ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮਜੀਤ ਸਿੰਘ ਮਜੀਠੀਆ, ਦਲਜੀਤ ਚੀਮਾ ਅਤੇ ਐੱਨ ਕੇ ਸ਼ਰਮਾ ਵੱਲੋਂ ਪ੍ਰੈੱਸ ਵਾਰਤਾ ਕਰ 5600 ਕਰੋੜ ਦੇ ਲੀਕਸ ਸਮੱਗਲਿੰਗ ਮਾਮਲੇ ਦੇ ਵਿੱਚ ਕਈ ਖੁਲਾਸੇ ਕੀਤੇ। ਮਜੀਠੀਆ ਨੇ ਕਾਂਗਰਸ ਸਰਕਾਰ ਸਣੇ ਮੁੱਖ ਮੰਤਰੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਰਾਜਪੁਰਾ ਅਤੇ ਲੁਧਿਆਣਾ ਵਿਖੇ ਨਕਲੀ ਸ਼ਰਾਬ ਬਣਾਉਣ ਵਾਲੀਆਂ ਦੋ ਫੈਕਟਰੀਆਂ ਤੇ ਛਾਪੇਮਾਰੀ ਦੌਰਾਨ ਜੋ ਖੁਲਾਸੇ ਹੋਏ ਉਹ ਸਭ ਦੇ ਸਾਹਮਣੇ ਨੇ ਕਿ ਕਿਵੇਂ ਐਕਸਾਈਜ਼ ਵਿਭਾਗ ਨੂੰ ਕਰੋੜਾਂ ਰੁਪਇਆਂ ਦਾ ਚੂਨਾ ਉਨ੍ਹਾਂ ਦੇ ਆਪਣੇ ਹੀ ਵਿਧਾਇਕ ਅਤੇ ਕਾਂਗਰਸੀ ਲਗਾ ਰਹੇ ਹਨ।
ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਫੜੇ ਗਏ ਪਤੀ ਅਮਰੀਕ ਸਿੰਘ ਖਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਦੀਆਂ ਫੋਟੋਆਂ ਸੀਨੀਅਰ ਕਾਂਗਰਸ ਦੇ ਮੰਤਰੀਆਂ ਸਣੇ ਕਾਂਗਰਸ ਪਾਰਟੀ ਪ੍ਰਧਾਨ ਸੁਨੀਲ ਜਾਖੜ ਨਾਲ ਵੀ ਹਨ ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਸੀਨੀਅਰ ਬੰਦਿਆਂ ਦੀ ਸ਼ੈਹ ਦੇ ਉੱਤੇ ਇਹ ਨਕਲੀ ਸ਼ਰਾਬ ਵੇਚਣ ਦਾ ਗੋਰਖ ਧੰਦਾ ਚੱਲ ਰਿਹਾ ਸੀ।
ਮਜੀਠੀਆ ਨੇ ਲੁਧਿਆਣਾ ਵਿਖੇ ਫੜੀ ਗਈ ਨਕਲੀ ਸ਼ਰਾਬ ਬਾਰੇ ਖੰਨਾ ਦੇ ਐਸਐਚਓ ਬਲਜਿੰਦਰ ਸਿੰਘ ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕੀ ਇਸ ਐਸਐਚਓ ਨੂੰ ਬਚਾਉਣ ਲਈ ਪੂਰੀ ਕਾਂਗਰਸ ਇਕਜੁੱਟ ਹੋ ਗਈ ਸੀ। ਕਿਉਂਕਿ ਇਸ ਐਸਐਚਓ ਵੱਲੋਂ ਇੱਕ ਗੁਰਸਿੱਖ ਦੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਅਤੇ ਇਸ ਦੀ ਸਰਪ੍ਰਸਤੀ ਹੇਠ ਨਕਲੀ ਸ਼ਰਾਬ ਫੈਕਟਰੀ ਤੋਂ ਟਰੱਕਾਂ ਦੇ ਟਰੱਕ ਭਰ ਨਿਕਲਦੀ ਰਹੀ। ਬਿਕਰਮਜੀਤ ਸਿੰਘ ਮਜੀਠੀਆ ਨੇ ਇਨ੍ਹਾਂ ਲੋਕਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਐਕਸਾਈਜ਼ ਵਿਭਾਗ ਵੱਲੋਂ ਕੋਈ ਵੀ ਘਾਟਾ ਨਾ ਹੋਣ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਖਜ਼ਾਨੇ ਦੇ ਅੰਕੜੇ ਅਪ੍ਰੈਲ ਅਤੇ ਮਈ ਦੇ ਸਰਕਾਰ ਦਿਖਾ ਰਹੀ ਹੈ ਜਦਕਿ ਮਾਰਚ ਤੋਂ ਪਹਿਲਾਂ ਦੇ ਖ਼ਜ਼ਾਨੇ ਵਾਲੇ ਅੰਕੜੇ ਦਿਖਾਵੇ ਅਤੇ ਅਕਾਲੀ ਦਲ ਦੀ ਸਰਕਾਰ ਸਮੇਂ ਐਕਸਾਈਜ਼ ਵਿਭਾਗ ਹਰ ਸਾਲ ਬਾਰਾਂ ਫ਼ੀਸਦੀ ਤੋਂ ਲਗਾਤਾਰ ਵਾਧੇ ਵਿੱਚ ਗਿਆ ਹੈ ਅਤੇ ਕਾਂਗਰਸ ਘਾਟੇ ਵਿੱਚ ਹੈ।