ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੀ ਮੁਹੰਮਦਾਬਾਦ ਸੀਟ ਤੋਂ ਭਾਜਪਾ ਵਿਧਾਇਕ ਅਲਕਾ ਰਾਏ ਨੇ ਪ੍ਰਿਅੰਕਾ ਗਾਂਧੀ ਨੂੰ ਇਕ ਭਾਵੁਕ ਚਿੱਠੀ ਲਿਖ ਕੇ ਕਿਹਾ ਹੈ ਕਿ ਪੰਜਾਬ ਸਰਕਾਰ ਅਪਰਾਧੀ ਮੁਖਤਾਰ ਅੰਸਾਰੀ ਨੂੰ ਕਿਉਂ ਬਚਾ ਰਹੀ ਹੈ। ਕਿਉਂਕਿ ਯੂ.ਪੀ. ਦੀਆਂ ਤਮਾਮ ਅਦਾਲਤਾਂ ਵੱਲੋਂ ਮੁਖਤਾਰ ਅੰਸਾਰੀ ਨੂੰ ਤਲਬ ਕੀਤਾ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਉਸ ਨੂੰ ਭੇਜਣ ਲਈ ਤਿਆਰ ਨਹੀਂ ਹੈ।
ਪੰਜਾਬ ਸਰਕਾਰ ਉੱਪਰ ਮੁਖਤਾਰ ਅੰਸਾਰੀ ਨੂੰ ਬਚਾਉਣ ਦੇ ਲਾਏ ਇਲਜ਼ਾਮ ਬਾਰੇ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਗੈਂਗਸਟਰਾਂ ਨੂੰ ਠੋਕਦੀ ਹੈ ਬਚਾਉਂਦੀ ਨਹੀਂ। ਵੇਰਕਾ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਦਬੰਗ ਨਾਲ ਕੋਈ ਸਾਥ ਨਹੀਂ ਹੈ ਬਲਕਿ ਇਹ ਸਭ ਉੱਤਰ ਪ੍ਰਦੇਸ਼ ਦੇ ਰਿਸ਼ਤੇਦਾਰ ਹਨ ਅਤੇ ਯੂ.ਪੀ ਅਤੇ ਭਾਜਪਾ ਵਾਲੇ ਇਨ੍ਹਾਂ ਨੂੰ ਪਾਲਦੇ ਹਨ।
ਕਾਨੂੰਨ ਦਾ ਹਵਾਲਾ ਦਿੰਦਿਆਂ ਅੱਗੇ ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਤੇ ਕਾਨੂੰਨ ਤਹਿਤ ਹੀ ਅੰਸਾਰੀ ਨੂੰ ਅੰਦਰ ਦਿੱਤਾ ਹੋਇਆ ਹੈ। ਉਨ੍ਹਾਂ ਯੂ.ਪੀ. ਪੁਲਿਸ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਯੂ.ਪੀ. ਪੁਲਿਸ ਇਸ ਨੂੰ ਜ਼ਮਾਨਤ ਦੇ ਕੇ ਬਚਾਉਣਾ ਚਾਹੁੰਦੀ ਹੈ ਅਤੇ ਛੱਡਣਾ ਚਾਹੁੰਦੀ ਹੈ ਤਾਂ ਕਿ ਉੱਤਰ ਪ੍ਰਦੇਸ਼ 'ਚ ਹੋ ਰਹੀਆਂ ਉੱਪ-ਚੋਣਾਂ ਦਾ ਫਾਇਦਾ ਚੁੱਕਿਆ ਜਾਵੇ।
ਦਰਅਸਲ ਮੁਖਤਾਰ ਅੰਸਾਰੀ ਉਪਰ ਕ੍ਰਿਸ਼ਨਾ ਨੰਦ ਰਾਏ ਦੇ ਕਤਲ ਦਾ ਇਲਜ਼ਾਮ ਹੈ ਅਤੇ ਰੋਪੜ ਜੇਲ੍ਹ ਵਿਚ ਬੰਦ ਮੁਖਤਾਰ ਅੰਸਾਰੀ ਨੂੰ ਪੁਲਿਸ ਨੂੰ ਸੌਂਪਣ ਦੀ ਬਜਾਏ ਉਸ ਦੀ ਸਿਹਤ ਸਹੀ ਨਾ ਹੋਣ ਦਾ ਹਵਾਲਾ ਦਿੰਦਿਆਂ ਯੂਪੀ ਪੁਲੀਸ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਪੰਜਾਬ ਮੈਡੀਕਲ ਬੋਰਡ ਵੱਲੋਂ ਤਿੰਨ ਮਹੀਨੇ ਦਾ ਮੁਖਤਾਰ ਅੰਸਾਰੀ ਨੂੰ ਬੈੱਡ ਰੈਸਟ ਲਿਖ ਦਿੱਤਾ ਜਾਂਦਾ ਹੈ। ਇਸ ਸਬੰਧੀ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੇ ਚੁੱਪੀ ਵੱਟੀ ਹੋਈ ਹੈ ਤਾਂ ਉਥੇ ਹੀ ਯੂਪੀ ਦੀ ਸਿਆਸਤ ਭਖਣ ਲੱਗ ਪਈ ਹੈ।