ਚੰਡੀਗੜ੍ਹ: ਬਦਲਾਅ, ਇਨਕਲਾਬ, ਆਮ ਘਰਾਂ ਦੇ ਨੇਤਾ ਇਹ ਗੱਲਾਂ ਪੰਜਾਬ ਵਿਧਾਨ ਸਭਾ ਤੋਂ ਲੈ ਕੇ ਸੜਕਾਂ ਤੱਕ ਆਮ ਸੁਣਨ ਨੂੰ ਮਿਲਦੀਆਂ ਹਨ। ਪੰਜਾਬ ਦੀ ਸੱਤਾ 'ਤੇ ਕਾਬਿਜ ਆਮ ਆਦਮੀ ਪਾਰਟੀ ਅਕਸਰ ਆਮ ਲੋਕਾਂ ਦੀ ਸਰਕਾਰ ਹੋਣ ਦਾ ਦਾਅਵਾ ਕਰਦੀ ਹੈ। ਸਰਕਾਰ ਬਣਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਵਿੱਚੋਂ ਵੀਆਈਪੀ ਕਲਚਰ ਖ਼ਤਮ ਕਰਨ ਦਾ ਵਾਅਦਾ ਵੀ ਪੰਜਾਬੀਆਂ ਨਾਲ ਕੀਤਾ, ਪਰ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਖੁਦ ਕਈ ਵਾਰ ਵੀਆਈਪੀ ਕਲਚਰ ਵਿੱਚ ਘਿਰਦੀ ਨਜ਼ਰ ਆਈ।
ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਇਲਜ਼ਾਮ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਪੰਜਾਬ ਅਤੇ ਦਿੱਲੀ ਦੋ ਸੂਬਿਆਂ ਦੀ ਸੁਰੱਖਿਆ ਹੈ। ਆਪਣੇ ਆਪ ਨੂੰ ਆਮ ਆਦਮੀ ਦੱਸਣ ਵਾਲੇ ਕੇਜਰੀਵਾਲ ਕੋਲ ਜ਼ੈੱਡ ਸਿਕਓਰਿਟੀ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਜਵਾਨ ਵੀ ਸੇਵਾ ਵਿੱਚ ਹਾਜ਼ਰ ਹਨ। ਪੰਜਾਬ ਸਰਕਾਰ ਕੋਲ 8 ਮਹਿੰਗੀਆਂ ਲੈਂਡ ਕਰੂਜ਼ਰ ਗੱਡੀਆਂ ਹਨ। ਇਨ੍ਹਾਂ ਵਿੱਚੋਂ 2 ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਦਿੱਤੀਆਂ ਗਈਆਂ ਹਨ। ਦਿੱਲੀ ਵਿੱਚ ਵੱਖਰੀ ਸੁਰੱਖਿਆ ਤੋਂ ਇਲਾਵਾ ਪੰਜਾਬ ਸਰਕਾਰ ਨੇ ਕੇਜਰੀਵਾਲ ਨੂੰ ਵੱਖਰੇ ਤੌਰ 'ਤੇ 80 ਕਮਾਂਡੋ ਅਤੇ ਗੱਡੀਆਂ ਦਿੱਤੀਆਂ ਹਨ। ਬਾਜਵਾ ਮੁਤਾਬਿਕ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰਾਂ ਸਮੇਤ 1100 ਪੁਲਿਸ ਮੁਲਾਜ਼ਮਾਂ ਅਤੇ 122 ਦੇ ਕਰੀਬ ਗੱਡੀਆਂ ਦਾ ਕਾਫ਼ਲਾ ਸੁਰੱਖਿਆ ਲਈ ਤਾਇਨਾਤ ਹੈ।
