ਚੰਡੀਗੜ੍ਹ:ਪੰਜਾਬ ਵਿੱਚ ਇਸ ਵੇਲੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਦੇਖਣ ਨੂੰ ਮਿਲਦੀਆਂ ਹਨ । ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਬੰਧਨ ਤੋਂ ਬਾਅਦ ਇਕ ਪਾਸੇ ਜਿੱਥੇ ਬਾਕੀ ਪਾਰਟੀਆਂ ਦੇ ਵਿੱਚ ਹਲਚਲ ਦੇਖਣ ਨੂੰ ਮਿਲ ਰਹੀ ਹੈ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਹਮ ਖਿਆਲੀ ਪਾਰਟੀਆਂ ਨਾਲ ਮਹਾਗੱਠਬੰਧਨ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ । ਇਸ ਬਾਰੇ ਇਸ਼ਾਰਾ ਸਾਬਕਾ ਮੰਤਰੀ ਸ ਬਿਕਰਮ ਸਿੰਘ ਮਜੀਠੀਆ ਨੇ ਵੀ ਦਿੱਤਾ ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ 2022 ਵਿਧਾਨ ਸਭਾ ਚੋਣਾਂ ਵਿਚ ਇਕ ਪਾਸੇ ਜਿਥੇ ਹੂੰਝਾ ਫੇਰ ਜਿੱਤ ਦਰਜ ਕਰੇਗਾ ਨਾਲ ਹੀ ਉਨ੍ਹਾਂ ਕਿਹਾ ਕਿ ਹੋਰ ਵੀ ਹਮਖਿਆਲੀ ਪਾਰਟੀਆਂ ਜਲਦੀ ਹੀ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਦਾ ਹਿੱਸਾ ਬਣਨਗੀਆਂ । ਬਹਰਹਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿਚੋਂ 20 ਸੀਟਾਂ ਬਸਪਾ ਦੀ ਝੋਲੀ ਪਾਈਆਂ ਹਨ ਅਤੇ ਦੇਖਣ ਵਾਲੀ ਗੱਲ ਰਹੇਗੀ ਕਿ ਹੋਰ ਕਈ ਪਾਰਟੀਆਂ ਦੇ ਨਾਲ ਮਿਲ ਕੇ ਮਹਾਗਠਬੰਧਨ ਤਿਆਰ ਕੀਤਾ ਜਾਂਦਾ ਹੈ ਅਤੇ ਕਿੰਨੀਆਂ ਸੀਟਾਂ ਹਮਖਿਆਲੀ ਪਾਰਟੀਆਂ ਨੂੰ ਦਿੱਤੀਆਂ ਜਾਣਗੀਆਂ ।
ਸੀਪੀਆਈ(ਐਮ) ਨਾਲ ਗਠਜੋੜ ਦੀਆਂ ਚਰਚਾਵਾਂ
ਸਿਆਸੀ ਗਲਿਆਰਿਆਂ ਵਿਚ ਚਰਚਾ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਬਸਪਾ ਨਾਲ ਗਠਬੰਧਨ ਕਰਨ ਤੋਂ ਬਾਅਦ ਹੁਣ ਸੀਪੀਆਈ (ਐਮ) ਨਾਲ ਗਠਜੋੜ ਕਰ ਸਕਦਾ ਹੈ ਅਤੇ ਇਸ ਬਾਬਤ ਬੈਠਕਾਂ ਦਾ ਦੌਰ ਵੀ ਅੰਦਰਖਾਤੇ ਜਾਰੀ ਹੈ ,ਹਾਲਾਂਕਿ ਇਸ ਬਾਬਤ ਸ਼੍ਰੋਮਣੀ ਅਕਾਲੀ ਦਲ ਸਿੱਧੇ ਤੌਰ ਤੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਪਰ ਸਵਾਲ ਪੁੱਛੇ ਜਾਣ ਤੇ ਗਠਬੰਧਨ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਵੀ ਨਹੀਂ ਕਰ ਰਿਹਾ । ਇੱਥੇ ਇਹ ਵੀ ਦੱਸਣਯੋਗ ਹੈ ਕਿ ਬਸਪਾ ਨਾਲ ਗਠਬੰਧਨ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਇਹੀ ਕਹਿਣਾ ਸੀ ਕਿ ਹਮਖਿਆਲੀ ਪਾਰਟੀਆਂ ਦੇ ਨਾਲ ਵਿਚਾਰ ਚਰਚਾ ਚੱਲ ਰਹੀ ਹੈ ਅਤੇ ਇਸ ਵਾਰ ਵੀ ਇਹੀ ਬਿਆਨ ਸਾਹਮਣੇ ਆ ਰਹੇ ਹਨ ।
ਇਹ ਵੀ ਪੜੋ:Akali-BSP Alliance: ਪੰਜਾਬ ਨੂੰ ਲੁੱਟਣ ਆ ਰਹੀ ਹੈ ਮਾਇਆਵਤੀ