ਚੰਡੀਗੜ੍ਹ: ਅਪ੍ਰੈਲ ਦਾ ਮਹੀਨਾ ਵਿਦਿਆਰਥੀ ਵਰਗ ਅਤੇ ਮਾਪਿਆਂ ਲਈ ਇੱਕ ਵੱਖਰੀ ਮਹੱਤਤਾ ਰੱਖਦਾ ਹੈ। ਇਸ ਮਹੀਨੇ 'ਚ ਵਿਦਿਆਰਥੀਆਂ ਦੇ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਹੁੰਦੀ ਹੈ। ਪਰ ਕੋਵਿਡ-19 ਮਹਾਂਮਾਰੀ ਕਾਰਨ ਜ਼ਿੰਦਗੀ ਇੱਕ ਥਾਂ ਖੜ੍ਹ ਗਈ ਲੱਗਦੀ ਹੈ। ਪੂਰੇ ਦੇਸ਼ 'ਚ ਕੋਰੋਨਾ ਕਾਰਨ ਜਿੱਥੇ ਲੌਕਡਾਊਨ ਲੱਗਿਆ ਹੈ ਉੱਥੇ ਸੂਬੇ 'ਚ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਦਿਸ ਕਾਰਨ ਸਾਰੀਆਂ ਵਿੱਦਿਅਕ ਸੰਸਥਾਵਾਂ ਬੰਦ ਹਨ ਅਤੇ ਪ੍ਰੀਖਿਆਵਾਂ ਨੂੰ ਵੀ ਮੁਲਤਵੀ ਜਾਂ ਰੱਦ ਕਰ ਦਿੱਤਾ ਗਿਆ ਹੈ। ਅਜਿਹੀ ਸਥਿਤੀ 'ਚ ਵਿਦਿਆਰਥੀ ਵਰਗ ਮਾਨਸਿਕ ਪਰੇਸ਼ਾਨੀ ਅਤੇ ਤਨਾਅ ਤੋਂ ਗੁਜ਼ਰ ਰਿਹਾ ਹੈ।
ਵਿਦਿਆਰਥੀਆਂ ਨੂੰ ਮਾਨਸਿਕ ਤਨਾਅ ਤੋਂ ਦੂਰ ਰੱਖਣ ਅਤੇ ਸਮੱਸਿਆਵਾਂ ਦੇ ਹਲ ਲਈ ਐਨਸੀਈਆਰਟੀ ਵੱਲੋਂ ਵਿਦਿਆਰਥੀਆਂ ਦੀ ਕਾਊਂਸਲਿੰਗ ਲਈ ਹਰ ਖੇਤਰ 'ਚ ਇੱਕ ਕਾਉਂਸਲਰ ਨਿਯੁਕਤ ਕੀਤਾ ਗਿਆ ਹੈ। ਚੰਡੀਗੜ੍ਹ 'ਚ ਨਿਯੁਕਤ ਕਾਊਂਸਲਰ ਨੀਰੂ ਅੱਤਰੀ ਨਾਲ ਈਟੀਵੀ ਭਾਰਤ ਦੀ ਟੀਮ ਨੇ ਖ਼ਾਸ ਗੱਲਬਾਤ ਕੀਤੀ, ਜਿਸ 'ਚ ਨੀਰੂ ਅੱਤਰੀ ਨੇ ਵਿਦਿਆਰਥੀਆਂ ਨੂੰ ਤਨਾਅ ਮੁਕਤ ਰਹਿਣ ਦੇ ਕਈ ਸੁਝਾਅ ਦਿੱਤੇ ਹਨ।
ਨੀਰੂ ਅੱਤਰੀ ਨੇ ਦੱਸਿਆ ਕਿ ਉਸ ਨੂੰ ਰੋਜ਼ਾਨਾ ਅੱਠ ਤੋਂ ਦਸ ਕਾਲ ਆਉਣਦੀਆਂ ਹਨ, ਜਿਸ 'ਚ ਵਿਦਿਆਰਥੀ ਆਪਣੀ ਨਿਜੀ ਮੁਸ਼ਕਲਾਂ ਨੂੰ ਉਨ੍ਹਾਂ ਨਾਲ ਸਾਂਝੀਆਂ ਕਰਦੇ ਹਨ। ਨੈਸ਼ਨਲ ਕਾਊਂਸਿਲ ਫਾਰ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਸੈਂਟਰ ਵੱਲੋਂ ਜਾਰੀ ਹੈਲਪਲਾਈਨ ਨੰਬਰ ਤੇ ਵਧੇਰੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਫੋਨ ਆਉਂਦੇ ਹਨ। ਦੂਜੇ ਪਾਸੇ ਬੱਚਿਆਂ ਦੇ ਘਰ ਰਹਿਣ ਨਾਲ ਮਾਪਿਆਂ ਦੀ ਪਰੇਸ਼ਾਨੀ ਵੀ ਵੱਧ ਗਈ ਹੈ ਜਿਸ ਕਾਰਨ ਮਾਪੇ ਵੀ ਫੋਨ ਕਰ ਕਈ ਤਰ੍ਹਾਂ ਦੀਆਂ ਸਲਾਹਾਂ ਲੈਂਦੇ ਹਨ।
ਕਾਊਂਸਲਰ ਨੀਰੂ ਨੇ ਦੱਸਿਆ ਕਿ ਘਰ ਬੈਠੇ ਵਿਦਿਆਰਥੀਆਂ ਨੂੰ ਪਰੇਸ਼ਾਨ ਨਾ ਹੋ ਆਪਣੇ ਮਨ ਪਸੰਦ ਦੇ ਕੰਮ, ਯੋਗਾ ਅਤੇ ਕੁੱਝ ਕੁ ਸਮੇਂ ਲਈ ਧਿਆਨ (ਮੈਡੀਟੇਸ਼ਨ) ਕਰਨ ਦੀ ਸਲਾਹ ਦਿੱਤੀ ਹੈ। ਇਸ ਤਰ੍ਹਾਂ ਐਨਸੀਈਆਰਟੀ ਵੱਲੋਂ ਚੁੱਕਿਆ ਗਿਆ ਇਹ ਕਦਮ ਜਿੱਥੇ ਸਮੇਂ ਦੀ ਮੰਗ ਸੀ ਉੱਥੇ ਹੀ ਸ਼ਲਾਘਾਯੋਗ ਵੀ ਹੈ।