ਚੰਡੀਗੜ੍ਹ: ਭਾਜਪਾ ਦੇ ਰਵੀਕਾਂਤ ਸ਼ਰਮਾ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਚੁੱਕੇ ਹਨ। ਉਨ੍ਹਾਂ ਨੇ ਕਾਂਗਰਸ ਦੇ ਦੇਵੇਂਦਰ ਬਾਵਲਾ ਨੂੰ ਹਰਾ ਕੇ ਸੀਟ ਉੱਤੇ ਆਪਣਾ ਕਬਜ਼ਾ ਕੀਤਾ। ਇਸ ਤੋਂ ਇਲਾਵਾ ਭਾਜਪਾ ਦੇ ਉਮੀਦਵਾਰ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਵੀ ਜਿੱਤੇ ਹਨ। ਦੱਸ ਦਈਏ ਕਿ ਮੇਅਰ ਦੇ ਅਹੁਦੇ ਲਈ ਹੋਈ ਚੋਣ ਦੌਰਾਨ ਰਵੀਕਾਂਤ ਸ਼ਰਮਾ ਨੂੰ 17 ਵੋਟਾਂ ਪ੍ਰਾਪਤ ਹੋਈਆਂ ਸਨ, ਜਦਕਿ ਕਾਂਗਰਸ ਦੇ ਉਮੀਦਵਾਰ ਦੇਵੇਂਦਰ ਬਾਵਲਾ ਨੂੰ 5 ਵੋਟਾਂ ਪ੍ਰਾਪਤ ਹੋਈਆਂ ਸਨ। ਇਸ ਤੋਂ ਇਲਾਵਾ ਦੋ ਵੋਟਾਂ ਰੱਦ ਵੀ ਕੀਤੀਆਂ ਗਈਆਂ।
ਰਵੀਕਾਂਤ ਸ਼ਰਮਾ ਦੀ ਈਟੀਵੀ ਭਾਰਤ ਨਾਲ ਖਾਸ ਗੱਲਬਾਤ
ਈਟੀਵੀ ਨਾਲ ਗੱਲਬਾਤ ਕਰਦਿਆਂ ਨਵੇਂ ਚੁਣੇ ਗਏ ਮੇਅਰ ਰਵੀਕਾਂਤ ਸ਼ਰਮਾ ਨੇ ਕਿਹਾ ਕਿ ਉਹ ਇਸ ਜਿੱਤ ਲਈ ਉਨ੍ਹਾਂ ਦੇ ਸੰਗਠਨ ਅਤੇ ਚੰਡੀਗੜ੍ਹ ਦੇ ਲੋਕਾਂ ਦਾ ਧੰਨਵਾਦ ਕਰਦੇ ਹਨ। ਜਨਤਾ ਨੇ ਪਹਿਲਾਂ ਉਨ੍ਹਾਂ ਨੂੰ ਇੱਕ ਕਾਰਪੋਰੇਟਰ ਬਣਾਇਆ। ਇਸ ਤੋਂ ਬਾਅਦ, ਪਾਰਟੀ ਨੇ ਉਨ੍ਹਾਂ ਨੂੰ ਪਹਿਲਾਂ ਸੀਨੀਅਰ ਡਿਪਟੀ ਮੇਅਰ ਅਤੇ ਹੁਣ ਮੇਅਰ ਦਾ ਉਮੀਦਵਾਰ ਬਣਾਇਆ ਜਿਸ ਵਿੱਚ ਮੈਂਨੂੰ ਜਿੱਤ ਮਿਲੀ ਹੈ।
ਪਾਰਟੀ ਵਿੱਚ ਮਤਭੇਦਾਂ ਬਾਰੇ ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਸਾਰੇ ਲੋਕਾਂ ਨੂੰ ਬੋਲਣ ਦਾ ਅਧਿਕਾਰ ਹੈ। ਕਈ ਵਾਰ ਪਾਰਟੀ ਦੇ ਬਹੁਤ ਸਾਰੇ ਨੇਤਾਵਾਂ ਵਿੱਚ ਕਿਸੇ ਚੀਜ਼ ਨੂੰ ਲੈ ਕੇ ਰੋਸ ਹੁੰਦਾ ਹੈ, ਪਰ ਉਨ੍ਹਾਂ ਸਾਰੀਆਂ ਗੱਲਾਂ ਨੂੰ ਸੁਲਝਾ ਲਿਆ ਗਿਆ ਹੈ। ਨਤੀਜੇ ਵਜੋਂ, ਤਿੰਨੋਂ ਭਾਜਪਾ ਉਮੀਦਵਾਰ ਇਕਪਾਸੜ ਜਿੱਤੇ ਹਨ।
ਕਾਂਗਰਸ ਦੇ ਕੌਂਸਲਰਾਂ ਦੀ ਚੋਣ ਦੇ ਮੱਦੇਨਜ਼ਰ ਚੋਣ ਬਾਈਕਾਟ ਕਰਨ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਦਾ ਬਾਈਕਾਟ ਕਰਕੇ ਲੋਕਤੰਤਰ ਦਾ ਅਪਮਾਨ ਕੀਤਾ ਹੈ। ਚੋਣ ਪ੍ਰਕਿਰਿਆ ਲੋਕਤੰਤਰ ਦਾ ਪਵਿੱਤਰ ਹਿੱਸਾ ਹੈ। ਚੋਣਾਂ ਦਾ ਬਾਈਕਾਟ ਕਰਨਾ ਲੋਕਤੰਤਰ ਨੂੰ ਮਾਰਨ ਦੇ ਸਮਾਨ ਹੈ। ਕਾਂਗਰਸ ਪਾਰਟੀ ਨੂੰ ਭਾਜਪਾ ਦਾ ਇੰਨਾਂ ਡਰ ਹੈ ਕਿ ਉਸ ਡਰ ਕਾਰਨ ਉਹ ਚੋਣਾਂ ਨੂੰ ਵਿਚਕਾਰ ਛੱਡ ਕੇ ਭੱਜ ਗਏ।
ਇਹ ਵੀ ਪੜ੍ਹੋ: ਕਿਸਾਨ ਆਗੂਆਂ ਦੀ ਨੀਯਤ 'ਚ ਖੋਟ, ਨਹੀਂ ਚਾਹੁੰਦੇ ਕਿਸਾਨਾਂ ਦੀ ਸਮੱਸਿਆ ਦਾ ਹੱਲ