ਚੰਡੀਗੜ੍ਹ: ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ 7 ਜੂਨ ਯਾਨੀ ਅੱਜ ਤੋਂ ਸਾਰੇ ਜ਼ਿਲ੍ਹਿਆਂ ਵਿੱਚ ਪਲੇਸਮੈਂਟ ਮੁਹਿੰਮ ਵਿੱਢੀ ਜਾਵੇਗੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਚਾਹਵਾਨ ਨੌਜਵਾਨਾਂ ਨੂੰ 8,000 ਰੁਪਏ ਤੋਂ ਲੈ ਕੇ 60,000 ਰੁਪਏ ਤੱਕ ਤਨਖ਼ਾਹ ਵਾਲੀਆਂ 10,000 ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਇੱਕੋ ਸਮੇਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਚਲਾਈ ਜਾਵੇਗੀ।
ਇਸ ਪਲੇਸਮੈਂਟ ਮੁਹਿੰਮ ਵਿੱਚ ਰੁਜ਼ਗਾਰ ਲਈ ਨੌਜਵਾਨਾਂ ਦੀ ਚੋਣ ਕਰਨ ਵਾਸਤੇ ਵਰਧਮਾਨ, ਸਪੋਰਟਕਿੰਗ, ਫਲਿੱਪਕਾਰਟ, ਏਅਰਟੈੱਲ ਅਤੇ ਰਿਲਾਇੰਸ ਸਮੇਤ 425 ਪ੍ਰਮੁੱਖ ਕੰਪਨੀਆਂ ਸ਼ਾਮਲ ਹੋਣਗੀਆਂ। ਇਸ ਪਲੇਸਮੈਂਟ ਮੁਹਿੰਮ ਵਿੱਚ ਪੋਸਟ ਗ੍ਰੈਜੂਏਟ, ਗ੍ਰੈਜੂਏਟ (ਤਕਨੀਕੀ/ਗ਼ੈਰ-ਤਕਨੀਕੀ), ਆਈ.ਟੀ.ਆਈ., ਡਿਪਲੋਮਾ ਹੋਲਡਰ, 12ਵੀਂ ਪਾਸ, ਮੈਟ੍ਰਿਕ ਪਾਸ ਨੌਜਵਾਨਾਂ ਸਮੇਤ ਉਨ੍ਹਾਂ ਨੌਜਵਾਨ ਨੂੰ ਵੀ ਨੌਕਰੀਆਂ ਪ੍ਰਾਪਤ ਕਰਨ ਦੇ ਮੌਕੇ ਦਿੱਤੇ ਜਾਣਗੇ, ਜਿਨ੍ਹਾਂ ਨੇ ਕੋਈ ਵਿਦਿਅਕ ਯੋਗਤਾ ਪ੍ਰਾਪਤ ਨਹੀਂ ਕੀਤੀ।
ਰੁਜ਼ਗਾਰ ਉਤਪਤੀ ਵਿਭਾਗ ਵੱਲੋਂ ਇਸ ਪਲੇਸਮੈਂਟ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਚਾਹਵਾਨ ਉਮੀਦਵਾਰਾਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਅਮਨ ਅਰੋੜਾ ਨੇ ਕਿਹਾ ਕਿ ਚਾਹਵਾਨ ਉਮੀਦਵਾਰ ਜੌਬ ਪੋਰਟਲ (http://www.pgrkam.com) 'ਤੇ ਲੌਗਇਨ ਕਰਕੇ ਜਾਂ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਰਾਹੀਂ ਖ਼ੁਦ ਨੂੰ ਰਜਿਸਟਰ ਕਰ ਸਕਦੇ ਹਨ ਜਾਂ ਸਿੱਧੇ ਪਲੇਸਮੈਂਟ ਡਰਾਈਵ ਵਾਲੀ ਥਾਂ 'ਤੇ ਵੀ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਪਲੇਸਮੈਂਟ ਮੁਹਿੰਮ ਸਬੰਧੀ ਸਥਾਨਾਂ ਦੇ ਵੇਰਵੇ ਵਿਭਾਗ ਦੇ ਜੌਬ ਪੋਰਟਲ 'ਤੇ ਵੀ ਉਪਲਬਧ ਹਨ।
- ਡਾ. ਰਾਜੀਵ ਸੂਦ ਹੋਣਗੇ ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ, ਰਾਜਪਾਲ ਨੇ ਲਾਈ ਮੋਹਰ
- MLA ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਪੁਲਿਸ ਦੀ ਮਰਜ਼ੀ ਤੋਂ ਬਿਨ੍ਹਾ ਕਿਤੇ ਵੀ ਨਹੀਂ ਹੋ ਸਕਦਾ ਸੰਗਠਿਤ ਅਪਰਾਧ
- 3 ਫੁੱਟ ਦੇ ਯੋਗੇਂਦਰ ਤੇ 3.5 ਫੁੱਟ ਦੀ ਸੀਤਾਮੜ੍ਹੀ ਨੇ ਫਿਰ ਕਰਵਾਇਆ ਵਿਆਹ, ਜਾਣੋ ਕਾਰਨ
ਡਾਇਰੈਕਟਰ ਰੋਜ਼ਗਾਰ ਉੱਤਪਤੀ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਰੁਜ਼ਗਾਰ ਉਤਪਤੀ ਵਿਭਾਗ ਇਸ ਮੁਹਿੰਮ ਰਾਹੀਂ ਰੋਜ਼ਗਾਰਦਾਤਾਵਾਂ ਨੂੰ ਯੋਗ ਉਮੀਦਵਾਰ ਲੱਭਣ ਦੇ ਨਾਲ-ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਨ ਲਈ ਮੰਚ ਪ੍ਰਦਾਨ ਕਰਨ ਦੀ ਨਿਰੰਤਰ ਕੋਸ਼ਿਸ਼ ਕਰ ਰਿਹਾ ਹੈ। ਇਸ ਪਲੇਸਮੈਂਟ ਮੁਹਿੰਮ ਰਾਹੀਂ ਸੰਭਾਵਿਤ ਤੌਰ 'ਤੇ ਘੱਟੋ-ਘੱਟ 10,000 ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ। (ਪ੍ਰੈਸ ਨੋਟ)