ਪਿਛਲਿਆਂ ਨਾਲੋਂ ਜ਼ਿਆਦਾ ਮੌਜੂਦਾ ਸੀਐੱਮ ਦੀ ਸੁਰੱਖਿਆ: ਮਿਲੀ ਜਾਣਕਾਰੀ ਮੁਤਾਬਿਕ ਆਮ ਤੌਰ 'ਤੇ ਪੰਜਾਬ ਵਿੱਚ ਇੱਕ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਘੱਟੋ-ਘੱਟ 1000 ਮੁਲਾਜ਼ਮ ਹੁਣ ਤੱਕ ਰਹੇ ਹਨ। ਜਦਕਿ ਮੌਜੂਦਾ ਸੀਐੱਮ ਦੇ ਸੁਰੱਖਿਆ ਘੇਰੇ ਵਿੱਚ 1100 ਤੋਂ 1200 ਦੇ ਵਿਚਕਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਹੈ ਜੋ ਕਿ ਸਮੇਂ-ਸਮੇਂ ਉੱਤੇ ਘਟਦੀ-ਵੱਧਦੀ ਰਹਿੰਦੀ ਹੈ। ਸੁਰੱਖਿਆ ਦਾ ਆਪਣਾ ਇੱਕ ਪ੍ਰੋਟੋਕਾਲ ਹੁੰਦਾ ਹੈ ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਜ਼ੈਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ। ਜ਼ੈਡ ਪਲੱਸ ਸੁਰੱਖਿਆ ਵਿੱਚ ਕੁੱਲ 55 ਮੁਲਾਜ਼ਮ ਹੁੰਦੇ ਹਨ, ਜਿਹਨਾਂ ਵਿੱਚ 10 ਐੱਨਐੱਸਜੀ ਕਮਾਂਡੋ ਅਤੇ ਪੁਲਿਸ ਮੁਲਾਜ਼ਮ ਸ਼ਾਮਿਲ ਹੁੰਦੇ ਹਨ। ਵਾਈ ਪਲੱਸ ਸੁਰੱਖਿਆ ਵਿੱਚ 22 ਕੁੱਲ ਮੁਲਾਜ਼ਮ ਹੁੰਦੇ ਹਨ ਜਿਹਨਾਂ ਵਿੱਚ 2 ਤੋਂ 4 ਕਮਾਂਡੋ ਅਤੇ ਬਾਕੀ ਪੁਲਿਸ ਮੁਲਾਜ਼ਮ ਹੁੰਦੇ ਹਨ। ਵਾਈ ਸ਼੍ਰੇਣੀ ਵਿੱਚ 1 ਜਾਂ 2 ਕਮਾਂਡੋ ਅਤੇ 8 ਪੁਲਿਸ ਮੁਲਜ਼ਮਾਂ ਦਾ ਸੁਰੱਖਿਆ ਵੇਰਵਾ ਹੈ। ਮੁੱਖ ਮੰਤਰੀ ਦੀ ਸਾਰੀ ਸੁਰੱਖਿਆ ਉਹਨਾਂ ਦੀ ਬਾਕੀ ਸੁਰੱਖਿਆ ਨਾਲ ਇਸ ਲਈ ਵੀ ਜੋੜੀ ਜਾਂਦੀ ਹੈ ਕਿਉਂਕਿ ਉਹਨਾਂ ਦੇ ਸਬੰਧਤ ਅਧਿਕਾਰੀਆਂ ਦੀ ਆਪਣੀ ਸੁਰੱਖਿਆ ਅਲੱਗ ਤੋਂ ਹੁੰਦੀ ਹੈ ਜਿਵੇਂ ਕਿ ਓਐਸਡੀ, ਸਲਾਹਕਾਰ, ਪੀਏ। ਇਹ ਸਬੰਧਿਤ ਅਧਿਕਾਰੀ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੇ ਹਨ। ਮੁੱਖ ਮੰਤਰੀ ਦੇ ਪਰਿਵਾਰਿਕ ਮੈਂਬਰਾਂ ਦੀ ਸੁਰੱਖਿਆ ਅਲੱਗ ਤੋਂ ਦਿੱਤੀ ਗਈ ਹੈ। ਇਸ ਸਾਰੀ ਸੁਰੱਖਿਆ ਨੂੰ ਸੀਐੱਮ ਦੀ ਸੁਰੱਖਿਆ ਨਾਲ ਜੋੜਿਆ ਜਾਂਦਾ ਹੈ। ਇਸ ਵਿੱਚ ਮੁੱਖ ਮੰਤਰੀ ਦੀ ਸੰਗਰੂਰ ਅਤੇ ਚੰਡੀਗੜ੍ਹ ਰਿਹਾਇਸ਼ ਦੇ ਨਾਲ-ਨਾਲ ਮੁੱਖ ਮੰਤਰੀ ਦਫ਼ਤਰ ਵੀ ਸ਼ਾਮਿਲ ਹੈ।
ਸੀਐਮ ਦੇ ਕਾਫ਼ਲੇ 'ਚ 42 ਗੱਡੀਆਂ: ਇੱਕ ਆਰਟੀਆਈ 'ਚ ਇਹ ਖੁਲਾਸਾ ਹੋਇਆ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਮੁੱਖ ਮੰਤਰੀਆਂ ਤੋਂ ਜ਼ਿਆਦਾ ਵੱਡਾ ਕਾਫ਼ਲਾ ਲੈ ਕੇ ਤੁਰਦੇ ਹਨ। ਉਹਨਾਂ ਦੇ ਕਾਫ਼ਲੇ ਵਿਚ 42 ਗੱਡੀਆਂ ਸ਼ਾਮਲ ਰਹਿੰਦੀਆਂ ਹਨ। ਜਦ ਕਿ 2007 ਤੋਂ 2017 ਵੇਲੇ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ 33 ਗੱਡੀਆਂ ਅਤੇ 2017 ਤੋਂ 2021 ਤੱਕ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਕਾਫ਼ਲੇ 'ਚ ਵੀ 33 ਗੱਡੀਆਂ ਰਹੀਆਂ। ਹਾਲਾਂਕਿ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਸਮੇਂ 39 ਗੱਡੀਆਂ ਸ਼ਾਮਲ ਕੀਤੀਆਂ ਗਈਆਂ ਸਨ। ਮੌਜੂਦਾ ਮੁੱਖ ਮੰਤਰੀ ਦੇ ਕਾਫ਼ਲੇ ਵਿੱਚ ਸਭ ਤੋਂ ਜ਼ਿਆਦਾ ਗੱਡੀਆਂ ਹਨ।
ਵੀਆਈਪੀ ਕਲਚਰ 'ਤੇ ਕਈ ਵਾਰ ਘਿਰੀ ਪੰਜਾਬ ਸਰਕਾਰ: ਅਜਿਹੇ ਕਈ ਮੌਕੇ ਆਏ ਜਦੋਂ ਆਮ ਆਦਮੀ ਦੀ ਸਰਕਾਰ ਅਤੇ ਆਮ ਘਰਾਂ ਦੇ ਲੀਡਰ ਕਈ ਵਾਰ ਵੀਆਈਪੀ ਕਲਚਰ ਵਿੱਚ ਘਿਰੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੂੰ ਮੁਹੱਈਆ ਕਰਵਾਈ ਗਈ ਸੁਰੱਖਿਆ ਵੀ ਵਿਰੋਧੀਆਂ ਨੂੰ ਨਹੀਂ ਪਚੀ। ਸੀਐਮ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਕੋਲ ਕੋਈ ਵੀ ਸੰਵਿਧਾਨਿਕ ਅਹੁਦਾ ਨਹੀਂ ਪਰ ਦੋਵਾਂ ਦੀ ਸੁਰੱਖਿਆ ਮੰਤਰੀ ਅਤੇ ਵਿਧਾਇਕਾਂ ਦੇ ਬਰਾਬਰ ਹੈ। ਇੰਨਾ ਹੀ ਨਹੀਂ ਥੇੋੜ੍ਹਾ ਸਮਾਂ ਪਹਿਲਾਂ ਡਾ. ਗੁਰਪ੍ਰੀਤ ਕੌਰ ਦੀ ਸੁਰੱਖਿਆ 'ਚ ਵਾਧਾ ਕੀਤਾ ਗਿਆ। ਪਹਿਲਾਂ ਉਹਨਾਂ ਦੀ ਸੁਰੱਖਿਆ ਵਿੱਚ 15 ਪੁਲਿਸ ਮੁਲਜ਼ਮ ਹੁੰਦੇ ਸਨ ਜਦਕਿ ਹੁਣ 40 ਜਵਾਨ ਜਵਾਨ ਤਾਇਨਾਤ ਕੀਤੇ ਗਏ ਹਨ। ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਮੰਤਰੀਆਂ ਨਾਲ 3 ਪਾਇਲਟ ਜਿਪਸੀਆਂ ਅਤੇ 20 ਕਮਾਂਡੋ ਕਿਉਂ ਚੱਲ ਰਹੇ ਹਨ ? ਹੁਣ ਤਾਂ ਮੰਤਰੀਆਂ ਦੀਆਂ ਪਤਨੀਆਂ ਵੀ ਗੰਨਮੈਨ ਲੈ ਕੇ ਘੁੰਮਦੀਆਂ ਹਨ। ਜਦਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਂਦਿਆਂ ਹੀ ਵੀਆਈਪੀ ਸੁਰੱਖਿਆ ਵਿਚ ਕਟੌਤੀ ਕੀਤੀ ਸੀ ਅਤੇ ਕਈ ਵੱਡੇ ਆਗੂਆਂ ਦੀ ਸੁਰੱਖਿਆ ਵਾਪਸ ਲਈ ਸੀ। ਵੱਡੇ ਆਗੂਆਂ ਨੇ ਹਾਈਕੋਰਟ ਦਾ ਰੁਖ ਕੀਤਾ ਸੀ ਅਤੇ ਹਾਈਕੋਰਟ ਦੇ ਇਸ਼ਾਰੇ 'ਤੇ ਸਰਕਾਰ ਨੂੰ ਸੁਰੱਖਿਆ ਬਹਾਲ ਕਰਨੀ ਪਈ ਸੀ।
ਪੰਜਾਬ 'ਚ ਸਟੇਟਸ ਸਿੰਬਲ ਬਣੀ ਵੀਆਈਪੀ ਸੁਰੱਖਿਆ: ਸਿਆਸੀ ਮਾਮਲਿਆਂ ਦੇ ਮਾਹਿਰ ਡਾਕਟਰ ਪਿਆਰੇ ਲਾਲ ਗਰਗ ਕਹਿੰਦੇ ਹਨ ਕਿ ਪੰਜਾਬ ਵਿੱਚ ਵੀਆਈਪੀ ਸੁਰੱਖਿਆ ਸਟੇਟਸ ਸਿੰਬਲ ਬਣ ਗਈ ਹੈ। ਜਦੋਂ ਪੰਜਾਬ ਵਿੱਚ ਅੱਤਵਾਦ ਦਾ ਦੌਰ ਸ਼ੁਰੂ ਹੋਇਆ ਉਦੋਂ ਤੋਂ ਜ਼ਿਆਦਾ ਸੁਰੱਖਿਆ ਘੇਰਾ ਰੱਖਣ ਦਾ ਚਲਨ ਪੰਜਾਬ ਦੀ ਰਾਜਨੀਤੀ ਵਿੱਚ ਸ਼ੁਰੂ ਹੋਇਆ। ਬੇਸ਼ੱਕ ਕੋਈ ਸਰਕਾਰ ਕਿੰਨਾ ਵੀ ਵੀਆਈਪੀ ਕਲਚਰ ਖ਼ਤਮ ਕਰਨ ਦਾ ਦਾਅਵਾ ਕਿਉਂ ਨਾ ਕਰੇ ਇਹ ਪੰਜਾਬ ਵਿਚੋਂ ਕਦੇ ਖ਼ਤਮ ਨਹੀਂ ਹੋ ਸਕਦਾ। ਪੰਜਾਬ ਵਿੱਚ ਜਾਂ ਤਾਂ ਪੀਏਪੀ ਬਟਾਲੀਅਨ ਦੀ ਸੁਰੱਖਿਆ ਦਿੱਤੀ ਜਾਂਦੀ ਹੈ ਜਾਂ ਫਿਰ ਸਾਰੇ ਪੁਲਿਸ ਕਮਿਸ਼ਨਰਾਂ ਵੱਲੋਂ ਸੁਰੱਖਿਆ ਦਿੱਤੀ ਜਾਂਦੀ ਹੈ। ਸੁਰੱਖਿਆ ਮੁਲਾਜ਼ਮ ਵਰਦੀ ਧਾਰੀ ਵੀ ਹੁੰਦੇ ਹਨ ਅਤੇ ਸਿਵਲ 'ਚ ਵੀ ਹੁੰਦੇ ਹਨ। ਮੁੱਖ ਮੰਤਰੀ ਦੀ ਸੁਰੱਖਿਆ ਇਸ ਲਈ ਵੀ ਜ਼ਿਆਦਾ ਹੁੰਦੀ ਹੈ ਕਿਉਂਕਿ ਉਹਨਾਂ ਦੇ ਅਫ਼ਸਰ ਵੀ ਨਾਲ ਚੱਲਦੇ ਹਨ ਅਤੇ ਅਫ਼ਸਰਾਂ ਦੀ ਸੁਰੱਖਿਆ ਅਲੱਗ ਤੋਂ ਹੁੰਦੀ ਹੈ। ਇਹ ਰੁਝਾਨ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਹੈ ਜਦਕਿ ਬਾਕੀ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਮੰਤਰੀਆਂ ਕੋਲ ਇੰਨੀ ਜ਼ਿਆਦਾ ਸੁਰੱਖਿਆ ਨਹੀਂ ਹੁੰਦੀ। ਜ਼ਿਆਦਾ ਸੁਰੱਖਿਆ ਦੇ ਫਾਇਦੇ ਨਹੀਂ ਬਲਕਿ ਨੁਕਸਾਨ ਹੁੰਦੇ ਹਨ ਲੋਕਾਂ ਵਿੱਚ ਦਹਿਸ਼ਤ ਪੈਦਾ ਹੁੰਦੀ ਹੈ, ਲੋਕ ਲੀਡਰ ਦੇ ਕੋਲ ਨਹੀਂ ਆ ਸਕਦੇ, ਸਰਕਾਰੀ ਖਜਾਨੇ 'ਤੇ ਬੋਝ ਪੈਦਾ ਹੁੰਦਾ ਹੈ ਅਤੇ ਸੁਰੱਖਿਆ ਦਸਤੇ ਵਿੱਚ ਭੰਬਲਭੂਸੇ ਦੀ ਸਥਿਤੀ ਪੈਦਾ ਹੁੰਦੀ ਹੈ। ਜ਼ਿਆਦਾ ਸੁਰੱਖਿਆ ਜੇਕਰ ਫਾਇਦੇਮੰਦ ਹੁੰਦੀ ਤਾਂ ਸੁਧੀਰ ਸੂਰੀ, ਇੰਦਰਾ ਗਾਂਧੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦਾ ਕਤਲ ਨਾ ਹੁੰਦਾ।
ਇਹ ਵੀ ਪੜ੍ਹੋ: Goldy Brar Facebook Post: ਗੈਂਗਸਟਰ ਗੋਲਡੀ ਬਰਾੜ ਨੇ ਲਈ ਟਿੱਲੂ ਤਾਜਪੁਰੀਆ ਦੇ ਕਤਲ ਦੀ ਜ਼ਿੰਮੇਵਾਰੀ