ਚੰਡੀਗੜ੍ਹ : ਅੰਮ੍ਰਿਤਪਾਲ ਦੀ ਲੜੀਵਾਰ ਇਕ ਹੋਰ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਹ ਤਸਵੀਰ ਇਕ ਪੈਂਚਰਾਂ ਵਾਲੀ ਦੁਕਾਨ ਉੱਤੇ ਖਿੱਚੀ ਗਈ ਹੈ। ਤਸਵੀਰ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਇਕ ਰੇਹੜੀ ਉੱਤੇ ਮੋਟਰਸਾਇਕਲ ਸਣੇ ਬੈਠਾ ਹੈ। ਇਹ ਉਹੀ ਮੋਟਰਸਾਇਕਲ ਹੈ ਜਿਸ ਉੱਤੇ ਅੰਮ੍ਰਿਤਪਾਲ ਸਿੰਘ ਦੇ ਭੱਜਣ ਦੀਆਂ ਖਬਰਾਂ ਤਸਵੀਰਾਂ ਸਣੇ ਵਾਇਰਲ ਹੋਈਆਂ ਸਨ। ਇਸ ਤਸਵੀਰ ਵਿੱਚ ਉਸਦਾ ਸਾਥੀ ਪੱਪਲਪ੍ਰੀਤ ਸਿੰਘ ਵੀ ਨਾਲ ਹੈ। ਹਾਲਾਂਕਿ ਇਸ ਤਸਵੀਰ ਦੀ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਤਸਵੀਰ ਦੇ ਅਸਲੀ ਜਾਂ ਐਡਿਟਿਡ ਹੋਣ ਦੇ ਵੀ ਸ਼ੰਕੇ ਹਨ। ਇਹ ਵੀ ਯਾਦ ਰਹੇ ਕਿ ਪੁਲਿਸ ਵਲੋਂ ਉਸਦੀਆਂ ਬਹੁਤੀਆਂ ਤਸਵੀਰਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਤੇ ਦੂਜੇ ਪਾਸੇ ਲੋਕ ਵੀ ਇਨ੍ਹਾਂ ਤਸਵੀਰਾਂ ਨਾਲ ਆਪਣੇ ਅੰਦਾਜੇ ਲਾ ਰਹੇ ਹਨ। ਇਹ ਵੀ ਯਾਦ ਰਹੇ ਕਿ ਪੰਜਾਬ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ ਅਤੇ ਉਸਦੀ ਭਾਲ ਜਾਰੀ ਹੈ।
ਪੱਪਲਪ੍ਰੀਤ ਨਾਲ ਐਨਰਜ਼ੀ ਡ੍ਰਿੰਕ ਪੀਂਦੇ ਦੀ ਫੋਟੋ ਵਾਇਰਲ : ਜ਼ਿਕਰਯੋਗ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਪੁਲਿਸ ਪਕੜ ਤੋਂ ਫਿਲਹਾਲ ਬਾਹਰ ਦੱਸੇ ਜਾ ਰਹੇ ਅੰਮ੍ਰਿਤਪਾਲ ਸਿੰਘ ਦੀਆਂ ਦੋ ਹੋਰ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਉਸਦੇ ਦੋ ਅੰਦਾਜ਼ ਹਨ। ਅੰਮ੍ਰਿਤਪਾਲ ਸਿੰਘ ਕਿਸੇ ਸੜਕ ਕੰਢੇ ਹਾਈਵੇ ਲਾਗੇ ਬੈਠਾ ਨਜ਼ਰ ਆ ਰਿਹਾ ਹੈ। ਉਸਦੇ ਨਾਲ ਉਸਦਾ ਸਾਥੀ ਪੱਪਲਪ੍ਰੀਤ ਸਿੰਘ ਵੀ ਹੈ ਅਤੇ ਪੱਪਲਪ੍ਰੀਤ ਸੈਲਫੀ ਲੈ ਰਿਹਾ ਹੈ। ਅੰਮ੍ਰਿਤਪਾਲ ਸਿੰਘ ਅਤੇ ਪੱਪਲਪ੍ਰੀਤ ਨੇ ਹੱਥਾਂ ਵਿੱਚ ਐਨਰਜੀ ਡ੍ਰਿੰਕ ਦੇ ਕੈਨ ਫੜ੍ਹੇ ਹੋਏ ਹਨ। ਦੂਜੇ ਪਾਸੇ ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਅੰਮ੍ਰਿਤਪਾਲ ਸਿੰਘ ਹਾਲੇ ਭਗੌੜਾ ਹੈ ਅਤੇ ਪੁਲਿਸ ਦੀ ਪਕੜ ਤੋਂ ਬਾਹਰ ਹੈ।
