ਚੰਡੀਗੜ੍ਹ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ ਮੌਕੇ ਉਚੇਚੇ ਤੌਰ ਉੱਤੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਤਾਂ ਦਿੱਤੀ ਹੀ ਗਈ ਸਗੋਂ ਇਸਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਮੋਦੀ ਪਰਕਾਸ਼ ਸਿੰਘ ਬਾਦਲ ਦਾ ਬਹੁਤ ਸਤਿਕਾਰ ਕਰਦੇ ਸਨ। ਇਸੇ ਲਈ ਉਹਨਾਂ ਆਪਣੇ ਸਾਰੇ ਰੁਝੇਵੇਂ ਤਿਆਗ ਕੇ ਪਰਕਾਸ਼ ਸਿੰਘ ਬਾਦਲ ਦੇ ਅੰਤਿਮ ਸਸਕਾਰ ਵਿੱਚ ਹਾਜਿਰੀ ਭਰੀ ਹੈ।
ਇਕ ਚੰਗਾ ਮਾਰਗਦਰਸ਼ਕ ਗਵਾ ਲਿਆ : ਨਰਿੰਦਰ ਮੋਦੀ ਨੇ ਬਕਾਇਦਾ ਲਿਖਿਆ ਹੈ ਕਿ ਜਦੋਂ ਉਨ੍ਹਾਂ ਨੂੰ ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ ਦੀ ਖ਼ਬਰ ਮਿਲੀ ਤਾਂ ਮਨ ਅਥਾਹ ਉਦਾਸ ਹੋ ਗਿਆ। ਉਨ੍ਹਾਂ ਕਿਹਾ ਕਿ ਮੈਂ ਇੱਕ ਪਿਤਾ ਸਮਾਨ ਸ਼ਖਸੀਅਤ ਗਵਾ ਲਈ ਹੈ। ਪਰਕਾਸ਼ ਸਿੰਘ ਬਾਦਲ ਨੇ ਕਈ ਦਹਾਕੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ ਹੈ। ਮੋਦੀ ਨੇ ਅਕਾਲੀ-ਬੀਜੇਪੀ ਗਠਜੋੜ ਦੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ 1990 ਦੇ ਦਹਾਕੇ ਦੇ ਅੱਧ ਅਤੇ ਅੰਤ ਵਿੱਚ ਪੰਜਾਬ ਵਿੱਚ ਸਿਆਸੀ ਮਾਹੌਲ ਬਹੁਤ ਵੱਖਰਾ ਸੀ। ਉਨ੍ਹਾਂ ਕਿਹਾ ਕਿ 1997 ਵਿਚ ਸੂਬੇ ਵਿਚ ਬਹੁਤ ਸਥਿਤੀ ਖਰਾਬ ਹੋਈ ਅਤੇ ਚੋਣਾਂ ਕਰਵਾਈਆਂ ਗਈਆਂ ਸਨ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਇਕੱਠੇ ਹੋ ਕੇ ਲੋਕਾਂ ਵਿਚ ਹਾਜਿਰੀ ਭਰੀ ਤੇ ਪਰਕਾਸ਼ ਸਿੰਘ ਬਾਦਲ ਨੇ ਨੇਤਾ ਵਜੋਂ ਅਗੁਵਾਈ ਕੀਤੀ। ਇਸ ਨਾਲ ਚੋਣਾਂ ਵਿਚ ਸਫਲ ਜਿੱਤ ਹਾਸਿਲ ਹੋਈ।
ਇਹ ਵੀ ਪੜ੍ਹੋ : Parkash Singh Badal : ਦੁਨੀਆਂ ਤੋਂ ਜਾਂਦੇ-ਜਾਂਦੇ ਵੀ ਬਾਦਲ ਧੋ ਨਾ ਸਕੇ ਬੇਅਦਬੀ ਦਾ ਦਾਗ਼, ਆਖਰੀ ਵਾਰ ਵੀ ਇਸ ਅਦਾਲਤ 'ਚ ਦੇਖੇ ਗਏ ਮਰਹੂਮ ਬਾਦਲ ਸਾਬ੍ਹ
ਨਰਿੰਦਰ ਮੋਦੀ ਨੇ ਆਪਣੀ ਅੰਮ੍ਰਿਤਸਰ ਵਾਲੀ ਮੁਲਾਕਾਤ ਵੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੇ ਮੈਨੂੰ ਕਿਹਾ ਕਿ ਅਸੀਂ ਇਕੱਠੇ ਅੰਮ੍ਰਿਤਸਰ ਜਾਵਾਂਗੇ। ਜਿੱਥੇ ਅਸੀਂ ਰਾਤ ਰੁਕਾਂਗੇ ਅਤੇ ਅਗਲੇ ਦਿਨ ਅਰਦਾਸ ਕਰਾਂਗੇ ਅਤੇ ਲੰਗਰ ਛਕਾਵਾਂਗੇ। ਮੋਦੀ ਨੇ ਕਿਹਾ ਕਿ ਮੈਂ ਇਕ ਗੈਸਟ ਹਾਊਸ ਵਿਚ ਆਪਣੇ ਕਮਰੇ ਵਿਚ ਸੀ ਤਾਂ ਜਦੋਂ ਉਨ੍ਹਾਂ ਇਹ ਪਤਾ ਲੱਗਿਆ ਤਾਂ ਉਹ ਮੇਰੇ ਕਮਰੇ ਵਿੱਚ ਆ ਗਏ ਤੇ ਮੇਰਾ ਸਾਮਾਨ ਚੁੱਕਣ ਲਈ ਅੱਗੇ ਵਧੇ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨੇ ਜਮੀਨੀ ਪੱਧਰ ਨਾਲ ਜੁੜੇ ਹੋਏ ਇਨਸਾਨ ਸਨ।