ਚੰਡੀਗੜ੍ਹ: ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੀ ਚਾਰ ਸਾਲਾ ਰਣਨੀਤਕ ਯੋਜਨਾ ਦੇ ਖਰੜੇ ਬਾਰੇ ਵੀਰਵਾਰ ਨੂੰ ਕੈਬਿਨੇਟ ਮੰਤਰੀ ਓ.ਪੀ. ਸੋਨੀ ਦੇ ਕੈਂਪ ਆਫ਼ਿਸ ਵਿਖੇ ਹੋਈ ਬੈਠਕ 'ਚ ਵਿਚਾਰ ਚਰਚਾ ਕੀਤੀ। ਓ ਪੀ ਸੋਨੀ ਨੇ ਦੱਸਿਆ ਕਿ ਮੀਟਿੰਗ 'ਚ ਨੇੜਲੇ ਭਵਿੱਖ ਵਿੱਚ ਲੋੜੀਂਦੇ ਪ੍ਰਾਜੈਕਟਾਂ ਅਤੇ ਬੁਨਿਆਦੀ ਢਾਂਚੇ, ਉਨ੍ਹਾਂ ਦੀ ਵਿਵਹਾਰਕਤਾ, ਸੰਚਾਲਨ ਅਤੇ ਰੱਖ ਰਖਾਵ ਦੀਆਂ ਜਰੂਰਤਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਣਨੀਤਕ ਯੋਜਨਾ ਦਾ ਧਿਆਨ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਆਧੁਨਿਕ ਮਸ਼ੀਨਰੀ ਅਤੇ ਉਪਕਰਣਾਂ ਨਾਲ ਲੈਸ ਕਰਨ ਵੱਲ ਹੋਵੇਗਾ।
ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਲਈ ਸਾਲਾਨਾ ਟੀਚਾ ਅਤੇ ਬਜਟ ਤਿਆਰ ਕੀਤਾ ਗਿਆ ਹੈ ਤਾਂ ਜੋ ਪ੍ਰੋਜੈਕਟਾਂ ਨੂੰ ਕਿਸੇ ਵਿੱਤੀ ਅੜਿੱਕੇ ਦਾ ਸਾਹਮਣਾ ਨਾ ਕਰਨਾ ਪਵੇ। ਰਣਨੀਤਕ ਯੋਜਨਾ ਦੇ ਖਰੜੇ ਨੂੰ ਅੰਤਿਮ ਰੂਪ ਦਿੱਤੇ ਜਾਣ ਦੇ ਨਾਲ ਹੀ ਇਹ ਖਰੜਾ ਯੋਜਨਾਬੰਦੀ ਵਿਭਾਗ ਅਤੇ ਇਸ ਤੋਂ ਬਾਅਦ ਵਿੱਤ ਵਿਭਾਗ ਕੋਲ ਜਮ੍ਹਾ ਕਰਵਾ ਦਿੱਤਾ ਜਾਵੇਗਾ ਤਾਂ ਜੋ ਆਗਾਮੀ ਵਿੱਤੀ ਸਾਲ ਵਿੱਚ ਇਸ ਸਬੰਧੀ ਲੋੜੀਂਦਾ ਬਜਟ ਉਪਬੱਧ ਕੀਤਾ ਜਾ ਸਕੇ।
ਮੰਤਰੀ ਨੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦੇ ਅਧਿਕਾਰੀਆਂ ਨੂੰ ਆਪੋ ਆਪਣੇ ਅਦਾਰਿਆਂ ਦੀ ਮਜ਼ਬੂਤੀ ਲਈ ਸਰਗਰਮੀ ਨਾਲ ਕੰਮ ਕਰਨ ਲਈ ਕਿਹਾ ਅਤੇ ਉਨ੍ਹਾਂ ਨੂੰ ਚੱਲ ਰਹੇ ਪ੍ਰਾਜੈਕਟਾਂ ਲਈ ਅਲਾਟ ਕੀਤੇ ਫੰਡਾਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੀ ਵੀ ਹਦਾਇਤ ਦਿੱਤੀ ਤਾਂ ਜੋ ਅੱਗੇ ਫੰਡ ਜਾਰੀ ਕਰਨ ਵਿੱਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਕਿਸੇ ਸੰਸਥਾ ਦੁਆਰਾ ਫੰਡਾਂ ਦੀ ਵਰਤੋਂ ਨਾ ਕਰਨਾ ਸੰਸਥਾ ਦੇ ਮੁਖੀ ਵੱਲੋਂ ਮਾੜੇ ਪ੍ਰਸ਼ਾਸਨ ਨੂੰ ਦਰਸਾਉਂਦਾ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਕਾਲਜ ਅਤੇ ਹਸਪਤਾਲ ਜਨਤਾ ਦੀ ਭਲਾਈ ਲਈ ਹਨ।
ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਰਣਨੀਤਕ ਯੋਜਨਾ ਵਿੱਚ ਸਰਕਾਰੀ ਮੈਡੀਕਲ ਕਾਲਜ (ਜੀ.ਐਮ.ਸੀ.) ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਐਡਵਾਂਸਡ ਟਰਾਮਾ ਕੇਅਰ ਸੈਂਟਰਾਂ ਦਾ ਵਿਕਾਸ, ਫ਼ਰੀਦਕੋਟ ਵਿਖੇ ਜੱਚਾ ਬੱਚਾ ਸੰਭਾਲ ਇਕਾਈਆਂ ਸਥਾਪਤ ਕਰਨ, ਜੀ.ਐਮ.ਸੀ ਅੰਮ੍ਰਿਤਸਰ ਵਿਖੇ ਕੈਂਸਰ ਇੰਸਟੀਚਿਊਟ, ਰੇਡੀਓਥੈਰੇਪੀ ਅਤੇ ਨਿਊਕਲੀਅਰ ਮੈਡੀਸਨ ਬਲਾਕ ਦੀ ਸਥਾਪਨਾ, ਟੀ.ਬੀ. ਹਸਪਤਾਲ ਵਿਖੇ ਨਵੇਂ ਪਲਮਨਰੀ ਹੈਲਥ ਕੇਅਰ ਸੈਂਟਰ ਦੀ ਸਥਾਪਨਾ, ਜੀ.ਐਮ.ਸੀ. ਪਟਿਆਲਾ ਵਿਖੇ ਬਰਨ ਯੂਨਿਟ, ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਵਿਖੇ ਨਵੇਂ ਲਿਕਵਿਡ ਆਕਸੀਜਨ ਪਲਾਂਟ ਦੀ ਸਥਾਪਨਾ, ਸੀਨੀਅਰ ਰੈਜੀਡੈਂਟ ਡਾਕਟਰਾਂ/ਫੈਕਲਟੀ ਅਤੇ ਵਿਦਿਆਰਥੀਆਂ ਵਾਸਤੇ ਹੋਸਟਲਾਂ ਦੀ ਉਸਾਰੀ, ਬਲੱਡ ਬੈਂਕਾਂ ਅਤੇ ਆਪਰੇਸ਼ਨ ਥੀਏਟਰਾਂ ਨੂੰ ਅਪਗ੍ਰੇਡ ਕਰਨ ਅਤੇ ਸਰਕਾਰੀ ਮੈਡੀਕਲ ਹਸਪਤਾਲਾਂ ਨੂੰ ਅਤਿ ਆਧੁਨਿਕ ਉਪਕਰਣਾਂ ਨਾਲ ਲੈਸ ਕਰਨਾ ਸ਼ਾਮਲ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਡੈਂਟਲ ਅਤੇ ਆਯੂਰਵੈਦਿਕ ਕਾਲਜਾਂ ਦੀ ਲੋੜਾਂ ਨੂੰ ਵੀ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ।