ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕੈਬਿਨੇਟ ਬੈਠਕ ਦੇ ਵਿੱਚ ਹੋਏ ਫ਼ੈਸਲੇ ਤੋਂ ਬਾਅਦ ਸੂਬੇ ਵਿੱਚ ਮੈਡੀਕਲ ਸਿੱਖਿਆ ਮਹਿੰਗੀ ਹੋ ਗਈ ਹੈ। ਮੈਡੀਕਲ ਫੀਸਾਂ ਵਿੱਚ 70 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ। ਇਸ ਨਾਲ ਕਿਤੇ ਨਾ ਕਿਤੇ ਵਿਦਿਆਰਥਿਆਂ ਦੇ ਮਾਪਿਆਂ ਦੀ ਜੇਬ 'ਤੇ ਵਾਧੂ ਬੋਝ ਪਵੇਗਾ।
ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਈਟੀਵੀ ਭਾਰਤ ਵੱਲੋਂ ਪੰਜਾਬ ਦੇ ਮੈਡੀਕਲ ਤੇ ਰਿਸਰਚ ਮੰਤਰੀ ਓਮ ਪ੍ਰਕਾਸ਼ ਸੋਨੀ ਨਾਲ ਗੱਲ ਕੀਤੀ ਗਈ। ਇਸ ਮਾਮਲੇ ਵਿੱਚ ਜਦੋਂ ਉਨ੍ਹਾਂ ਤੋਂ ਸਵਾਲ ਪੁੱਛੇ ਗਏ ਤਾਂ ਕੈਬਿਨੇਟ ਮੰਤਰੀ ਓਪੀ ਸੋਨੀ ਨੇ ਸਫਾਈ ਦਿੰਦਿਆਂ ਕਿਹਾ, 'ਵਿਰੋਧੀਆਂ ਦਾ ਕੰਮ ਵਿਰੋਧ ਕਰਨਾ ਹੁੰਦਾ ਤੇ ਉਨ੍ਹਾਂ ਨੂੰ ਵਿਰੋਧ ਕਰੀ ਜਾਣ ਦਿਓ।'
ਪੂਰੇ ਕੋਰਸ ਵਿੱਚ 7.5 ਲੱਖ ਤੱਕ ਦੀ ਫੀਸ ਦਾ ਹੋਇਆ ਵਾਧਾ: ਓ.ਪੀ. ਸੋਨੀ
ਸੋਨੀ ਨੇ ਕਿਹਾ ਕਿ ਸਰਕਾਰ ਨੂੰ ਸਰਕਾਰੀ ਕਾਲਜਾਂ ਨੂੰ ਵੀ ਚਲਾਉਣਾ ਹੈ ਜਿਸ ਦੇ ਚੱਲਦਿਆਂ ਫੀਸਾਂ ਵਿੱਚ ਵਾਧਾ ਕਰਨਾ ਸਮੇਂ ਦੀ ਮੰਗ ਹੈ। ਉਨ੍ਹਾਂ ਦੱਸਿਆ ਕਿ ਨਿੱਜੀ ਕਾਲਜਾਂ ਦੇ ਵਿੱਚ ਸਰਕਾਰੀ ਕੋਟੇ ਦੀ ਫੀਸ 13.5 ਲੱਖ ਤੋਂ 18.5 ਲੱਖ ਵਧਾਈ ਗਈ ਹੈ ਅਤੇ ਮੈਨੇਜਮੈਂਟ ਕੋਟੇ ਵਿੱਚ 40.5 ਲੱਖ ਤੋਂ 45.5 ਲੱਖ ਕਰ ਦਿੱਤਾ ਗਿਆ ਹੈ। ਪੂਰੇ ਕੋਰਸ ਵਿੱਚ 7.5 ਲੱਖ ਤੱਕ ਦੀ ਫੀਸ ਵਧਾਈ ਗਈ ਹੈ।
ਕੈਬਿਨੇਟ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਹੈਲਥ ਡਿਪਾਰਟਮੈਂਟ ਦੇ ਸਲਾਹਕਾਰ ਡਾ. ਤਲਵਾਰ ਦੀ ਕਮੇਟੀ ਦੀ ਸਿਫਾਰਸ਼ਾਂ ਅਤੇ ਨਿੱਜੀ ਕਾਲਜਾਂ ਵੱਲੋਂ ਉਨ੍ਹਾਂ ਦੇ ਖਰਚੇ ਪੂਰੇ ਨਾ ਹੋਣ ਸਬੰਧੀ ਕਹਿਣ ਉੱਤੇ ਹੀ ਫੀਸਾਂ ਵਧਾਈਆਂ ਗਈਆਂ ਹਨ। ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਹੁਣ ਨਿਜੀ ਕਾਲਜਾਂ ਵਾਲੇ ਆਪਣੀ ਮਨਮਾਨੀ ਨਹੀਂ ਕਰ ਸਕਣਗੇ, ਕਿਉਂਕਿ ਸਰਕਾਰ ਵਿਧਾਨ ਸਭਾ ਵਿੱਚ ਬਿੱਲ ਲੈ ਕੇ ਆਈ ਸੀ।
ਸੋਨੀ ਨੇ ਸਰਕਾਰੀ ਡਾਕਟਰਾਂ ਦੀ ਤਨਖਾਹਾਂ 'ਤੇ ਵੱਟੀ ਚੁੱਪੀ
ਜਦੋਂ ਓ.ਪੀ. ਸੋਨੀ ਨੂੰ ਈਟੀਵੀ ਭਾਰਤ ਵੱਲੋਂ ਡਾਕਟਰਾਂ ਦੀ ਤਨਖਾਹਾਂ ਬਾਰੇ ਸਵਾਲ ਪੁੱਛੇ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਨਿਜੀ ਹਸਪਤਾਲ ਵਿੱਚ ਤਾਂ ਡਾਕਟਰਾਂ ਦੀ ਤਨਖਾਹਾਂ ਬਹੁਤ ਵਧੀਆ ਹਨ। ਉਥੇ ਹੀ ਸੋਨੀ ਨੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੀ ਤਨਖਾਹਾਂ 'ਤੇ ਚੁੱਪੀ ਵੱਟ ਲਈ। ਸੋਨੀ ਨੇ ਕਿਹਾ ਕਿ ਸਾਡੇ ਸੂਬੇ ਵਿੱਚ ਡਾਕਟਰ ਇਸ ਕਾਰਨ ਨਹੀਂ ਆਉਂਦੇ ਕਿ ਕਿਉਂਕੀ ਸਰਕਾਰ ਡਾਕਟਰਾਂ ਨੂੰ ਤਨਖ਼ਾਹਾਂ ਨਹੀਂ ਭਰ ਸਕਦੀ।
ਨਵੇਂ ਪ੍ਰੋਜੈਕਟਾਂ 'ਤੇ ਕੰਮ ਜਾਰੀ
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਲਗਾਤਾਰ ਡਾਕਟਰਾਂ ਦੀ ਭਰਤੀ ਕਰ ਰਹੀ ਹੈ। ਮੁਹਾਲੀ, ਕਪੂਰਥਲਾ ਤੇ ਹੁਸ਼ਿਆਰਪੁਰ ਵਿਖੇ ਮੈਡੀਕਲ ਕਾਲਜ ਬਣਾਏ ਜਾ ਰਹੇ ਹਨ, ਜਿਨ੍ਹਾਂ ਦੀ ਕੇਂਦਰ ਵੱਲੋਂ ਵੀ ਮਨਜ਼ੂਰੀ ਆ ਗਈ ਹੈ। ਕੈਬਿਨੇਟ ਮੰਤਰੀ ਓਪੀ ਸੋਨੀ ਨੇ ਦਾਅਵਾ ਕੀਤਾ ਕਿ ਸੂਬੇ ਵਿੱਚ ਸਰਕਾਰੀ ਮੈਡੀਕਲ ਕਾਲਜਾਂ ਅਤੇ ਨਿਜੀ ਕਾਲਜਾਂ ਵਿੱਚ ਕੇਂਦਰ ਸਰਕਾਰ ਦੀ ਮੈਡੀਕਲ ਕਾਊਂਸਿਲ ਦੀਆਂ ਹਿਦਾਇਤਾਂ ਮੁਤਾਬਕ ਹੀ ਹਰ ਇੱਕ ਕੋਰਸ ਕਰਵਾਇਆ ਜਾ ਰਿਹਾ ਹੈ।