ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 63 ਕਰੋੜ ਰੁਪਏ ਦੇ ਐਸ ਸੀ ਸਕਾਲਰਸ਼ਿਪ ਘੁਟਾਲੇ ਦੀ ਮੁੱਖ ਸਕੱਤਰ ਕੋਲੋਂ ਜਾਂਚ ਕਰਵਾਉਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਲਈ ਕਲੀਨ ਚਿੱਟ ਹਾਸਲ ਕਰਨ ਦੀ ਕਾਰਵਾਈ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਤੇ ਪਾਰਟੀ ਨੇ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ।
ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਤੋਂ ਐੱਸਸੀ ਸਕਾਲਰਸ਼ਿਪ ਸਕੀਮ ਅਧੀਨ ਪ੍ਰਾਪਤ ਹੋਏ 811 ਕਰੋੜ ਰੁਪਏ ਦੀ ਵੰਡ ਦਾ ਹਿਸਾਬ ਮੰਗਦਾ ਹੈ ਕਿਉਂਕਿ ਸ਼ੁਰੂਆਤੀ ਦੌਰ ਵਿਚ ਭਾਵੇਂ ਇਹ ਘੁਟਾਲਾ 63 ਕਰੋੜ ਰੁਪਏ ਦਾ ਦੱਸਿਆ ਗਿਆ ਹੋਵੇ ਪਰ ਅਸਲੀਅਤ ਇਹ ਹੈ ਕਿ ਇਹ ਬਹੁਤ ਜ਼ਿਆਦਾ ਵੱਡਾ ਘੁਟਾਲਾ ਹੈ। ਉਨ੍ਹਾਂ ਕਿਹਾ ਕਿ ਧਰਮਸੋਤ ਨੂੰ ਬਰਖ਼ਾਸਤ ਕਰ ਕੇ ਉਹਨਾਂ ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਖਿਲਾਫ ਸੂਬੇ ਦੇ ਲੱਖਾਂ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਲਈ ਵੱਖਰੇ ਤੌਰ ’ਤੇ ਕੇਸ ਦਰਜ ਹੋਣਾ ਚਾਹੀਦਾ ਹੈ।
ਗਰੇਵਾਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੂੰ ਆਪਣੇ ਮੁੱਖ ਸਕੱਤਰ ਵਿੱਚ ਤਾਂ ਵਿਸ਼ਵਾਸ ਹੈ ਪਰ ਉਨ੍ਹਾਂ ਨੂੰ ਆਪਣੇ ਵਧੀਕ ਮੁੱਖ ਸਕੱਤਰ ਵਿੱਚ ਵਿਸ਼ਵਾਸ ਨਹੀਂ ਹੈ ਜਿਨ੍ਹਾਂ ਨੇ ਐਸਸੀ ਤੇ ਬੀਸੀ ਭਾਈਚਾਰੇ ਦੀ ਭਲਾਈ ਵਿਭਾਗ ਦੇ ਮੁਖੀ ਹੁੰਦਿਆਂ ਆਪਣੀ ਡੂੰਘੀ ਪੜਤਾਲ ਤੋਂ ਬਾਅਦ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਗਰੇਵਾਲ ਨੇ ਕਿਹਾ ਕਿ ਜਦੋਂ ਇਸੇ ਪੱਧਰ ਦੇ ਐਡੀਸ਼ਨਲ ਚੀਫ ਸੈਕਟਰੀ ਨੇ ਇਸ ਮਾਮਲੇ ਦੀ ਜਾਂਚ ਤਕਰੀਬਨ ਮੁਕੰਮਲ ਕਰ ਲਈ ਸੀ ਤਾਂ ਚੀਫ ਸੈਕਟਰੀ ਨੇ ਇਸ ਮਾਮਲੇ ਦੀ ਜਾਂਚ ਕੀ ਕਰਨਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਸੀਂ ਵੇਖ ਲਿਆ ਹੈ ਕਿ ਕਿਵੇਂ ਅਫਸਰਸ਼ਾਹੀ ਨੂੰ ਦੁਸ਼ਹਿਰਾ ਰੇਲ ਹਾਦਸੇ ਅਤੇ ਬਟਾਲਾ ਬੰਬ ਧਮਾਕੇ ਵਿਚ ਕਲੀਨ ਚਿੱਟ ਹਾਸਲ ਕਰਨ ਲਈ ਵਰਤਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਕ ਨਿਰਪੱਖ ਜਾਂਚ ਹੀ ਸਾਰੇ ਦੋਸ਼ੀਆਂ ਨੂੰ ਸਾਹਮਣੇ ਲਿਆ ਸਕਦੀ ਹੈ ਕਿ ਸਾਧੂ ਸਿੰਘ ਧਰਮਸੋਤ ਨੂੰ ਸਜ਼ਾ ਦੁਆ ਸਕਦੀ ਹੈ।
ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਦਾਅਵਿਆਂ ਤੋਂ ਉਲਟ ਅਫਸਰਸ਼ਾਹੀ ਸਾਧੂ ਸਿੰਘ ਧਰਮਸੋਤ ਨੂੰ ਬਚਾਉਣ ’ਤੇ ਤੁਲੀ ਹੈ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੂੰ ਮਾਮਲੇ ਦੀ ਨਿਰਪੱਖ ਜਾਂਚ ਵਿਚ ਕੋਈ ਦਿਲਚਸਪੀ ਹੁੰਦੀ ਤਾਂ ਫਿਰ ਉਹ ਮੰਤਰੀ ਤੋਂ ਅਸਤੀਫਾ ਮੰਗਦੇ ਅਤੇ ਏ ਸੀ ਐਸ ਕਿਰਪਾ ਸ਼ੰਕਰ ਸਰੋਜ ਦੀ ਰਿਪੋਰਟ ਦੇ ਆਧਾਰ ’ਤੇ ਕੇਸ ਵਿੱਚ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੰਦੇ। ਉਨ੍ਹਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਸਰਕਾਰ ਨੇ ਵਿਭਾਗੀ ਜਾਂਚ ਦਾ ਫੈਸਲਾ ਕੀਤਾ ਤੇ ਹੁਣ ਮੁੱਖ ਸਕੱਤਰ ਦੀ ਨਵੀਂ ਜਾਂਚ ਦਾ ਹੁਕਮ ਦਿੱਤਾ ਤਾਂ ਕਿ ਮਾਮਲਾ ਠੰਡੇ ਬਸਤੇ ਵਿਚ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਦਲਿਤ ਵਿਦਿਆਰਥੀਆਂ ਨਾਲ ਇਹ ਅਨਿਆਂ ਨਹੀਂ ਹੋਣ ਦਿਆਂਗੇ। ਉਨ੍ਹਾਂ ਕਿਹਾ ਕਿ ਅਸੀਂ ਸੰਘਰਸ਼ ਸ਼ੁਰੂ ਕਰਾਂਗੇ ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਧਰਮਸੋਤ ਸਲਾਖਾਂ ਪਿੱਛੇ ਹੋਣ ਅਤੇ ਉਨ੍ਹਾਂ ਵੱਲੋਂ ਲੁੱਟਿਆ ਪੈਸਾ ਵਸੂਲਿਆ ਜਾ ਸਕੇ ਤੇ ਐਸ ਸੀ ਵਿਦਿਆਰਥੀਆਂ ਨੂੰ ਵਾਪਸ ਦਿੱਤਾ ਜਾ ਸਕੇ।
ਕੇਸ ਦੇ ਵੇਰਵੇ ਸਾਂਝੇ ਕਰਦਿਆਂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਏਸੀਐਸ ਨੇ ਸਬੂਤਾਂ ਸਮੇਤ ਵਿਸਥਾਰਿਤ ਜਾਂਚ ਰਿਪੋਰਟ ਸੌਂਪ ਕੇ ਸਾਬਤ ਕੀਤਾ ਹੈ ਕਿ ਸਾਧੂ ਸਿੰਘ ਧਰਮਸੋਤ ਨੇ 39 ਕਰੋੜ ਰੁਪੲੈ ਦਾ ਘੁਟਾਲਾ ਕੀਤਾ ਹੈ ਜਦਕਿ ਉਨ੍ਹਾਂ ਨੇ 24 ਕਰੋੜ ਰੁਪਏ ਉਸ ਪ੍ਰਾਈਵੇਟ ਵਿਦਿਅਕ ਅਦਾਰੇ ਨੂੰ ਰਿਲੀਜ਼ ਕੀਤੇ ਹਨ, ਜਿਸਦੇ ਖਿਲਾਫ ਸਰਕਾਰ ਨੇ ਵਸੂਲੀਆਂ ਦੇ ਹੁਕਮ ਜਾਰੀ ਕੀਤੇ ਸਨ। ਉਹਨਾਂ ਕਿਹਾ ਕਿ ਏ ਸੀ ਐਸ ਨੇ ਇਹ ਵੀ ਦੱਸਿਆ ਹੈ ਕਿ ਮੰਤਰੀ ਨੇ ਖੁਦ ਡਿਪਟੀ ਡਾਇਰੈਕਟਰ ਵੱਲੋਂ ਬਣਾਏ ਨੋਟ ’ਤੇ ਆਪ ਹਸਤਾਖ਼ਰ ਕਰ ਕੇ ਇਹ ਪੈਸਾ ਜਾਰੀ ਕਰਨ ਦੇ ਹੁਕਮ ਦਿੱਤੇ ਹਨ ਤੇ ਅਜਿਹਾ ਕਰਦਿਆਂ ਏ ਸੀ ਐਸ ਵੱਲੋਂ ਲਾਏ ਇਤਰਾਜ਼ ਖਾਰਜ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਡਿਪਟੀ ਡਾਇਰੈਕਟਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਪਰ ਉਨ੍ਹਾਂ ਨੇ ਦੋ ਮਹੀਨੇ ਲੰਘਣ ਮਗਰੋਂ ਜਵਾਬ ਨਹੀਂ ਦਿੱਤਾ।