਨਾਟਕ ਤਾਮਿਲਨਾਡੂ, ਮਿਜ਼ੋਰਮ, ਛੱਤੀਸਗੜ੍ਹ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿਚ ਇਸ ਦੀ ਟੀਕਾਕਰਨ ਪ੍ਰਕਿਿਰਆ ਸ਼ੁਰੂ ਹੋਵੇਗੀ, ਪਰ ਅਜੇ ਤੱਕ ਇਸ ਦੀ ਸਿਰਫ਼ ਚਰਚਾਵਾਂ ਹੀ ਚੱਲ ਰਹੀਆਂ ਹਨ।