ਚੰਡੀਗੜ੍ਹ: ਬਹਿਬਲ ਕਲਾਂ ਗੋਲੀਕਾਂਡ ’ਚ ਅਗਾਊਂ ਜ਼ਮਾਨਤ ਦੀ ਵੱਡੀ ਰਾਹਤ ਮਿਲਣ ਤੋਂ ਬਾਅਦ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਹੁਣ ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਵੀ ਅਗਾਊਂ ਜ਼ਮਾਨਤ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਪਹੁੰਚ ਕਰ ਲਈ ਹੈ। ਐਸਆਈਟੀ ਨੇ ਸੁਮੇਧ ਸੈਣੀ ਨੂੰ ਇਸ ਮਾਮਲੇ ਵਿੱਚ ਵੀ ਮੁਲਜ਼ਮ ਬਣਾਇਆ ਹੋਇਆ ਹੈ ਤੇ ਇਸ ਮਾਮਲੇ ਵਿੱਚ ਬੀਤੇ ਦਿਨ ਮਾਨਯੋਗ ਫਰੀਦਕੋਟ ਅਦਾਲਤ ਨੇ ਸੈਣੀ ਦੀ ਅਗਾਊਂ ਜ਼ਮਾਨਤ ਦੀ ਮੰਗ ਖਾਰਜ ਕਰ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਸੁਮੇਧ ਸਿੰਘ ਸੈਣੀ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਹੈ।
ਐੱਸਆਈਟੀ ਸੈਣੀ ਖਿਲਾਫ ਚਾਰਜਸ਼ੀਟ ਕੀਤੀ ਜਾ ਚੁੱਕੀ ਹੈ ਦਾਖਿਲ
ਜ਼ਿਕਰਯੋਗ ਹੈ ਕਿ ਐੱਸਆਈਟੀ ਵੱਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਖਿਲਾਫ ਹੇਠਲੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਸੈਣੀ ਦੇ ਖਿਲਾਫ ਐੱਸਆਈਟੀ ਵੱਲੋਂ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿੱਚ ਵੀ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਸੈਣੀ ਦੀ ਅਗਾਊਂ ਜਮਾਨਤ ਦੀ ਪਟੀਸ਼ਨ ਕੋਟਕਪੂਰਾ ਅਦਾਲਤ ਨੇ ਖਾਰਿਜ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਹਾਈਕੋਰਟ ਦਾ ਰੁਖ਼ ਕੀਤਾ ਸੀ ਤੇ ਹਾਈ ਕੋਰਟ ਵਿੱਚ ਉਨ੍ਹਾਂ ਨੂੰ ਰਾਹਤ ਮਿਲੀ ਸੀ।
ਇਹ ਵੀ ਪੜੋ: ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਦੇ ਘਰ 'ਤੇ ਹਮਲਾ, ਪੁਲਿਸ ਨੇ ਜਾਂਚ ਅਰੰਭੀ
ਸੈਣੀ ਨੂੰ ਬਤੌਰ ਆਰੋਪੀ ਕੀਤਾ ਗਿਆ ਸੀ ਨਾਮਜ਼ਦ
ਦੱਸ ਦੇਈਏ ਪਿਛਲੇ ਸਾਲ ਅਕਤੂਬਰ ਵਿੱਚ ਬਤੌਰ ਆਰੋਪੀ ਸੈਣੀ ਨੂੰ ਐਸਆਈਟੀ ਵੱਲੋਂ ਨਾਮਜ਼ਦ ਕੀਤਾ ਗਿਆ ਸੀ। ਐੱਸਆਈਟੀ ਨੇ ਸਾਬਕਾ ਡੀਜੀਪੀ ’ਤੇ ਗੋਲੀ ਕਾਂਡ ਦੀ ਸਾਜ਼ਿਸ਼ ਵਿੱਚ ਸ਼ਾਮਿਲ ਹੋਣ ਦੇ ਆਰੋਪ ਲਗਾਏ ਹਨ। ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਘਟਨਾਵਾਂ 14 ਅਕਤੂਬਰ 2015 ਨੂੰ ਹੋਈ ਸੀ।ਕੋਟਕਪੂਰਾ ਵਿੱਚ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਫਾਇਰਿੰਗ ਕੀਤੀ ਜਿਸ ਕਾਰਨ ਕਈ ਲੋਕ ਜ਼ਖਮੀ ਹੋਏ। ਜਿਸ ਤੋਂ ਬਾਅਦ ਐੱਸਆਈਟੀ ਨੇ ਜਾਂਚ ਤੋਂ ਬਾਅਦ ਆਈਜੀ ਪਰਮਰਾਜ ਸਿੰਘ ਉਮਰਾਨੰਗਲ ,ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ,ਐੱਸਪੀ ਪਰਮਜੀਤ ਸਿੰਘ ਪਨੂੰ, ਤਤਕਾਲੀ ਡੀਐਸਪੀ ਕੋਟਕਪੂਰਾ ਬਲਜੀਤ ਸਿੰਘ ਅਤੇ ਤਤਕਾਲੀ ਐੱਸਐੱਚਓ ਸਿਟੀ ਗੁਰਦੀਪ ਸਿੰਘ ਪੰਧੇਰ ਤੋਂ ਇਲਾਵਾ ਕੋਟਕਪੂਰਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਨਾਮਜ਼ਦ ਕੀਤਾ। ਕਾਬਿਲੇਗੌਰ ਹੈ ਕਿ ਇਨ੍ਹਾਂ ਸਾਰਿਆਂ 6 ਆਰੋਪੀਆਂ ਦੇ ਖਿਲਾਫ ਐਫਆਰਆਈ ਦੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾ ਚੁੱਕਿਆ ਹੈ।