ਚੰਡੀਗੜ੍ਹ ਡੈਸਕ : ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਵੱਲੋਂ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਪੰਜਾਬ ਦੀਆਂ ਚਿੰਤਾਵਾਂ ਵਧਾਉਣ ਵਾਲੀ ਹੈ। ਹਾਲਾਂਕਿ ਬਿਊਰੋ ਨੇ ਦੇਸ਼ ਦੇ ਹੋਰ ਸੂਬਿਆਂ ਦੇ ਵੀ ਹਾਲਾਤ ਦੱਸਦੀ ਇਹ ਰਿਪੋਰਟ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਰਿਪੋਰਟ ਵਿੱਚ ਪੰਜਾਬ ਲਈ ਥੋੜ੍ਹੀ ਰਾਹਤ ਵੀ ਹੈ ਪਰ ਬਹੁਤੀ ਚਿੰਤਾ ਰੋਜਾਨਾ ਦੇ ਕਾਨੂੰਨ ਪ੍ਰਬੰਧ ਨੂੰ ਚੁਣੌਤੀਆਂ ਵਾਲੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਇਹ ਅੰਕੜੇ ਸਾਲ 2022 ਦੇ ਜਾਰੀ ਕੀਤੇ ਹਨ। ਇਸ ਵਿੱਚ ਕਈ ਗੱਲਾਂ ਸਪਸ਼ਟ ਕੀਤੀਆਂ ਗਈਆਂ ਹਨ।
ਬਲਾਤਕਾਰ ਦੇ ਮਾਮਲਿਆਂ ਵਿੱਚ ਵਾਧਾ : ਐੱਨਸੀਆਰਬੀ ਦੀ ਰਿਪੋਰਟ ਮੁਤਾਬਿਕ ਪੰਜਾਬ ਵਿੱਚ ਬਲਾਤਕਾਰ ਦੇ ਮਾਮਲਿਆਂ ਵਿੱਚ 10.80 ਫੀਸਦੀ ਵਾਧਾ ਹੋਇਆ ਹੈ ਜਦੋਂ ਕਿ ਸਾਲ 2021 ਵਿੱਚ ਬਲਾਤਕਾਰ ਦੇ 464 ਕੇਸਾਂ ਦੇ ਮੁਕਾਬਲੇ 2022 ਵਿੱਚ 517 ਕੇਸ ਰਿਪੋਰਟ ਹੋਏ ਹਨ। ਇਸਦੇ ਨਾਲ ਹੀ ਪੰਜਾਬ ਵਿੱਚ ਬਲਾਤਕਾਰ ਦੇ ਕੁੱਲ 517 ਮਾਮਲਿਆਂ ਵਿੱਚੋਂ 514 ਬਲਾਤਕਾਰ ਪੀੜਤ ਦੇ ਜਾਣੇ ਪਛਾਣੇ ਲੋਕਾਂ ਵੱਲੋਂ ਕੀਤਾ ਗਿਆ ਅਪਰਾਧ ਸੀ। ਕਹਿਣ ਤੋਂ ਭਾਵ ਕਿ 99.4 ਪ੍ਰਤੀਸ਼ਤ ਮਾਮਲਿਆਂ ਵਿੱਚ ਪੀੜਤ ਬਲਾਤਕਾਰ ਕਰਨ ਵਾਲੇ ਦੀ ਜਾਣਕਾਰ ਸੀ। ਇਹ ਅਪਰਾਧ ਮਹਿਲਾ ਜਾਂ ਲੜਕੀ ਦੇ ਕਿਸੇ ਨਜ਼ਦੀਕੀ ਵੱਲੋ ਕੀਤਾ ਗਿਆ ਸੀ। ਇਸ ਤੋਂ ਇਲਾਵਾ 66 ਕੇਸਾਂ ਵਿੱਚ ਜਬਰ ਜਨਾਹ ਪਰਿਵਾਰਕ ਮੈਂਬਰ ਵੱਲੋਂ ਕੀਤਾ ਗਿਆ ਅਤੇ ਗੁਆਂਢੀ ਸੂਬੇ ਹਰਿਆਣਾ ਵਿੱਚ 1786 ਔਰਤਾਂ ਨਾਲ ਬਲਾਤਕਾਰ ਦੀਆਂ ਰਿਪੋਰਟਾਂ ਦਰਜ ਹੋਈਆਂ ਹਨ। ਇਹ ਪੰਜਾਬ ਨਾਲੋਂ ਤਿੰਨ ਗੁਣਾ ਵੱਧ ਹੈ। 2021 ਵਿੱਚ ਵੀ ਹਰਿਆਣਾ ਵਿੱਚ ਬਲਾਤਕਾਰ ਦੀਆਂ 1716 ਘਟਨਾਵਾਂ ਦਰਜ ਹੋਈਆਂ ਸਨ।
