ਚੰਡੀਗੜ੍ਹ: ਪੰਜਾਬ ਦੀ ਸਿਆਸਤ ਉੱਤੇ ਖੁੱਦ ਨੂੰ ਕਈ ਬਾਰ ਪੰਥ ਹਿਤੈਸ਼ੀ ਦੱਸ ਕੇ ਕਾਬਿਜ਼ ਹੋ ਚੁੱਕੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਉਸ ਦੇ ਮਾੜੇ ਚੱਲ ਰਹੇ ਸਮੇਂ ਦੌਰਾਨ ਪੰਥਕ ਮੁੱਦਾ ਵੀ ਹੱਥੋਂ ਖੁਸਦਾ ਨਜ਼ਰ ਆ ਰਿਹਾ ਹੈ। ਹੁਣ ਖੁੱਦ ਨੂੰ ਪੰਥ ਹਿਤੈਸ਼ੀ ਸਾਬਿਤ ਕਰਨ ਦੀ ਦੌੜ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਮਰ ਕੱਸਾ ਕੱਸਦਿਆਂ ਭਾਜਪਾ ਉੱਤੇ ਵਟੀਵਰ ਰਾਹੀਂ ਵਾਰ ਸ਼ੁਰੂ ਕਰ ਦਿੱਤੇ। ਦਰਅਸਲ ਟਵੀਟ ਦੇ ਵਿੱਚ ਸੁਖਬੀਰ ਬਾਦਲ ਨੇ ਰਾਮ ਰਹੀਮ ਦੇ ਕੇਕ ਕੱਟਦੇ ਦੀ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ ਕਿ ਧਾਰਮਿਕ ਭਾਵਨਾਵਾਂ ਭੜਕਾ ਕੇ ਦੇਸ਼ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਅਤੇ ਭਾਜਪਾ ਨੇ ਉਹੀ ਕੀਤਾ ਜੋ 1984 ਵਿਚ ਕਾਂਗਰਸ ਨੇ ਕੀਤਾ ਸੀ।
ਸੁਖਬੀਰ ਨੂੰ ਮੋੜਵਾਂ ਜਵਾਬ: ਸੁਖਬੀਰ ਬਾਦਲ ਦੇ ਇਸ ਟਵੀਟ ਤੋਂ ਬਾਅਦ ਭਾਜਪਾ ਪੰਜਾਬ ਦੇ ਆਗੂ ਡਾਕਟਰ ਕਮਲ ਸੋਈ ਨੇ ਟਵੀਟ ਕਰਕੇ ਸੁਖਬੀਰ ਬਾਦਲ ਨੂੰ ਮੋੜਵਾਂ ਜਵਾਬ ਦਿੱਤਾ। ਡਾਕਟਰ ਸੋਈ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਸੁਖਬੀਰ ਬਾਦਲ ਨੇ ਭਾਜਪਾ ਨੂੰ ਕਾਂਗਰਸ ਨਾਲ ਮਿਲਾਇਆ ਜੋ ਕਿ ਸ਼ਰਮਨਾਕ ਹੈ। ਮੋਦੀ ਨੇ ਸਿੱਖਾਂ ਲਈ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ, 1984 ਦੇ ਪੀੜਤਾਂ ਨੂੰ ਇਨਸਾਫ਼ ਦਿਵਾਇਆ, ਬੰਦੀ ਸਿੱਖਾਂ ਦਾ ਨਾਂ ਕਾਲੀ ਸੂਚੀ ਵਿੱਚੋਂ ਹਟਾਇਆ ਜੋ ਪੰਜਾਬੀ ਅਤੇ ਸਿੱਖ ਕਦੇ ਨਹੀਂ ਭੁੱਲਣਗੇ।
ਸੁਖਬੀਰ ਬਾਦਲ ਦੱਸੇ ਰਾਮ ਰਹੀਮ ਨੂੰ ਮੁਆਫ਼ੀ ਕਿਸਨੇ ਦਿਵਾਈ ਸੀ: ਰਾਮ ਰਹੀਮ ਨੂੰ ਪੈਰੋਲ ਦੇਣ ਅਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਜਿੱਥੇ ਗੱਲ ਆਈ ਤਾਂ ਭਾਜਪਾ ਨੇ ਅਕਾਲੀ ਦਲ ਦਾ ਮੁਕਾਬਲਾ ਕਰਨ ਲਈ ਪੂਰਾ ਚਿੱਠਾ ਖੋਲ੍ਹ ਦਿੱਤਾ। ਪੰਜਾਬ ਭਾਜਪਾ ਦੇ ਆਗੂ ਸੁਭਾਸ਼ ਸ਼ਰਮਾ ਨੇ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾਉਣ ਦਾ ਸਵਾਲ ਦਾਗ ਦਿੱਤਾ। ਉਹਨਾਂ ਆਖਿਆ ਕਿ ਰਾਮ ਰਹੀਮ ਉੱਤੇ ਟਵੀਟ ਕਰਨ ਵਾਲਾ ਸੁਖਬੀਰ ਬਾਦਲ ਦੱਸੇ ਕਿ ਰਾਮ ਰਹੀਮ ਨੂੰ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਕਿਸਨੇ ਦਿਵਾਈ ਸੀ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਉੱਤੇ ਵੀ ਭਾਜਪਾ ਦਾ ਸਟੈਂਡ ਸਪੱਸ਼ਟ ਹੈ ਅਤੇ ਸਰਕਾਰ ਨੇ ਬੀਤੇ ਸਮੇਂ ਵਿੱਚ ਕੁੱਝ ਸਿੰਘ ਰਿਹਾਅ ਕਰਵਾਏ ਵੀ ਹਨ। ਸ਼ੁਭਆਸ਼ ਸ਼ਰਮਾ ਨੇ ਦਾਅਵਾ ਕੀਤਾ ਕਿ ਉਹ ਪੂਰੀ ਸਹਿਰਦਤਾ ਨਾਲ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵਿਚਾਰ ਕਰ ਰਹੇ ਹਨ ਅਤੇ ਕੇਂਦਰ ਵੱਲੋਂ ਕਲੀਅਰੈਂਸ ਹੈ,ਪਰ ਹੁਣ ਸਟੇਟਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਫ਼ੈਸਲਾ ਕਰਨਾ ਹੈ।
ਪੰਥਕ ਮੁੱਦਿਆਂ ਲਈ ਅਕਾਲੀ ਦਲ ’ਤੇ ਭਾਰੀ ਪਈ ਭਾਜਪਾ ?: ਪੰਜਾਬ ਵਿਧਾਨ ਸਭਾ ਚੋਣਾਂ 2022 ਦੀ ਭਾਰੀ ਹਾਰ ਤੋਂ ਬਾਅਦ ਅਕਾਲੀ ਦਲ ਨੇ ਪੰਥਕ ਰਾਜਨੀਤੀ ਦੇ ਤਾਰ ਛੇੜ ਦਿੱਤੇ ਸਨ। ਸੰਗਰੂਰ ਦੀ ਜ਼ਿਮਨੀ ਚੋਣ ਵੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਅਧਾਰ ਬਣਾ ਕੇ ਲੜੀ ਗਈ ਸੀ ਜੋ ਕਿ ਇੱਕ ਪੰਥਕ ਮੁੱਦਾ ਸੀ। ਹੁਣ ਭਾਜਪਾ ਪੰਥਕ ਮੁੱਦਿਆਂ ਨੂੰ ਆਧਾਰ ਬਣਾ ਰਹੀ ਹੈ। ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਸ਼ੁਰੂ ਕਰਨ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ‘ਤੇ ਭਾਜਪਾ ਦਾ ਪੰਥਕ ਏਜੰਡਾ ਭਾਰੀ ਪੈ ਰਿਹਾ ਹੈ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ ਬੰਦੀ ਸਿੰਘਾਂ ਲਈ ਚੱਲ ਰਹੀ ਦਸਤਖ਼ਤੀ ਮੁਹਿੰਮ ਵਿਚ ਸਾਈਨ ਕਰਨਾ ਵੀ ਕਈ ਸਿਆਸੀ ਸਮੀਕਰਨ ਬਦਲ ਗਿਆ। ਇਸ ਬਾਰੇ ਰਾਜਨੀਤਿਕ ਮਾਹਿਰਾਂ ਨਾਲ ਵੀ ਗੱਲ ਕੀਤੀ ਗਈ।
ਸੀਨੀਅਰ ਪੱਤਰਕਾਰ ਸੁਖਬੀਰ ਸਿੰਘ ਬਾਜਵਾ ਦਾ ਨਜ਼ਰੀਆ: ਸੀਨੀਅਰ ਪੱਤਰਕਾਰ ਸੁਖਬੀਰ ਬਾਜਵਾ ਮੁਤਾਬਿਕ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਚੱਲ ਰਹੀ ਪੰਥਕ ਖਿੱਚੋਤਾਣ ਸਿਆਸੀ ਹੇਰ ਫੇਰ ਹੈ। ਆਪਣੇ ਆਪ ਨੂੰ ਪੰਥਕ ਸਾਬਿਤ ਕਰਨ ‘ਚ ਲੱਗੀ ਭਾਜਪਾ ਸਿਰਫ਼ 2024 ਲੋਕ ਸਭਾ ਚੋਣਾਂ ਲਈ ਸਿੱਖਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਇਹ ਨਾ ਭੁੱਲੇ ਕਿ ਰਾਮ ਰਹੀਮ ਬਲਾਤਕਾਰੀ ਜਾਂ ਕਾਤਲ ਹੀ ਨਹੀਂ ਬਲਕਿ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਵੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਪੰਜਾਬ ਵਿੱਚ ਅੱਜ ਤੱਕ ਬੇਅਦਬੀ ਦਾ ਇਨਸਾਫ਼ ਨਹੀਂ ਮਿਲਿਆ।
