ਚੰਡੀਗੜ੍ਹ: ਤਾਲਾਬੰਦੀ ਦੇ ਕਾਰਨ ਦੇਸ਼ ਭਰ ਦੇ ਵਿੱਚ ਸਾਰੇ ਸਕੂਲ ਬੰਦ ਹਨ ਅਤੇ ਬੱਚਿਆਂ ਨੂੰ ਆਨਲਾਈਨ ਕਲਾਸਾਂ ਦਿੱਤੀਆਂ ਜਾ ਰਹੀਆਂ ਹਨ, ਪਰ ਹੁਣ ਆਨਲਾਈਨ ਕਲਾਸਾਂ ਕਰਕੇ ਮਾਪਿਆਂ ਦੇ ਲਈ ਪ੍ਰੇਸ਼ਾਨੀ ਵਧ ਗਈ ਹੈ, ਆਨਲਾਈਨ ਕਲਾਸਾਂ ਕਾਰਨ ਮਨੋਵਿਗਿਆਨਕ ਦੇ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ। ਆਨਲਾਈਨ ਕਲਾਸਾਂ ਕਰਕੇ ਬੱਚੇ ਮੋਬਾਈਲ ਦਾ ਇਸਤੇਮਾਲ ਜ਼ਿਆਦਾ ਕਰ ਰਹੇ ਹਨ।
ਇਸ ਨੂੰ ਲੈ ਕੇ ਪੀਜੀਆਈ ਦੇ ਸਾਈਕੈਟਰਿਸਟ ਡਾ. ਸੰਦੀਪ ਗਰੋਵਰ ਨੇ ਦੱਸਿਆ ਕਿ ਬੱਚਿਆਂ ਨੂੰ ਆਨਲਾਈਨ ਕਲਾਸਾਂ ਦੇਣਾ ਇਸ ਸਮੇਂ ਜ਼ਰੂਰਤ ਬਣ ਗਈ ਹੈ ਪਰ ਮਾਪਿਆਂ ਨੂੰ ਵੀ ਇਸ ਚੀਜ਼ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਬੱਚੇ ਜ਼ਿਆਦਾ ਮੋਬਾਈਲ ਦਾ ਇਸਤੇਮਾਲ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਬੱਚੇ ਜ਼ਿਆਦਾ ਸਮਾ ਆਨਲਾਈਨ ਗੇਮ ਨਾ ਖੇਡਣ। ਕਿਉਂਕਿ ਬੱਚੇ ਆਨਲਾਈਨ ਪੜਾਈ ਦੇ ਨਾਂਅ 'ਤੇ ਕਈ ਘੰਟੇ ਮੋਬਾਇਲ ਦੀ ਵਰਤੋਂ ਕਰ ਰਹੇ ਹਨ। ਇਹੀ ਕਾਰਨ ਹੈ ਕਿ ਬੱਚਿਆਂ ਨੂੰ ਨੀਂਦ ਵੀ ਨਹੀਂ ਆ ਰਹੀ ਅਤੇ ਕਈਆਂ ਨੂੰ ਅੱਖਾਂ ਵਿੱਚ ਦਰਦ ਹੋ ਰਿਹਾ ਹੈ। ਇੱਥੋਂ ਤੱਕ ਕਿ ਬੱਚੇ ਚਿੜਚਿੜੇ ਵੀ ਹੋ ਰਹੇ ਹਨ।
ਇਹ ਵੀ ਪੜੋ: ਮੈਰਿਜ ਪੈਲੇਸਾਂ ਦੇ ਮਾਲਕਾਂ ਨੇ ਕੀਤੀ ਪੈਲੇਸ ਖੋਲ੍ਹਣ ਦੀ ਅਪੀਲ
ਉੱਥੇ ਹੀ ਸਾਈਬਰ ਐਕਸਪਰਟ ਪ੍ਰਵੀਨ ਜੰਜੂਆ ਨੇ ਕਿਹਾ ਕਿ ਆਨਲਾਈਨ ਕਲਾਸਾਂ ਤਾਂ ਸ਼ੁਰੂ ਕਰ ਦਿੱਤੀਆਂ ਹਨ ਪਰ ਸਾਈਬਰ ਸਕਿਓਰਿਟੀ ਦੇ ਵੱਲ ਕਿਸੇ ਦਾ ਧਿਆਨ ਨਹੀਂ ਹੈ, ਜਿਹੜਾ ਕਿ ਬਹੁਤ ਜ਼ਰੂਰੀ ਹੈ। ਜਿਸ ਕਰਕੇ ਦੇਸ਼ ਭਰ ਦੇ ਵਿੱਚ ਕਈ ਅਜਿਹੇ ਕੇਸ ਸਾਹਮਣੇ ਆਏ ਹਨ, ਜਿੱਥੇ ਆਨਲਾਈਨ ਕਲਾਸ ਚੱਲ ਰਹੀ ਹੈ ਅਤੇ ਸਕਰੀਨ 'ਤੇ ਪੋਰਨੋਗ੍ਰਾਫੀ ਕੰਟੈਂਟ ਸਾਹਮਣੇ ਨਜ਼ਰ ਆ ਜਾਂਦਾ ਹੈ, ਜਿਹੜਾ ਕਿ ਬੱਚਿਆਂ ਦੇ ਲਈ ਸਹੀ ਨਹੀਂ ਹੈ।