ਪਰਿਵਾਰਕ ਝਗੜਿਆਂ ਦੇ ਮਾਮਲੇ : ਪੰਜਾਬ ਵਿੱਚ ਸਾਲ 2022 ਦੌਰਾਨ ਮਾਮੂਲੀ ਝਗੜਿਆਂ ਕਾਰਨ 181 ਕਤਲ ਦੇ ਮਾਮਲੇ ਦਰਜ ਹੋਏ ਹਨ ਅਤੇ 120 ਕਤਲ ਪਰਿਵਾਰਕ ਝਗੜਿਆਂ ਦੀ ਵਜ੍ਹਾ ਕਾਰਨ ਹੋਏ ਰਿਪੋਰਟ ਹੋਏ ਹਨ। ਰਿਪੋਰਟ ਦੀ ਮੰਨੀਏ ਤਾਂ 58 ਕੇਸਾਂ ਵਿੱਚ ਜਾਇਦਾਦ ਦੇ ਝਗੜੇ ਕਾਰਨ ਕਤਲ ਕੀਤੇ ਗਏ ਅਤੇ ਨਾਜਾਇਜ਼ ਸਬੰਧਾਂ ਕਾਰਨ 49 ਕਤਲ ਅਤੇ ਪ੍ਰੇਮ ਸਬੰਧਾਂ ਕਾਰਨ 24 ਕਤਲ ਦੇ ਮਾਮਲੇ ਸਾਹਮਣੇ ਆਏ। ਆਨਰ ਕਿਲਿੰਗ ਦੇ ਨਾਂ 'ਤੇ ਸੂਬੇ 'ਚ ਚਾਰ ਕਤਲ ਕੀਤੇ ਗਏ।
ਨਸ਼ੇ ਦੇ ਮਾਮਲੇ ਵਿੱਚ ਪਹਿਲਾ ਨੰਬਰ : NCRB ਦੀ ਰਿਪੋਰਟ ਮੁਤਾਬਿਕ ਪੰਜਾਬ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਪਹਿਲੇ ਨੰਬਰ ਉੱਤੇ ਰਿਪੋਰਟ ਹੋਇਆ ਹੈ। ਨਸ਼ਾ ਤਸਕਰੀ ਲਈ ਇਕ ਲੱਖ ਦੀ ਆਬਾਦੀ ਪਿੱਛੇ 24.3 ਕੇਸ ਦਰਜ ਹੋਏ ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹਨ। ਇਸ ਵਿੱਚ ਹਿਮਾਚਲ ਪ੍ਰਦੇਸ਼ ਦਾ ਦੂਜਾ ਨੰਬਰ ਹੈ ਹਿਮਾਚਲ ਵਿੱਚ ਇਕ ਲੱਖ ਦੀ ਆਬਾਦੀ ਪਿੱਛੇ 14.8 ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਐੱਨਡੀਪੀਐੱਸ ਐਕਟ ਤਹਿਤ ਸਭ ਤੋਂ ਵੱਧ 26,619 ਕੇਸ ਕੇਰਲਾ ਵਿੱਚ ਦਰਜ ਹੋਏ ਹਨ।
ਬੱਚਿਆਂ ਨਾਲ ਅਪਰਾਧ : ਪੰਜਾਬ ਵਿੱਚ ਬਾਲਗਾਂ ਵੱਲੋਂ ਅਪਰਾਧ ਦੇ ਮਾਮਲਿਆਂ ਵਿੱਚ 45 ਫੀਸਦੀ ਵਾਧਾ ਹੋਇਆ ਹੈ। ਰਿਪੋਰਟ ਅਨੁਸਾਰ ਸਾਲ 2021 ਵਿੱਚ ਬਾਲਗ ਅਪਰਾਧ ਦੇ 311 ਮਾਮਲੇ ਸਨ ਜਦੋਂ ਕਿ ਪਿਛਲੇ ਵਰ੍ਹੇ 452 ਮਾਮਲੇ ਸਾਹਮਣੇ ਆਏ। ਪੰਜਾਬ ਵਿੱਚ ਔਰਤਾਂ ਤੋਂ ਇਲਾਵਾ ਬੱਚਿਆਂ ਨਾਲ ਹੋਣ ਵਾਲੇ ਜੁਰਮਾਂ ਦੇ ਮਾਮਲੇ ਹਾਲਾਂਕਿ ਘਟੇ ਹਨ। ਰਿਪੋਰਟ ਅਨੁਸਾਰ 2.42 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। 