ਚੰਡੀਗੜ੍ਹ: ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦਾ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਅੰਤਿਮ ਸਸਕਾਰ ਕੀਤਾ। ਦੱਸ ਦਈਏ ਕਿ ਪਰਕਾਸ਼ ਸਿੰਘ ਦਾ 25 ਅਪ੍ਰੈਲ ਨੂੰ 95 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ, ਜੋ ਕਿ ਸਾਹ ਦੀ ਬਿਮਾਰੀ ਦਾ ਲੰਬੇ ਸਮੇਂ ਤੋਂ ਪੀੜਤ ਸਨ।
ਨਮ ਅੱਖਾਂ ਨਾਲ ਲੋਕਾਂ ਨੂੰ ਹੱਥ ਜੋੜਦੇ ਨਜ਼ਰ ਆਏ ਸੁਖਬੀਰ ਬਾਦਲ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਤੋਂ ਪਿੰਡ ਬਾਦਲ ਤੱਕ ਦੀ ਅੰਤਿਮ ਯਾਤਰਾ ਦੌਰਾਨ ਸਮਰਥਕਾਂ ਨੇ ਵੱਖ-ਵੱਖ ਥਾਵਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਸੁਖਬੀਰ ਬਾਦਲ ਨਮ ਅੱਖਾਂ ਨਾਲ ਲੋਕਾਂ ਨੂੰ ਹੱਥ ਜੋੜਦੇ ਨਜ਼ਰ ਆਏ।
ਪਿੰਡ ਦੇ ਖੇਤ 'ਚ ਹੋਵੇਗਾ ਸੰਸਕਾਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਲੈ ਕੇ ਉਨ੍ਹਾਂ ਦਾ ਪਰਿਵਾਰ ਬੁੱਧਵਾਰ ਰਾਤ 10:15 ਵਜੇ ਜੱਦੀ ਪਿੰਡ ਬਾਦਲ ਵਿਖੇ ਪਹੁੰਚਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਦੁਪਹਿਰ 1 ਵਜੇ ਕੀਤਾ ਜਾਵੇਗਾ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਜਗ੍ਹਾ ਘੱਟ ਹੋਣ ਕਾਰਨ ਸਾਬਕਾ ਮੁੱਖ ਮੰਤਰੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਖੇਤਾਂ ਵਿੱਚ ਹੀ ਕੀਤਾ ਜਾਵੇਗਾ। ਇਸ ਲਈ ਦੋ ਏਕੜ ਖੇਤਾਂ ਵਿੱਚ ਖੜ੍ਹੇ ਕਿੰਨੂ ਦੇ ਬਾਗ ਨੂੰ ਉਖਾੜ ਕੇ ਥੜ੍ਹਾ ਬਣਾਉਣ ਦਾ ਕੰਮ ਬੁੱਧਵਾਰ ਦੇਰ ਸ਼ਾਮ ਤੱਕ ਮੁਕੰਮਲ ਕਰ ਲਿਆ ਗਿਆ।
ਪਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਰੱਖੀ ਮ੍ਰਿਤਕ ਦੇਹ: ਪਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਅੰਦਰ ਰੱਖੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ। ਪਰਿਵਾਰ ਇਸ ਸਮੇਂ ਭਾਵੁਕ ਹੁੰਦਾ ਹੋਇਆ ਨਜ਼ਰ ਆਇਆ।
ਪਿੰਡ ਵਿੱਚ ਯਾਦਗਾਰ ਬਣਾਈ ਜਾਵੇਗੀ: ਪਿੰਡ ਬਾਦਲ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਜਗ੍ਹਾਂ ਪਰਕਾਸ਼ ਸਿੰਘ ਬਾਦਲ ਦਾ ਸਸਕਾਰ ਕੀਤਾ ਜਾ ਰਿਹਾ ਹੈ, ਉਥੇ ਪਰਕਾਸ਼ ਸਿੰਘ ਬਾਦਲ ਦੀ ਯਾਦਗਾਰ ਵੀ ਬਣਾਈ ਜਾਵੇਗੀ। ਇਹ ਯਾਦਗਾਰ ਪਰਕਾਸ਼ ਸਿੰਘ ਬਾਦਲ ਦੇ ਸਮਰਥਕਾਂ ਦੀ ਆਉਣ ਵਾਲੀ ਪੀੜ੍ਹੀ ਲਈ ਬਣਾਈ ਜਾ ਰਹੀ ਹੈ, ਤਾਂ ਜੋ ਉਹ ਪਰਕਾਸ਼ ਸਿੰਘ ਬਾਦਲ ਦੇ ਜੀਵਨ ਤੋਂ ਪ੍ਰੇਰਨਾ ਲੈ ਸਕਣ। ਪਰਕਾਸ਼ ਸਿੰਘ ਬਾਦਲ ਦੀਆਂ ਅੰਤਿਮ ਰਸਮਾਂ ਲਈ 2 ਏਕੜ ਜ਼ਮੀਨ ਦੀ ਮਨਜ਼ੂਰੀ ਦਿੱਤੀ ਗਈ ਹੈ।
