ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੇ ਬੱਲੇ-ਬੱਲੇ ਕਰਵਾਉਣ ਲਈ ਫ਼ਰਜ਼ੀ ਨਤੀਜਿਆਂ ਦਾ ਐਲਾਨ ਕੀਤਾ ਹੈ। ਇਸ ਗੱਲ ਦਾ ਖ਼ੁਲਾਸਾ ਆਮ ਆਦਮੀ ਪਾਰਟੀ ਦੁਆਰਾ ਨਤੀਜਿਆਂ ਲਈ ਪਾਈ ਗਈ ਇੱਕ ਆਰਟੀਆਈ ਰਾਹੀਂ ਹੋਇਆ ਹੈ।
ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਪੀਐੱਸਈਬੀ ਵੱਲੋਂ ਸਾਲ 2018-19 ਤੇ ਸਾਲ 2017-18 ਦੌਰਾਨ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਵਿਦਿਆਰਥੀਆਂ ਦੇ ਨੰਬਰ ਵਧਾ-ਚੜਾ ਕੇ ਪੇਸ਼ ਕੀਤੇ ਗਏ ਸਨ। ਚੀਮਾ ਨੇ ਇੰਨ੍ਹਾਂ ਫ਼ਰਜ਼ੀ ਅੰਕੜਿਆਂ ਨੂੰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਤੇ ਮਾਪਿਆਂ ਨਾਲ ਧੋਖਾ ਕਰਾਰ ਦਿੱਤਾ ਹੈ।
ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਕੇਵਲ ਆਪਣੇ ਵਾਅਦਿਆਂ ਤੋਂ ਮੁਕਰੀ ਹੀ ਨਹੀਂ, ਸਗੋਂ ਸੂਬੇ ਦੇ ਲੋਕਾਂ ਨੂੰ ਝੂਠੀਆਂ ਤਸੱਲੀਆਂ ਦੇ ਕੇ ਮੂਰਖ ਬਣਾਉਣ ਤੁਲੀ ਹੋਈ ਹੈ।
ਆਈਟੀਆਈ ਤੇ ਮੀਡਿਆ ਰਿਪੋਰਟਾਂ ਦੇ ਹਵਾਲੇ ਨਾਲ ਚੀਮਾ ਨੇ ਦੱਸਿਆ ਕਿ ਸਾਲ 2017-18 ਵਿੱਚ 10ਵੀਂ ਦਾ ਅਸਲ ਨਤੀਜਾ 46.29 ਫ਼ੀਸਦ ਰਿਹਾ ਸੀ, ਜਿਸ ਨੂੰ ਮਾਕਰਸ ਮੋਡਰੇਸ਼ਨ ਪਾਲਿਸੀ (ਐੱਮਐੱਮਪੀ) ਦੇ ਨਾਂ ਉੱਤੇ ਫ਼ਰਜ਼ੀਵਾੜੇ ਰਾਹੀਂ 62.10 ਫ਼ੀਸਦ ਦਿਖਾਇਆ ਗਿਆ। ਜਦ ਕਿ ਇਸ ਸਾਲ 2018-19 ਦਾ 85.56 ਫ਼ੀਸਦ ਐਲਾਨ ਕੇ ਸਰਕਾਰੀ ਸੂਕਲ ਸਿੱਖਿਆ ਦੇ ਖੇਤਰ ਚ ਵੱਡਾ ਸੁਧਾਰ ਕਰਨ ਦੇ ਨਾਂਅ ਉੱਤੇ ਫ਼ੋਕੀ ਵਾਹ-ਵਾਹ ਖੱਟਣ ਦੀ ਕੋਸ਼ਿਸ਼ ਹੈ, ਜਦਕਿ ਅਸਲੀ ਨਤੀਜਾ 76.49 ਫ਼ੀਸਦੀ ਸੀ।
ਇਹ ਵੀ ਪੜ੍ਹੋ : ਫੌਜ 'ਚ ਭਰਤੀ ਹੋਣ ਦੇ ਚਾਹਵਾਨਾਂ ਲਈ ਖੁਸ਼ਖਬਰੀ
ਜਾਣਕਾਰੀ ਮੁਤਾਬਕ ਬਾਦਲ ਸਰਕਾਰ ਵੇਲੇ ਵੀ ਇਹ ਫ਼ਰਜ਼ੀਵਾੜਾ ਸੀ। ਉਸ ਦੌਰਾਨ 2015-16 'ਚ 12ਵੀਂ ਦੇ ਵਿਦਿਆਰਥੀਆਂ ਨੂੰ 25 ਤੋਂ 30 ਗ੍ਰੇਸ ਨੰਬਰ ਦੇ 54 ਫ਼ੀਸਦ ਅਸਲ ਨੰਬਰਾਂ ਨੂੰ 76.77 ਫੀਸਦ ਵਿੱਚ ਤਬਦੀਲ ਕਰ ਦਿੱਤਾ ਗਿਆ।
ਚੀਮਾ ਨੇ ਕੈਪਟਨ ਸਰਕਾਰ ਤੋਂ ਬੋਰਡ ਦੇ ਚੇਅਰਮੈਨ ਦਾ ਅਸਤੀਫ਼ਾ ਲੈਣ ਦੀ ਮੰਗ ਕੀਤੀ ਹੈ ਅਤੇ ਇਸ ਪੂਰੇ ਮਾਮਲੇ ਦੀ ਹਾਈ ਕੋਰਟ ਤੋਂ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ।