ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ, ਇਸ ਦੌਰਾਨ ਕੈਪਟਨ ਨੇ ਕਿਹਾ ਕਿ ਤਾਲਾਬੰਦੀ ਵਧਾਉਣ ਜਾਂ ਖ਼ਤਮ ਕਰਨ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਮਾਂ ਹੀ ਦੱਸੇਗਾ ਕਿ ਅੱਗੇ ਕੀ ਹਾਲਾਤ ਬਣਨਗੇ, ਉਸ ਨੂੰ ਦੇਖਦੇ ਹੋਏ ਤਾਲਾਬੰਦੀ ਦਾ ਫੈਸਲਾ ਲਿਆ ਜਾਵੇਗਾ।
ਇਸ ਦੇ ਨਾਲ ਹੀ ਕੈਪਟਨ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਦੀ ਸਥਿਤੀ ਬਾਕੀ ਸੂਬਿਆਂ ਨਾਲੋਂ ਚੰਗੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਵਧੇਰੇ ਅਹਿਤਿਆਤ ਵਰਤਨ ਦੀ ਲੋੜ ਹੈ। ਕੈਪਟਨ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਇਸ ਕੋਰੋਨਾ ਵਾਇਰਸ ਨੂੰ ਰੋਕਣ ਲਈ ਮਾਸਕ ਪਾਉਣਾ ਲਾਜ਼ਮੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਕੈਪਟਨ ਸਰਕਾਰ 30 ਜੂਨ ਤੋਂ ਮੁੜ ਤਾਲਾਬੰਦੀ ਲਾਗੂ ਕਰਨ ਜਾ ਰਹੀ ਹੈ। ਕੈਪਟਨ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹਨ ਕਿ ਇਸ ਬਾਰੇ ਫੈਸਲਾ ਹਾਲਾਤ ਨੂੰ ਵੇਖਦਿਆਂ ਹੀ ਲਿਆ ਜਾਏਗਾ।
ਇਹ ਵੀ ਪੜੋ: ਕੋਰੋਨਾ ਪੀੜਤ ਨੇ ਮੌਤ ਤੋਂ ਪਹਿਲਾਂ ਪਿਤਾ ਨੂੰ ਭੇਜਿਆ ਵੀਡੀਓ, ਕਿਹਾ- ਹਟਾ ਦਿੱਤਾ ਹੈ ਵੈਂਟੀਲੇਟਰ
ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਨੇ ਕਿਹਾ ਇਸ ਵਿੱਤੀ ਸਾਲ ਦੇ ਅੰਤ ਤੱਕ ਪੰਜਾਬ ਨੂੰ 30,000 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਅਨੁਮਾਨ ਹੈ।