ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਸੈਕਟਰ ਵਿੱਚ ਨਸ਼ਿਆਂ ਦੀ ਵੱਡੀ ਖੇਪ ਜ਼ਬਤ ਕਰਨ 'ਚ ਸ਼ਾਮਲ 10ਵੀਂ ਬਟਾਲੀਅਨ ਦੇ ਜਵਾਨਾਂ ਦੀ ਸ਼ਲਾਘਾ ਲਈ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਡਾਇਰੈਕਟਰ ਜਨਰਲ ਸੁਰਜੀਤ ਸਿੰਘ ਦੇਸਵਾਲ ਨੂੰ ਪੱਤਰ ਲਿਖਿਆ ਹੈ। ਮੁੱਖ ਮੰਤਰੀ ਨੇ ਸਿਫਾਰਸ਼ ਕੀਤੀ ਕਿ 60 ਕਿੱਲੋ ਹੈਰੋਇਨ ਜ਼ਬਤ ਕਰਨ ਵਾਲੀ ਬੀ.ਐਸ.ਐਫ. ਟੀਮ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੀ ਸਫਲਤਾ ਲਈ ਸਨਮਾਨਿਤ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਲਿਖਿਆ, ''ਜਵਾਨਾਂ ਦੀ ਮੁਸਤੈਦੀ ਅਤੇ ਉਸ ਤੋਂ ਬਾਅਦ ਫੌਰੀ ਕਾਰਵਾਈ ਨਾ ਕੀਤੀ ਹੁੰਦੀ ਤਾਂ ਨਸ਼ਿਆਂ ਦੀ ਵੱਡੀ ਖੇਪ ਭਾਰਤੀ ਮਾਰਕੀਟ ਵਿੱਚ ਦਾਖ਼ਲ ਹੋ ਜਾਂਦੀ ਅਤੇ ਵੱਡੀ ਗਿਣਤੀ ਵਿੱਚ ਭਾਰਤੀਆਂ ਦੇ ਜੀਵਨ 'ਤੇ ਬਹੁਤ ਬੁਰਾ ਪ੍ਰਭਾਵ ਪੈਣਾ ਸੀ।''
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਓਪਰੇਸ਼ਨ ਵਿੱਚ ਸ਼ਾਮਲ ਬੀ.ਐਸ.ਐਫ. ਦੀ 14 ਮੈਂਬਰੀ ਟੀਮ ਦੀ ਮਿਸਾਲੀ ਕਾਰਵਾਈ ਸ਼ਲਾਘਾਯੋਗ ਹੈ, ਜਿਸ ਨੇ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ 'ਚੋਂ ਬਚਾਇਆ। ਉਨ੍ਹਾਂ ਕਿਹਾ ਕਿ ਜੀ.ਆਈ.ਐਨ.-61 ਵਿਖੇ ਪਾੜਾ ਔਖਾ ਹੈ। ਖਾਸ ਤੌਰ 'ਤੇ ਰਾਤ ਦੇ ਵੇਲੇ ਕਿਉਂਕਿ ਇਹ ਦਰਿਆਈ ਅਤੇ ਕੰਡਿਆਲੀ ਤਾਰ ਰਹਿਤ ਹੈ ਪਰ ਬੀ.ਐਸ.ਐਫ. ਦੇ ਜਵਾਨਾਂ ਨੇ ਨਾ ਸਿਰਫ ਬੇਮਿਸਾਲ ਮੁਸਤੈਦੀ ਦਿਖਾਈ ਸਗੋਂ ਰਾਵੀ ਦਰਿਆ ਦੇ ਵਹਾਅ ਨਾਲ ਲੜਦਿਆਂ ਆਪਣੀਆਂ ਜਾਨਾਂ ਵਿੱਚ ਵੀ ਜ਼ੋਖਮ ਵਿੱਚ ਪਾਈਆਂ।
18 ਤੇ 19 ਜੁਲਾਈ, 2020 ਦੀ ਰਾਤ ਨੂੰ ਲਗਪਗ 2.45 ਵਜੇ ਬੀ.ਓ.ਪੀ. ਨੰਗਲੀ ਅਧੀਨ ਜੀ.ਆਈ.ਐਨ.-61 ਵਿਖੇ ਬੀ.ਐਸ.ਐਫ. ਕਾਂਸਟੇਬਲ ਬਿਰਸਾ ਮੁਰਮੁ (ਨੰਬਰ 070031243) ਜੋ ਕਿਸ਼ਤੀ ਨਾਕੇ ਦਾ ਹਿੱਸਾ ਸੀ ਅਤੇ ਪੱਥਰਾਂ ਦੇ ਟਿੱਲੇ 'ਤੇ ਤਾਇਨਾਤ ਸੀ, ਨੇ ਰਾਵੀ ਦਰਿਆ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵਾਲੇ ਪਾਸੇ ਕੁਝ ਸ਼ੱਕੀ ਵਸਤਾਂ ਆਉਂਦੀਆਂ ਦੇਖੀਆਂ। ਉਸ ਨੇ ਬਾਕੀ ਜਵਾਨਾਂ ਨੂੰ ਚੌਕਸ ਕੀਤਾ ਅਤੇ 10 ਬਟਾਲੀਅਨ ਦੇ ਬੀ.ਐਸ.ਐਫ. ਜਵਾਨ ਨੇ ਫੌਰੀ ਕਾਰਵਾਈ ਕੀਤੀ ਤੇ ਕੱਪੜੇ ਦੇ 60 ਪੈਕੇਟ ਬਰਾਮਦ ਕੀਤੇ ਜਿਨ੍ਹਾਂ ਵਿੱਚ ਕੁੱਲ 59.6 ਕਿਲੋ ਹੈਰੋਇਨ ਬਰਾਮਦ ਹੋਈ। ਜ਼ਬਤ ਕੀਤੀ ਹੈਰੋਇਨ ਦੀ ਕੀਮਤ 300 ਕਰੋੜ ਰੁਪਏ ਦੱਸੀ ਗਈ ਹੈ।
ਇਹ ਵੀ ਪੜੋ: ਕੋਟਕਪੂਰਾ ਗੋਲੀਕਾਂਡ: ਹਾਈ ਕੋਰਟ ਨੇ ਐਸਪੀ ਬਲਜੀਤ ਸਿੰਘ ਦੀ ਗ੍ਰਿਫ਼ਤਾਰੀ 'ਤੇ ਲਾਈ ਰੋਕ