ਕਿੱਥੋਂ ਦੀ ਹੈ ਤਾਜ਼ੀ ਤਸਵੀਰਾ, ਸਸਪੈਂਸ ਬਰਕਰਾਰ : ਦਰਅਸਲ ਅੰਮ੍ਰਿਤਪਾਲ ਸਿੰਘ ਲਗਾਤਾਰ ਲੋਕਾਂ ਲਈ ਬੁਝਾਰਤ ਬਣਿਆ ਹੋਇਆ ਹੈ। ਪੁਲਿਸ ਕਹਿ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਭਗੌੜਾ ਹੈ ਅਤੇ ਸੁਰੱਖਿਆ ਏਜੰਸੀਆਂ ਦੀ ਪਕੜ ਤੋਂ ਬਾਹਰ ਹੈ ਪਰ ਅੰਮ੍ਰਿਤਪਾਲ ਸਿੰਘ ਦੀਆਂ ਸੀਸੀਟੀਵੀ ਫੁਟੇਜ ਰਾਹੀਂ ਆ ਰਹੀਆਂ ਤਸਵੀਰਾਂ ਲੋਕਾਂ ਨੂੰ ਜ਼ਰੂਰ ਭੰਬਲਭੂਸੇ ਵਿੱਚ ਪਾ ਰਹੀਆਂ ਹਨ। ਹੈਰਾਨੀ ਵਾਲੀ ਗੱਲ ਹੈ ਕਿ ਅੰਮ੍ਰਿਤਪਾਲ ਸਿੰਘ ਦੀਆਂ ਬਹੁਤੀਆਂ ਤਸਵੀਰਾਂ ਪੰਜਾਬ ਵਿੱਚ ਹੀ ਖਾਸ ਇਲਾਕਿਆਂ ਵਿੱਚੋਂ ਸਾਹਮਣੇ ਆਈਆਂ ਹਨ ਅਤੇ ਪੁਲਿਸ ਦਾ ਦਾਅਵਾ ਹੈ ਕਿ ਅੰਮ੍ਰਿਤਪਾਲ ਹਾਲੇ ਭਗੌੜਾ ਹੈ। ਹਾਲਾਂਕਿ ਉਸਦੀ ਜਾਂਚ ਅਤੇ ਭਾਲ ਜ਼ਰੂਰ ਜਾਰੀ ਹੈ। ਇਹ ਤਾਜੀ ਫੋਟੋ ਕਿੱਥੋਂ ਦੀ ਹੈ ਇਹ ਵੀ ਫਿਲਹਾਲ ਜਾਂਚ ਦਾ ਵਿਸ਼ਾ ਹੈ।
ਸੀਸੀਟੀਵੀ ਫੁਟੇਜ ਵੀ ਹੋਈ ਸੀ ਵਾਇਰਲ : ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੀਆਂ ਲਿਸਟਾਂ ਵਿੱਚ ਭਗੌੜਾ ਦੱਸਿਆ ਜਾ ਰਿਹਾ ਅੰਮ੍ਰਿਤਪਾਲ ਸਿੰਘ ਕਈ ਸੀਸੀਟੀਵੀ ਫੁਟੇਜ ਦੀਆਂ ਤਸਵੀਰਾਂ ਵਿੱਚ ਨਜਰ ਆਇਆ ਹੈ। ਹਾਲਾਂਕਿ ਇਹ ਤਸਵੀਰਾਂ ਲੋਕਾਂ ਲਈ ਵੀ ਬੁਝਾਰਤ ਬਣੀਆਂ ਹੋਈਆਂ ਹਨ। ਕੋਈ ਇਹ ਕਹਿ ਰਿਹਾ ਹੈ ਕਿ ਇਹ ਐਡਿਟ ਕੀਤੀਆਂ ਗਈਆਂ ਹਨ ਤੇ ਕੋਈ ਕਹਿ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਰਾਹ ਵਿੱਚ ਇੰਨੇ ਸੀਸੀਟੀਵੀ ਕੈਮਰੇ ਕਿਵੇਂ ਲੱਗੇ ਹੋਏ ਹਨ। ਹਾਲਾਂਕਿ ਮੀਡੀਆ ਰਿਪੋਰਟਾਂ ਵਿੱਚ ਇਨ੍ਹਾਂ ਤਸਵੀਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ। ਪਰ ਸਵਾਲ ਇਹ ਵੀ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਦਰਅਸਲ ਭੱਜਣ ਦਾ ਕਿਹੜਾ ਰੂਟ ਰਿਹਾ ਹੈ। ਜਦੋਂ ਪੁਲਿਸ ਨੂੰ ਪਤਾ ਸੀ ਕਿ ਉਹ ਫਰਾਰ ਹੋਇਆ ਹੈ ਤਾਂ ਉਹ ਇੰਨੀ ਅਸਾਨੀ ਨਾਲ ਪੁਲਿਸ ਨੂੰ ਕਿਵੇਂ ਝਕਾਨੀ ਦੇ ਰਿਹਾ ਹੈ।