ਸੀਐਮ ਮਾਨ, ਪੰਜਾਬ ਦੇ ਗਵਰਨਰ ਤੇ ਰਾਜਸਥਾਨ ਦੇ ਸੀਐਮ ਅੱਜ ਪਹੁੰਚਣਗੇ ਪਿੰਡ ਬਾਦਲ: ਸਵੇਰੇ ਪਰਕਾਸ਼ ਸਿੰਘ ਬਾਦਲ ਅੰਤਿਮ ਦਰਸ਼ਨ ਤੋਂ ਬਾਅਦ ਦੁਪਹਿਰ 1 ਵਜੇ ਅੰਤਿਮ ਸੰਸਕਾਰ ਹੋਵੇਗਾ। ਇਸ ਮੌਕ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿੰਡ ਬਾਦਲ ਪਹੁੰਚੇ ਕੇ ਸ਼ਰਧਾਂਜਲੀ ਦੇਣਗੇ। ਇਸ ਤੋਂ ਇਲਾਵਾ ਪੰਜਾਬ ਦੇ ਗਵਰਨਰ ਬਨਵਾਰੀਲਾਲ ਪੁਰੋਹਿਤ ਤੇ ਜੇਪੀ ਨੱਢਾ ਵੀ ਪਹੁੰਚਣਗੇ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਪਰਕਾਸ਼ ਸਿੰਘ ਬਾਦਲ ਦੇ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣਗੇ।
ਪੀਐਮ ਮੋਦੀ ਨੇ ਦਿੱਤੀ ਸ਼ਰਧਾਂਜਲੀ: ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਚੰਡੀਗੜ੍ਹ ਸਥਿਤ ਅਕਾਲੀ ਦਲ ਦਫ਼ਤਰ ਵਿਖੇ ਰੱਖਿਆ ਗਿਆ। ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਅੰਤਿਮ ਸੰਸਕਾਰ ਕਰਨ ਤੋਂ ਬਾਅਦ ਪਰਿਵਾਰ ਮ੍ਰਿਤਕ ਦੇਹ ਨੂੰ ਚੰਡੀਗੜ੍ਹ ਤੋਂ ਪਿੰਡ ਬਾਦਲ ਲੈ ਗਿਆ। ਇਹ ਪਰਿਵਾਰ ਰਾਜਪੁਰਾ, ਪਟਿਆਲਾ, ਸੰਗਰੂਰ, ਬਰਨਾਲਾ ਅਤੇ ਬਠਿੰਡਾ ਤੋਂ ਹੁੰਦਾ ਹੋਇਆ ਮੁਕਤਸਰ ਜ਼ਿਲ੍ਹੇ ਦੇ ਪਿੰਡ ਬਾਦਲ ਪਹੁੰਚਿਆ।
ਬਾਦਲ ਸਾਬ੍ਹ ਨੇ ਹਮੇਸ਼ਾ ਕਿਹਾ ਕਿ ਸਿਆਸਤ ਵਿਚਾਰਾਂ ਦੀ ਲੜਾਈ ਹੋ ਸਕਦੀ, ਨਿੱਜੀ ਨਹੀਂ-ਮਨਜਿੰਦਰ ਸਿਰਸਾ: ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ ਮੌਕੇ ਸੋਗ ਪ੍ਰਗਟਾਉਣ ਪਹੁੰਚੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਲਈ ਅਲਫਾਜ਼ਾ ਦੀ ਘਾਟ ਹੈ। ਉਨ੍ਹਾਂ ਦਾ ਸਾਨੀ ਕੋਈ ਨਹੀਂ ਹੈ। ਪਰਕਾਸ਼ ਸਿੰਘ ਬਾਦਲ ਰਾਜਨੀਤੀ ਵਿੱਚ ਕਿਸੇ ਨੂੰ ਦੁਸ਼ਮਣ ਨਹੀਂ ਮੰਨਦੇ ਸੀ। ਉਹ ਕਹਿੰਦੇ ਸੀ ਕਿ ਸਿਆਸਤ ਵਿਚਾਰਾਂ ਦੀ ਲੜਾਈ ਹੋ ਸਕਦੀ ਹੈ, ਨਿੱਜੀ ਲੜਾਈ ਨਹੀਂ ਹੋ ਸਕਦੀ। ਮਨਜਿੰਦਰ ਸਿਰਸਾ ਨੇ ਕਿਹਾ ਕਿ ਸਾਨੂੰ ਉਨ੍ਹਾਂ ਤੋਂ ਇਹ ਸਿੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਸਮੇਂ ਦੇ ਬਹੁਤ ਪਾਬੰਦ ਸੀ।
ਕਾਂਗਰਸ ਨੇ ਰੱਦ ਕੀਤੇ ਸਾਰੇ ਪ੍ਰੋਗਰਾਮ ਤੇ ਮੀਟਿੰਗਾਂ: ਪਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਕਿ 27 ਅਪ੍ਰੈਲ, 2023 ਨੂੰ ਹੋਣ ਵਾਲੇ ਕਾਂਗਰਸ ਦੇ ਸਾਰੇ ਪ੍ਰੋਗਰਾਮ, ਮੀਟਿੰਗਾਂ ਤੇ ਕੈਂਪੇਨ ਰੱਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਪਰਕਾਸ਼ ਸਿੰਘ ਬਾਦਲ ਦੇ ਨਰਮ ਸੁਭਾਅ ਨੂੰ ਯਾਦ ਕਰਕੇ ਹਰ ਕੋਈ ਹੋ ਰਿਹਾ ਭਾਵੁਕ