ਚੰਡੀਗੜ੍ਹ: ਅੰਮ੍ਰਿਤਸਰ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਦੀ ਭਰੋਸਾ ਕਮੇਟੀ ਦੀ ਚੇਅਰਮੈਨਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹਨਾਂ ਬੀਤੀ ਸ਼ਾਮ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੂੰ ਆਪਣਾ ਅਸਤੀਫ਼ਾ ਈਮੇਲ ਦੇ ਜ਼ਰੀਏ ਭੇਜਿਆ। ਜਿਸਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਅਤੇ ਸਿਆਸੀ ਗਲਿਆਰਿਆਂ ਵਿਚ ਹੁਣ ਨਵੀਂ ਖੁੰਢ ਚਰਚਾ ਸ਼ੁਰੂ ਹੋ ਗਈ ਹੈ। ਹਰ ਕੋਈ ਇਹ ਜਾਣਨ ਲਈ ਕਨਸੋਆਂ ਲੈ ਰਿਹਾ ਹੈ ਕਿ ਆਖਿਰਕਾਰ ਸਰਕਾਰ ਵਿਚ ਅਜਿਹਾ ਕੀ ਹੋ ਗਿਆ ? ਕਿ ਤੜਕੇ ਤੜਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਚੇਅਰਮੈਨ ਦੇ ਅਹੁੱਦੇ ਤੋਂ ਅਸਤੀਫ਼ੇ ਦੀ ਖ਼ਬਰ ਸਾਹਮਣੇ ਆਈ।
ਇਹ ਵੀ ਪੜੋ: Sukhbir Badal and Harsimrat Badal on Ram rahim: ਤਲਵਾਰ ਨਾਲ ਕੇਕ ਕੱਟਣ ਤੋਂ ਬਾਅਦ ਸਵਾਲਾਂ ਵਿੱਚ ਰਾਮ ਰਹੀਮ
ਕੁੰਵਰ ਵਿਜੇ ਪ੍ਰਤਾਪ ਨੇ ਕਿਉਂ ਦਿੱਤਾ ਅਸਤੀਫ਼ਾ ? : ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਵਿਧਾਨ ਸਭਾ ਦੀ ਅਸ਼ੋਰੈਂਸ ਕਮੇਟੀ ਦੇ ਚੇਅਰਮੈਨ ਦੇ ਤੌਰ 'ਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵਿਜੇ ਜੰਜੂਆਂ, ਗ੍ਰਹਿ ਸਕੱਤਰ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ 20 ਜਨਵਰੀ ਨੂੰ ਮੀਟਿੰਗ ਤੈਅ ਕੀਤੀ ਸੀ। ਇਸ ਮੀਟਿੰਗ ਵਿਚ ਬੇਅਦਬੀ ਮਾਮਲਿਆਂ ਦੀ ਜਾਂਚ ਦੇ ਸਟੇਟਸ ਬਾਰੇ ਵਿਚਾਰ ਹੋਣੀ ਸੀ, ਪਰ ਪੂਰੇ ਮੌਕੇ 'ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਕੋਈ ਹੋਰ ਮੀਟਿੰਗ ਬੁਲਾ ਲਈ ਜਿਸਤੋਂ ਕੁੰਵਰ ਵਿਜੇ ਪ੍ਰਤਾਪ ਨਾਰਾਜ਼ ਹੋ ਗਏ ਅਤੇ ਬੀਤੀ ਸ਼ਾਮ ਈਮੇਲ ਰਾਹੀਂ ਵਿਧਾਨ ਸਭਾ ਸਪੀਕਰ ਨੂੰ ਆਪਣਾ ਅਸਤੀਫ਼ਾ ਸੌਂਪਿਆ।
