ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਦੇਸ਼ ਦੇ ਵਿੱਚ ਲੌਕਡਾਊਨ ਚੱਲ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਸਾਰੇ ਕੰਮ ਬੰਦ ਹਨ। ਸਰਕਾਰ ਦਿਹਾੜੀਦਾਰ ਅਤੇ ਮਜ਼ਦੂਰਾਂ ਲਈ ਖਾਣ ਪੀਣ ਦਾ ਇੰਤਜ਼ਾਮ ਕਰ ਰਹੀ ਹੈ ਤਾਂ ਜੋ ਲੋਕ ਆਪਣਾ ਗੁਜ਼ਾਰਾ ਕਰ ਸਕਣ। ਪਰ ਇਸ ਮੌਕੇ ਕੁੱਝ ਅਜਿਹੇ ਲੋਕ ਵੀ ਹਨ ਜੋ ਕਿਸੇ ਦੇ ਭਰੋਸੇ ਦੇ ਬੈਠਣ ਦੀ ਬਜਾਏ ਕੰਮ-ਕਾਰ ਕਰਕੇ ਆਪਣਾ ਢਿੱਡ ਪਾਲ ਰਹੇ ਹਨ। ਅਜਿਹੀ ਹੀ ਮਿਸਾਲ ਜ਼ੀਰਕਪੁਰ ਦੇ ਢਕੌਲੀ ਦੇ ਵਿੱਚ ਰਹਿਣ ਵਾਲੀ ਸੁਮਨ ਅਤੇ ਉਸ ਦੀ ਮਾਂ ਮੀਰਾ ਨੇ ਕਾਇਮ ਕੀਤੀ ਹੈ।
ਸੁਮਨ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ ਪਰ ਲੌਕਡਾਊਨ ਤੋਂ ਬਾਅਦ ਉਸ ਨੂੰ ਕੰਮ ਨਹੀਂ ਮਿਲ ਰਿਹਾ ਸੀ। ਲੌਕਡਾਊਨ ਤੋਂ ਪਹਿਲਾਂ ਘਰਾਂ ਵਿੱਚ ਕੰਮ ਕਰਕੇ ਉਹ ਹਰ ਮਹੀਨਾਂ 10 ਹਜ਼ਾਰ ਰੁਪਏ ਤੱਕ ਕਮਾ ਲੈਂਦੀ ਸੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਫੈਲਣ ਨਾਲ ਲੋਕਾਂ ਨੇ ਵਾਇਰਸ ਦੇ ਡਰ ਤੋਂ ਕੰਮ ਵਾਲੀਆਂ ਨੂੰ ਆਪਣੇ ਘਰੋਂ ਕੰਮ ਕਰਨ ਤੋਂ ਹਟਾ ਦਿੱਤਾ। ਸੁਮਨ ਨੇ ਦੱਸਿਆ ਕਿ ਜਿਹੜੇ ਪੈਸੇ ਉਨ੍ਹਾਂ ਨੇ ਜੋੜ ਕੇ ਰੱਖੇ ਸੀ ਉਹ ਇਸ ਲੌਕਡਾਊਨ ਦੌਰਾਨ ਖਤਮ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਪੈਸੇ ਖਤਮ ਹੋਣ ਮਗਰੋਂ ਉਹ ਕਿਸੇ 'ਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ ਇਸ ਲਈ ਲੌਕਡਾਊਨ 'ਚ ਰਿਆਇਤਾਂ ਮਿਲਣ ਤੋਂ ਬਾਅਦ ਉਸ ਨੇ ਰੇਹੜੀ 'ਤੇ ਸਬਜ਼ੀਆਂ ਵੇਚਣ ਦਾ ਸੋਚਿਆ।
ਸੁਮਨ ਦੀ ਮਾਂ ਮੀਰਾ ਨੇ ਕਿਹਾ ਕਿ ਪਿਛਲੇ ਦੋ ਮਹੀਨੇ ਤੋਂ ਉਹ ਇੱਥੇ ਲੌਕਡਾਊਨ ਵਿੱਚ ਫਸੇ ਹਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਗੋਰਖਪੁਰ ਦੇ ਵਿੱਚ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਦੇ ਅੱਗੇ ਹੱਥ ਨਹੀਂ ਫੈਲਾ ਸਕਦੇ ਜਿਸ ਕਰਕੇ ਅਸੀਂ ਸਬਜ਼ੀ ਵੇਚ ਕੇ ਆਪਣਾ ਘਰ ਚਲਾ ਰਹੇ ਹਾਂ।