2021 ਵਿੱਚ ਬੱਚਿਆਂ ਵਿਰੁੱਧ 2,556 ਮਾਮਲੇ ਸਾਹਮਣੇ ਆਏ। ਜਦੋਂ ਕਿ 2022 ਵਿੱਚ 2,494 ਮਾਮਲੇ ਦਰਜ ਕੀਤੇ ਗਏ। ਬੱਚਿਆਂ ਵਿਰੁੱਧ ਅਪਰਾਧਾਂ ਦੇ ਤਹਿਤ, 2022 ਵਿੱਚ ਕਤਲ ਦੇ 41 ਅਤੇ ਅਗਵਾ ਦੇ 1,338 ਮਾਮਲੇ ਸਨ। NCRB ਦੀ ਰਿਪੋਰਟ ਦੇ ਅਨੁਸਾਰ, 2022 ਵਿੱਚ POCSO ਦੇ ਤਹਿਤ 883 ਮਾਮਲੇ ਦਰਜ ਕੀਤੇ ਗਏ ਸਨ।
- SGPC Delegation Meet Rajoana: ਰਾਜੋਆਣਾ ਨਾਲ ਮੁਲਾਕਾਤ ਨੂੰ ਲੈ ਕੇ ਬਵਾਲ ! ਜੇਲ੍ਹ ਪ੍ਰਸ਼ਾਸਨ ਨੇ ਅਕਾਲੀ ਦਲ ਵਫ਼ਦ ਨੂੰ ਮਿਲਣ ਤੋਂ ਰੋਕਿਆ
- ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਮੌਤ, ਹਰਿਆਣਾ ਤੋਂ ਜਥੇ ਦੇ ਨਾਲ ਗਿਆ ਸੀ ਮੱਥਾ ਟੇਕਣ
- ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਲਵੰਤ ਸਿੰਘ ਰਾਜੋਆਣਾ ਨੂੰ ਭੁੱਖ ਹੜਤਾਲ ਵਾਪਸ ਲੈਣ ਲਈ ਲਿਖਿਆ ਪੱਤਰ
ਕਤਲ ਚੋਰੀ ਅਤੇ ਸਾਇਬਰ ਅਪਰਾਧ : ਪੰਜਾਬ ਵਿੱਚ ਸਾਲ 2022 ਵਿੱਚ 670 ਕਤਲ ਦੇ ਕੇਸ ਦਰਜ ਹੋਏ ਹਨ ਅਤੇ ਸਾਲ 2021 ਦੇ ਮੁਕਾਬਲੇ ਇਨ੍ਹਾਂ ਵਿੱਚ 7.6 ਫੀਸਦੀ ਦੀ ਕਮੀ ਆਈ ਹੈ। ਰਿਪੋਰਟ ਦੀ ਮੰਨੀਏ ਤਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਇੱਕ ਫੀਸਦੀ ਤੋਂ ਵੀ ਘੱਟ ਵਾਧਾ ਹੋਇਆ ਹੈ। ਸਾਲ 2021 ਵਿੱਚ ਰਾਜ ਵਿੱਚ ਚੋਰੀ ਦੇ 8492 ਅਤੇ 2022 ਵਿੱਚ 8418 ਮਾਮਲੇ ਦਰਜ ਕੀਤੇ ਗਏ ਸਨ। ਜਦੋਂ ਕਿ ਸਾਲ 2022 ਵਿੱਚ ਪੰਜਾਬ ਵਿੱਚ ਸਾਈਬਰ ਅਪਰਾਧ ਦੇ 697 ਮਾਮਲੇ ਦਰਜ ਕੀਤੇ ਗਏ ਸਨ। ਸਾਲ 2021 ਵਿੱਚ ਇਹ ਅੰਕੜਾ ਸਿਰਫ਼ 551 ਸੀ।