ਸਿਆਸਤ ਗਰਮਾਈ : ਕੁੰਵਰ ਵਿਜੇ ਪ੍ਰਤਾਪ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਵਿਚ ਸਿਆਸਤ ਗਰਮਾ ਗਈ ਹੈੈ। ਵਿਰੋਧੀ ਧਿਰਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲਾਂ ਦੇ ਕਟਿਹਰੇ ਵਿਚ ਖੜਾ ਕਰ ਰਹੀਆਂ ਹਨ। ਪੰਜਾਬ ਕਾਂਗਰਸ ਦੇ ਬੁਲਾਰੇ ਕੁੰਵਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਆਪ ਸਰਕਾਰ ਨੂੰ ਬਣੇ 10 ਮਹੀਨਿਆਂ ਦਾ ਸਮਾਂ ਹੋ ਗਿਆ ਤੇ ਇਹਨਾਂ 10 ਮਹੀਨਿਆਂ ਦੌਰਾਨ ਸਰਕਾਰ ਕਈ ਇਲਜ਼ਾਮਾਂ ਅਤੇ ਸਵਾਲਾਂ ਦੇ ਕਟਿਹਰੇ ਵਿਚ ਖੜ੍ਹੀ ਹੈ।
ਪੰਜਾਬ ਦੇ ਲੋਕਾਂ ਦਾ ਅੱਜ ਤੱਕ ਕਿਸੇ ਵੀ ਸਰਕਾਰ ਤੋਂ ਇੰਨੀ ਜਲਦੀ ਮੋਹ ਭੰਗ ਨਹੀਂ ਹੋਇਆ ਜਿੰਨੀ ਜਲਦੀ ਆਪ ਸਰਕਾਰ ਤੋਂ ਹੋਇਆ ਹੈ ਤੇ ਅੱਜ ਕੁੰਵਰ ਵਿਜੇ ਪ੍ਰਤਾਪ ਦੇ ਅਸਤੀਫ਼ੇ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।ਕੁੰਵਰ ਵਿਜੇ ਪ੍ਰਤਾਪ ਆਪਣੇ ਤੌਰ ਤੇ ਕੁਝ ਯਤਨ ਕਰ ਰਹੇ ਹਨ ਜੋ ਉਹਨਾਂ ਨੂੰ ਕਰਨ ਨਹੀਂ ਦਿੱਤੇ ਜਾ ਰਹੇ।ਬੇਅਦਬੀ ਦੇ ਦੋਸ਼ੀਆਂ ਨੂੰ ਸਰਕਾਰ 24ਵੀ ਘੰਟੇ ਵਿਚ ਸਜ਼ਾ ਦਿਵਾਉਣ ਦਾ ਦਾਅਵਾ ਕਰ ਰਹੀ ਸੀ ਪਰ 10 ਮਹੀਨੇ ਬੀਤਣ ਤੋਂ ਬਾਅਦ ਵੀ ਅਜਿਹਾ ਨਹੀਂ ਹੋ ਸਕਿਆ। ਜਿਸ ਕੁੰਵਰ ਵਿਜੇ ਪ੍ਰਤਾਪ ਦਾ ਨਾਂ ਵਰਤ ਕੇ ਪੰਜਾਬ ਵਿਚ ਸਰਕਾਰ ਬਣਾਈ ਗਈ ਉਸ ਦੀ ਮੀਟਿੰਗ ਵਿਧਾਨ ਸਭਾ ਸਪੀਕਰ ਨੇ ਹੋਣ ਨਹੀਂ ਦਿੱਤੀ।
ਉਧਰ ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕਰਕੇ ਆਪ ਸਰਕਾਰ ਨੂੰ ਰਗੜਾ ਲਗਾਇਆ ਹੈ। ਉਹਨਾਂ ਟਵੀਟ ਵਿਚ ਲਿਿਖਆ ਹੈ ਕਿ 'ਆਪ' ਸਰਕਾਰ ਦੇ ਅਕੁਸ਼ਲ ਸ਼ਾਸਨ ਖ਼ਿਲਾਫ਼ ਅਸੰਤੁਸ਼ਟੀ ਪੈਦਾ ਹੋ ਰਹੀ ਹੈ। ਪੰਜਾਬ ਸਰਕਾਰ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੇਅਦਬੀ ਮਾਮਲਿਆਂ 'ਤੇ ਕਾਰਵਾਈ ਨਾ ਕਰਦਿਆਂ ਅਸਤੀਫ਼ਾ ਦੇ ਦਿੱਤਾ। ਬਦਲਾਅ ਦੀ ਗੱਲ ਕਰ ਵਾਲੀ ਆਪ ਸਰਕਾਰ ਨੇ ਇਕ ਸਾਲ ਵਿਚ ਕੁਝ ਨਹੀਂ ਬਦਲਿਆ।