ਭਾਜਪਾ ਕਰ ਰਹੀ ਦੋਗਲੀ ਰਾਜਨੀਤੀ: ਸੁਖਬੀਰ ਸਿੰਘ ਬਾਜਵਾ ਕਹਿੰਦੇ ਹਨ ਕਿ ਰਹੀ ਗੱਲ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੀ ਮੁਹਿੰਮ ਵਿਚ ਸਾਈਨ ਕਰਨ ਦੀ ਤਾਂ ਕੇਂਦਰ ਸਰਕਾਰ ਦੇ ਹੱਥ ਵਿਚ ਸਾਰੀ ਤਾਕਤ ਹੈ ਅਤੇ ਉਹ ਮਿੰਟਾਂ ਸਕਿੰਟਾਂ ਵਿਚ ਬੰਦੀ ਸਿੰਘਾਂ ਨੂੰ ਰਿਹਾਅ ਕਰ ਸਕਦੀ ਹੈ। ਉਸ ਵਿੱਚ ਕੇਂਦਰ ਸਰਕਾਰ ਗੰਭੀਰਤਾ ਨਹੀਂ ਵਿਖਾ ਰਹੀ ਸਿਰਫ਼ ਗੱਲਾਂ ਹੀ ਕਰ ਰਹੀ ਹੈ ਉਨ੍ਹਾਂ ਕਿਹਾ ਸਿਰਫ ਹਸਤਾਖਰ ਕਰਨ ਨਾਲ ਭਾਜਪਾ ਖੁੱਦ ਨੂੰ ਪੰਥਕ ਸਾਬਿਤ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਸੌਦਾ ਸਾਧ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਮਿਲਣਾ ਵੀ ਕੇਂਦਰ ਦੀ ਮੰਸ਼ਾ ਉੱਤੇ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਥਕ ਰਾਜਨੀਤੀ ਪੰਜਾਬ ਅਤੇ ਪੰਜਾਬੀਅਤ ਨਾਲ ਖਿਲਵਾੜ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ। ਦੋਹਰੇ ਮਾਪਦੰਡ ਅਪਣਾ ਕੇ ਭਾਜਪਾ ਸ਼ਾਤਿਰ ਚਾਲ ਚੱਲ ਰਹੀ ਹੈ, ਵੋਟਾਂ ਦੀ ਰਾਜਨੀਤੀ ਵਿਚ ਭਾਜਪਾ ਦਾ ਦੋਗਲਾਪਨ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਪੰਥਕ ਮੁੱਦਿਆਂ ਦੀ ਸਿਆਸਤ ਭਾਜਪਾ ਪੰਜਾਬ ਵਿੱਚ ਕਾਮਯਾਬ ਨਹੀਂ ਹੋ ਸਕਦੀ।
ਇਹ ਵੀ ਪੜ੍ਹੋ: Baba Deep Singhs birthday: ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਸੰਗਤ ਨੇ ਮਨਾਇਆ ਜਨਮ ਦਿਹਾੜਾ, ਸਜਾਏ ਵਿਸ਼ਾਲ ਨਗਰ ਕੀਰਤਨ
ਭਾਜਪਾ ਅਕਾਲੀ ਦਲ ਕਲੇਸ਼ ਵਿਚ ਕਾਂਗਰਸ ਦੀ ਐਂਟਰੀ: ਅਕਾਲੀ ਅਤੇ ਭਾਜਪਾ ਦੀ ਪੰਥਕ ਰਾਜਨੀਤੀ ਵਿਚ ਕਾਂਗਰਸ ਦੀ ਵੀ ਐਂਟਰੀ ਹੋਈ, ਪੰਜਾਬ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਸਿੰਘ ਨੇ ਦੋਵਾਂ ਪਾਰਟੀਆਂ ਨੂੰ ਨਸੀਹਤ ਦਿੱਤੀ। ਉਹਨਾਂ ਆਖਿਆ ਕਿ ਦੋਵਾਂ ਪਾਰਟੀਆਂ ਲਈ ਸ਼ਰਮ ਦੀ ਗੱਲ ਹੈ ਕਿ ਧਰਮ ਦੀ ਰਾਜਨੀਤੀ ਕਰ ਰਹੀਆਂ ਹਨ, ਉਨ੍ਹਾਂ ਕਿਹਾ ਇਹ ਦੋਵੇਂ ਪਾਰਟੀਆਂ ਧਰਮ ਦੀ ਰਾਜਨੀਤੀ ਕਰਨ ਲਈ ਮਾਹਿਰ ਹਨ ।