ਮੋਹਾਲੀ: ਈਟੀਵੀ ਭਾਰਤ ਵੱਲੋਂ ਇੱਕ ਵਾਰ ਫਿਰ ਤੋਂ ਸਿਵਲ ਹਸਪਤਾਲ ਦੀ ਖਸਤਾ ਹਾਲਤ ਦਾ ਖੁਲਾਸਾ ਕੀਤਾ ਗਿਆ ਹੈ। ਜਿੱਥੇ ਇੱਕ ਪਾਸੇ ਮਰੀਜ਼ਾਂ ਨੂੰ ਦਵਾਈਆਂ ਬਾਹਰੋਂ ਲਿਖ ਕੇ ਦਿੱਤੀਆਂ ਜਾਂਦੀਆਂ ਹਨ ਉੱਥੇ ਹੀ ਦਵਾਈਆਂ ਦੇ ਸਟੋਰ ਰੂਮ ਵਿੱਚ ਚੂਹਿਆਂ ਅਤੇ ਚੋਰਾਂ ਦੇ ਲਈ ਹਸਪਤਾਲ ਦੇ ਖੁੱਲ੍ਹੇ ਦਰਵਾਜ਼ੇ ਰੱਖੇ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਈਟੀਵੀ ਭਾਰਤ ਵੱਲੋਂ ਪਿਛਲੇ ਸਮੇਂ ਤੋਂ ਮੁਹਾਲੀ ਦੇ 6 ਫੇਸ ਸਥਿਤ ਜ਼ਿਲ੍ਹਾ ਹਸਪਤਾਲ ਦੀਆਂ ਖਸਤਾ ਹਾਲਤ ਦੀਆਂ ਖ਼ਬਰਾਂ ਨੂੰ ਪ੍ਰਮੁੱਖਤਾ ਦੇ ਨਾਲ ਚੁੱਕਿਆ ਜਾ ਰਿਹਾ ਹੈ ਜਿਸ ਦਾ ਅਸਰ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਹੈ। ਇਸੇ ਲੜੀ ਦੇ ਤਹਿਤ ਹੀ ਜਦੋਂ ਈਟੀਵੀ ਭਾਰਤ ਨੇ ਖ਼ਬਰ ਕੀਤੀ ਸੀ ਕਿ ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਲਿਖ ਕੇ ਦਿੱਤੀਆਂ ਜਾ ਰਹੀਆਂ ਹਨ ਤਾਂ ਸਿਹਤ ਵਿਭਾਗ ਨੇ ਐਕਸ਼ਨ ਲੈਂਦੇ ਹੋਏ ਤੁਰੰਤ ਡਾਕਟਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਮਰੀਜ਼ਾਂ ਨੂੰ ਐਮਰਜੈਂਸੀ ਦੇ ਸਮੇਂ ਅੰਦਰੋਂ ਹੀ ਦਵਾਈਆਂ ਦਿੱਤੀਆਂ ਜਾਣ।
ਪਰ ਹੁਣ ਫਿਰ ਤੋਂ ਇੱਕ ਵਾਰ ਜਦੋਂ ਈਟੀਵੀ ਭਾਰਤ ਦੀ ਟੀਮ ਵੱਲੋਂ ਦਵਾਈਆਂ ਦੇ ਸਟੋਰ ਰੂਮ ਦੀ ਪੜਤਾਲ ਕੀਤੀ ਗਈ ਤਾਂ ਉਸ ਦਾ ਗੇਟ ਵੀ ਟੁੱਟਿਆ ਹੋਇਆ ਸੀ ਅਤੇ ਦਵਾਈਆਂ ਦੀ ਹਾਲਤ ਬਹੁਤ ਹੀ ਖਸਤਾ ਸੀ। ਦਵਾਈਆਂ ਚੂਹਿਆਂ ਅਤੇ ਗੰਦਗੀ ਦੇ ਵਿੱਚ ਗੱਲ ਸੜ ਰਹੀਆਂ ਸਨ। ਇੱਥੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਦਵਾਈਆਂ ਮਰੀਜ਼ਾਂ ਦਾ ਇਲਾਜ ਕਿਵੇਂ ਕਰਨਗੀਆਂ ਜੋ ਖ਼ੁਦ ਹੀ ਬਿਮਾਰੀ ਦਾ ਸ਼ਿਕਾਰ ਹੋਈਆਂ ਪਈਆਂ ਹਨ।
ਨਾਲ ਹੀ ਈਟੀਵੀ ਭਾਰਤ ਨੇ ਟਰਾਇਲ ਵੀ ਦਿਖਾਇਆ ਕਿ ਕਿਸ ਤਰ੍ਹਾਂ ਕੋਈ ਵੀ ਵਿਅਕਤੀ ਜਾਂ ਨਸ਼ੇੜੀ ਆ ਕੇ ਦਵਾਈਆਂ ਨੂੰ ਇੱਥੋਂ ਗ਼ਾਇਬ ਕਰ ਸਕਦਾ ਹੈ। ਇਸ ਬਾਰੇ ਮੁਹਾਲੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਹਸਪਤਾਲ ਦੇ ਵਿੱਚ ਅਸੀਂ ਕੋਈ ਵੀ ਨਸ਼ੀਲੀਆਂ ਦਵਾਈਆਂ ਨਹੀਂ ਰੱਖਦੇ। ਨਸ਼ੀਲੀਆਂ ਦਵਾਈਆਂ ਸਿਰਫ ਡੀ ਅਡਿਕਸ਼ਨ ਸੈਂਟਰ ਦੇ ਵਿੱਚ ਹੁੰਦੀਆਂ ਹਨ ਜੋ ਅਲੱਗ ਤੋਂ ਬਣਿਆ ਹੋਇਆ ਹੈ।