ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਹੁਣ ਇਕ ਨਵਾਂ ਸਿਆਸੀ ਅਧਿਆਇ ਖੁੱਲਿਆ ਹੈ। ਕੇਂਦਰੀ ਜੇਲ੍ਹ ਵਿਚੋਂ ਬਾਹਰ ਆਉਂਦਿਆਂ ਹੀ ਸਿੱਧੂ ਨੇ ਪੰਜਾਬ ਸਰਕਾਰ ਅਤੇ ਭਾਜਪਾ ਨੂੰ ਜਿਸ ਤਰ੍ਹਾਂ ਨਿਸ਼ਾਨੇ 'ਤੇ ਲਿਆ ਉਸਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਚੱਕਰਾਂ ਵਿਚ ਪਾ ਦਿੱਤਾ। ਸਿੱਧੂ ਦੀ ਆਪਣੀ ਹੀ ਪਾਰਟੀ ਪੰਜਾਬ ਕਾਂਗਰਸ ਦੇ ਕਈ ਸੀਨੀਅਰ ਲੀਡਰ ਤਾਂ ਚੁੱਪ ਵੱਟੀ ਬੈਠੇ ਹਨ। ਦੂਜੇ ਪਾਸੇ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਸਿੱਧੂ ਵੱਲੋਂ ਪਟਿਆਲਾ ਕੇਂਦਰੀ ਜੇਲ੍ਹ ਦੇ ਬਾਹਰ ਦਿੱਤੇ ਗਏ ਬਿਆਨਾਂ ਦਾ ਪਲਟਵਾਰ ਵੀ ਕੀਤਾ ਹੈ। ਸਿੱਧੂ ਦੇ ਸਮਰਥਕਾਂ ਵਿਚ ਤਾਂ ਖੁਸ਼ੀ ਦੀ ਲਹਿਰ ਹੈ ਅਤੇ ਲੱਡੂ ਵੀ ਵੰਡੇ ਜਾ ਰਹੇ ਹਨ। ਹੁਣ ਸਵਾਲ ਇਹ ਹਨ ਕਿ ਜਿਸ ਤਰ੍ਹਾਂ ਜੇਲ੍ਹ ਚੋਂ ਬਾਹਰ ਆਉਂਦਿਆਂ ਹੀ ਸਿੱਧੂ ਨੇ ਸਿਆਸੀ ਛੱਕਾ ਲਗਾਇਆ ਹੈ, ਉਸ ਤਰ੍ਹਾਂ ਹੁਣ ਪੰਜਾਬ ਦੀ ਸਿਆਸਤ ਵਿਚ ਸਿੱਧੂ ਦੀ ਫੀਲਡਿੰਗ ਕਿਹੋ ਜਿਹੀ ਰਹੇਗੀ? ਸਿੱਧੂ ਦੀ ਆਮਦ ਨਾਲ ਪੰਜਾਬ ਵਿਚ ਕਿਸ ਤਰ੍ਹਾਂ ਦੇ ਸਿਆਸੀ ਸਮੀਕਰਨ ਬਣਨਗੇ?
ਨਵਜੋਤ ਸਿੱਧੂ ਅਤੇ 8 ਨੁਕਤੇ : ਨਵਜੋਤ ਸਿੱਧੂ ਅਤੇ ਉਹਨਾਂ ਦੀ ਸ਼ੈਲੀ ਹਮੇਸ਼ਾ ਚਰਚਾਵਾਂ ਦਾ ਵਿਸ਼ਾ ਰਹੀ ਹੈ ਕਈ ਵਾਰ ਵਿਵਾਦ ਨਵਜੋਤ ਸਿੱਧੂ ਨਾਲ ਆ ਕੇ ਜੁੜੇ। ਸਿੱਧੂ ਅਕਸਰ ਪੰਜਾਬ ਦੀ ਸਿਆਸੀ ਹੇਵ ਦੇ ਉਲਟ ਚੱਲਣ ਦੀ ਕੋਸ਼ਿਸ਼ ਕੀਤੀ। ਨਵਜੋਤ ਸਿੱਧੂ ਨੇ ਅਕਸਰ ਪੰਜਾਬ ਦੀ ਖੁਸ਼ਹਾਲੀ ਦੇ ਕੁਝ ਨੁਕਤੇ ਹੋਣ ਦਾ ਦਾਅਵਾ ਕੀਤਾ ਜਿਹਨਾਂ ਨੂੰ ਕਈ ਵਾਰ ਜਨਤਕ ਤੌਰ 'ਤੇ ੳਭਾਰਿਆ ਵੀ ਗਿਆ। ਇਹਨਾਂ ਨੁਕਤਿਆਂ ਵਿਚ ਪੰਜਾਬ ਲਈ ਰੇਤ ਦੀ ਕਾਰਪੋਰੇਸ਼ਨ ਬਣਾਉਣ, ਪੰਜਾਬ ਵਿਚ ਖੇਤੀਬਾੜੀ ਮਾਡਲ ਬਦਲਣ ਦੀ ਗੱਲ, ਕਰਤਾਰਪੁਰ ਲਾਂਘਾ ਖੋਲਣ ਦੀ ਗੱਲ, ਸ਼ਰਾਬ ਦੀ ਕਾਰਪੋਰੇਸ਼ਨ ਬਣਾਉਣ ਦੀ ਗੱਲ ਹੋਵੇ, ਸੂਬੇ ਦੇ ਹੱਕਾਂ ਦੀ ਗੱਲ ਅਤੇ ਪਾਕਿਸਤਾਨ ਨਾਲ ਅਮਨ ਸ਼ਾਂਤੀ ਦਾ ਹਵਾਲਾ ਵਾਰ ਵਾਰ ਦਿੱਤਾ ਗਿਆ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਏਜੰਡਾ ਪੰਜਾਬ ਲਈ ਸਾਰਥਕ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਿੱਧੂ ਮੁੜ ਤੋਂ ਇਹ ਏਜੰਡਾ ਪੰਜਾਬ ਦੀ ਸਿਆਸਤ ਵਿਚ ਉਭਾਰ ਸਕਦੇ ਹਨ।
ਸਰਕਾਰ ਲਈ ਚੁਣੌਤੀ ਬਣ ਸਕਦਾ ਏਜੰਡਾ : ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਬਦਲਾਅ ਦੇ ਨਾਂ ਤੇ ਬਣੀ ਪਾਰਟੀ ਪੰਜਾਬ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰ ਸਕੀ। ਹੁਣ ਨਵਜੋਤ ਸਿੱਧੂ ਦਾ ਏਜੰਡਾ ਪੰਜਾਬ ਵਿਚ ਸਰਕਾਰ ਲਈ ਚੁਣੌਤੀ ਖੜ੍ਹੀ ਕਰ ਸਕਦਾ ਹੈ। ਰਾਜਨੀਤਿਕ ਮਾਹਿਰ ਮਾਲਵਿੰਦਰ ਮਾਲੀ ਦੇ ਨਜ਼ਰੀਏ ਅਨੁਸਾਰ ਸਿੱਧੂ ਕੋਲ ਏਜੰਡਿਆਂ ਦੀ ਸਿਆਸਤ ਦੀ ਗੱਲ ਹੈ ਵਿਅਕਤੀ ਵਿਸ਼ੇਸ਼ ਦੇ ਵਿਰੋਧ ਵਿਚ ਸਿੱਧੂ ਘੱਟ ਵਿਸ਼ਵਾਸ ਕਰਦਾ ਹੈ ਹਾਲਾਂਕਿ ਪਹਿਲਾਂ ਮਜੀਠੀਆ ਅਤੇ ਕੈਪਟਨ ਨਾਲ ਜ਼ਰੂਰ ਸਿੱਧੂ ਦੇ ਸੁਰ ਵਿਗੜੇ। ਨਵਜੋਤ ਸਿੱਧੂ ਦਾ ਅੰਦਾਜ਼ ਹੀ ਸਿਆਸਤ ਵਿਚ ਕੁਝ ਅਜਿਹਾ ਹੈ ਜਿਸਨੂੰ ਕਈ ਵਾਰ ਸਵਾਲੀਆ ਨਜ਼ਰਾਂ ਨਾਲ ਵੇਖਿਆ ਗਿਆ।
ਸਿੱਧੂ ਲਈ ਕੋਈ ਵੱਡਾ ਅਹੁਦਾ ਪੈਰਾਂ 'ਚ ਬੇੜੀਆਂ ਬਣ ਸਕਦਾ : ਪੰਜਾਬ ਕਾਂਗਰਸ ਦੀ ਸਥਿਤੀ ਅਤੇ ਅੰਦਰੂਨੀ ਗੁੱਟਬੰਦੀ ਨੇ ਪੰਜਾਬ ਕਾਂਗਰਸ ਨੂੰ ਖੋਖਲਾ ਕਰ ਦਿੱਤਾ ਹੈ। ਅਹੁਦਿਆਂ ਦੀ ਲੜਾਈ ਪਿੱਛੇ ਕਾਂਗਰਸ ਦੀ ਲੀਡਰਸ਼ਿਪ ਨਿਘਾਰ ਵੱਲ ਗਈ। ਅਜਿਹੇ ਦੌਰ ਵਿਚ ਸਿਆਸੀ ਮਾਹਿਰਾਂ ਦੀ ਸਿੱਧੂ ਨੂੰ ਸਲਾਹ ਹੈ ਕਿ ਜੇਕਰ ਕਿਸੇ ਵੱਡੇ ਅਹੁਦੇ ਦੀ ਦੌੜ ਵਿਚ ਨਾ ਪੈ ਕੇ ਸਿੱਧੂ ਲੋਕਾਂ ਵਿਚ ਵਿਚਰਣ ਤਾਂ ਉਹਨਾਂ ਦੇ ਅਕਸ ਲਈ ਚੰਗਾ ਹੋਵੇਗਾ। ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਤੋਂ ਲੈ ਕੇ ਵਰਕਰਾਂ ਤੱਕ ਕਿਸੇ ਨੂੰ ਵੀ ਇਹ ਗਵਾਰਾ ਨਹੀਂ ਕਿ ਨਵਜੋਤ ਸਿੱਧੂ ਕਾਂਗਰਸ 'ਚ ਰਹਿ ਕੇ ਕੰਮ ਕਰੇ ਅਤੇ ਪੰਜਾਬ ਏਜੰਡੇ ਦੀ ਗੱਲ ਕਰੇ। ਸੂਤਰਾਂ ਵੱਲੋਂ ਮਿਲੀ ਜਾਣਕਾਰੀ ਤੋਂ ਤਾਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਗਲਿਆਰੇ ਵਿਚ ਸਿੱਧੂ ਦੇ ਆਉਣ ਤੇ ਚੁੱਪ ਪਸਰੀ ਹੋਈ ਹੈ ਅਤੇ ਕਿਸੇ ਵੀ ਸਿੱਧੂ ਦੀ ਵਾਪਸੀ ਰਾਸ ਨਹੀਂ।
ਇਹ ਵੀ ਪੜ੍ਹੋ : ਜਲਾਲਾਬਾਦ ਤੋਂ ਫਿਰੋਜ਼ਪੁਰ ਮੁੱਖ ਮਾਰਗ 'ਤੇ ਵਾਪਰਿਆ ਵੱਡਾ ਹਾਦਸਾ, 9 ਅਧਿਆਪਕਾਂ ਸਣੇ ਡਰਾਈਵਰ ਵੀ ਜ਼ਖਮੀ
ਹਾਈਕਮਾਨ ਸਿੱਧੂ ਨੂੰ ਕਰਨਾਟਕ ਭੇਜ ਸਕਦੀ ਹੈ ! : ਸੀਨੀਅਰ ਪੱਤਰਕਾਰ ਪ੍ਰੀਤਮ ਸਿੰਘ ਰੁਪਾਲ ਅਨੁਸਾਰ ਸਿੱਧੂ ਦੀ ਰਿਹਾਈ ਤੋਂ ਬਾਅਦ ਜਿਥੇ ਪੰਜਾਬ ਵਿਚ ਸਿਆਸੀ ਹਲਚਲ ਵਧੀ ਹੈ ਉਥੇ ਹੀ ਪੰਜਾਬ ਕਾਂਗਰਸ ਵਿਚ ਵੀ ਹਲਚਲ ਵੇਖਣ ਨੂੰ ਮਿਲ ਰਹੀ ਹੈ। ਜਿਸਨੂੰ ਸ਼ਾਂਤ ਕਰਨ ਲਈ ਪਾਰਟੀ ਹਾਈਕਮਾਂਡ ਸਿੱਧੂ ਨੂੰ ਕਰਨਾਟਕ ਭੇਜ ਸਕਦੀ ਹੈ ਕਿਉਂਕਿ ਉਥੇ ਅਜਿਹੇ ਆਗੂ ਦੀ ਲੋੜ ਹੈ। ਨਵਜੋਤ ਸਿੱਧੂ ਦੀ ਸਖ਼ਸ਼ੀਅਤ ਅਜਿਹੀ ਹੈ, ਜਿਸਨੇ ਖੇਡ ਜਗਤ, ਟੀਵੀ ਹਗਤ ਅਤੇ ਸਿਆਸਤ ਵਿਚ ਰਹਿੰਦਿਆਂ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ। ਸਿੱਧੂ ਦੇ ਦਾਮਨ ਤੇ ਕੋਈ ਦਾਗ ਨਹੀਂ। ਇਸੇ ਕਰਕੇ ਸਿੱਧੂ ਨਿਧੜਕ ਹੋ ਕੇ ਬੋਲਦੇ ਹਨ ਅਤੇ ਸਿਆਸੀ ਆਗੂਆਂ ਨੂੰ ਸਿੱਧੂ ਦੇ ਇਸ ਇਮਾਨਦਾਰ ਅਤੇ ਨਿਧੜਕ ਰਵੱਈਏ ਤੋਂ ਦਿੱਕਤ ਹੈ। ਇਹ ਵੀ ਹੋ ਸਕਦਾ ਹੈ ਕਿ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਸਿੱਧੂ ਨੂੰ ਦੁਬਾਰਾ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦੇਣ। ਇਹੀ ਗੱਲ ਕਾਂਗਰਸ ਦੇ ਹਿੱਤ ਵਿਚ ਰਹੇਗੀ। ਕਿਉਂਕਿ ਸਿੱਧੂ ਨੂੰ ਸਿਆਸਤ ਦੀ ਸਮਝ ਹੈ ਅਤੇ ਸਿਆਸਤ ਵਿਚ ਪਕੜ ਵੀ ਮਜ਼ਬੂਤ ਹੈ।